ਸੰਗਤ ਪੁਛਦੀ ਏ ਸਵਾਲ ਕੀ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਕਦੇ ਲੱਗਣਗੇ ਵੀ?
ਜਥੇਦਾਰਾਂ ਦੇ ਹੁਕਮ ਨੂੰ ਵੀ ਜਾਣਿਆਂ ਟਿੱਚ
ਤਰਨਤਾਰਨ, 27 ਅਪ੍ਰੈਲ (ਚਰਨਜੀਤ ਸਿੰਘ): ਦਰਬਾਰ ਸਾਹਿਬ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਨੂੰ ਲੈ ਕੇ ਸੰਗਤ ਵਿਚ ਇਕ ਵਾਰ ਫਿਰ ਤੋਂ ਚਰਚਾ ਹੈ। ਲੋਕ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਹੁਣ ਸਵਾਲ ਪੁੱਛਦੇ ਹਨ ਕਿ ਕੀ ਇਹ ਦਰਵਾਜ਼ੇ ਲਗਣਗੇ ਵੀ?ਸ਼੍ਰੋਮਣੀ ਕਮੇਟੀ ਨੇ ਸਾਲ 2010 ਵਿਚ ਮਤਾ ਪਾਸ ਕਰ ਕੇ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਨੂੰ ਬਣਾਉਣ ਦਾ ਜਿੰਮਾ ਬਾਬਾ ਕਸ਼ਮੀਰ ਸਿੰਘ ਨੂੰ ਸੌਂਪਿਆ ਸੀ। ਬਾਬੇ ਨੇ ਕਮੇਟੀ ਨਾਲ ਤੇ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਇਕ ਸਾਲ ਵਿਚ ਨਵੇਂ ਦਰਵਾਜ਼ੇ ਬਣਵਾ ਕੇ ਸੁਸ਼ੋਭਤ ਕਰ ਦਿਤੇ ਜਾਣਗੇ। ਇਹ ਦਰਵਾਜ਼ੇ ਸਿੱਖ ਰਾਜ ਦੇ ਆਖ਼ਰੀ ਸਾਲਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਿਆਨ ਸਿੰਘ ਡੋਗਰਾ ਦੀ ਦੇਖ-ਰੇਖ ਵਿਚ ਬਣਵਾਏ ਗਏ ਸਨ। ਦਰਵਾਜ਼ਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ 'ਤੇ ਹੋਈ ਨਾਕਾਸ਼ੀ, ਹਾਥੀ ਦੰਦ ਦਾ ਕੰਮ ਸਿੱਖ ਕਲਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਦਰਵਾਜਿਆਂ ਬਾਰੇ ਕਿਹਾ ਗਿਆ ਸੀ ਕਿ ਇਨ੍ਹਾਂ ਦੀ ਹਾਲਤ ਜ਼ਰਜ਼ਰ ਹੋ ਚੁੱਕੀ ਹੈ ਪਰ ਇਹ ਅਸਲੀਅਤ ਤੋਂ ਕੋਹਾਂ ਦੂਰ ਹੈ। ਬਾਬਾ ਕਸ਼ਮੀਰ ਸਿੰਘ ਨੂੰ ਬੀਤੇ ਸਾਲ ਜਥੇਦਾਰਾਂ ਦੀ ਮੀਟਿੰਗ ਵਿਚ ਜਥੇਦਾਰਾਂ ਨੇ ਵੀ ਕਿਹਾ ਸੀ ਕਿ ਤਿੰਨ ਮਹੀਨੇ ਵਿਚ ਦਰਵਾਜ਼ੇ ਲਗਾਵੇ ਪਰ ਸਿਆਸੀ ਅਸਰ ਰਸੂਖ ਰੱਖਣ ਵਾਲੇ ਬਾਬੇ ਨੇ ਜਥੇਦਾਰਾਂ ਦੇ ਹੁਕਮ ਨੂੰ ਟਿੱਚ ਸਮਝਿਆ। ਸਾਲ 2010 ਵਿਚ ਜਦ ਬਾਬੇ ਨੇ ਸ਼੍ਰੋਮਣੀ ਕਮੇਟੀ ਕੋਲੋ ਜਬਰੀ ਸੇਵਾ ਲਈ ਸੀ ਤਾਂ ਮਤੇ ਵਿਚ ਕਿਹਾ ਗਿਆ ਸੀ ਕਿ ਬਾਬਾ ਦਰਵਾਜ਼ਿਆਂ ਦੇ ਨਾਂ 'ਤੇ ਕਿਸੇ ਤਰ੍ਹਾਂ ਦੀ ਉਗਰਾਹੀ ਨਹੀਂ ਕਰੇਗਾ ਪਰ ਬਾਬੇ ਨੇ ਅਕਾਲ ਤਖ਼ਤ ਦੇ ਨੇੜੇ ਪਰਿਕਰਮਾ ਵਿਚ ਕੈਬਿਨ ਬਣਵਾ ਕੇ ਪੁਰਾਣੇ ਦਰਵਾਜ਼ੇ ਰੱਖ ਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿਤੇ ਜੋ ਅੱਜ ਵੀ ਜਾਰੀ ਹਨ।
ਦਰਵਾਜ਼ੇ ਨਾ ਲਗਾਉਣ ਪਿੱਛੇ ਬਾਬਾ ਤਰਕ ਦਿੰਦਾ ਹੈ ਕਿ ਹਾਥੀ ਦੰਦ ਨਹੀਂ ਮਿਲ ਰਿਹਾ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ। ਇਸ ਖੇਤਰ ਵਿਚ ਮਾਹਰ ਲੋਕਾਂ ਦੀ ਮੰਨੀ ਜਾਵੇ ਤੇ ਉਹ ਊਠ ਦੀ ਹੱਡੀ ਨਾਲ ਮੀਨਾਕਾਰੀ ਦੀਆਂ ਕਈ ਮਿਸਾਲਾਂ ਦਿੰਦੇ ਹਨ ਪਰ ਬਾਬਾ ਜ਼ਿੱਦ 'ਤੇ ਅੜਿਆ ਹੈ ਕਿ ਹਾਥੀ ਦੰਦ ਹੀ ਵਰਤਿਆ ਜਾਵੇਗਾ।ਚਰਚਾ ਇਹ ਵੀ ਰਹੀ ਕਿ ਇਹ ਦਰਵਾਜ਼ੇ ਸੋਮਨਾਥ ਮੰਦਰ ਦੇ ਹਨ ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਜਦ ਮੁਰਾਰਜੀ ਦੇਸਾਈ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਦਰਬਾਰ ਸਾਹਿਬ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਵੀ ਇਹ ਦਰਵਾਜ਼ੇ ਸੋਮਨਾਥ ਮੰਦਰ ਦੇ ਦੱਸੇ ਸਨ ਜਿਸ ਦਾ ਜਵਾਬ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਦਿਤਾ ਸੀ। ਸੇਵਾ ਵਿਚ ਹੋ ਰਹੀ ਦੇਰੀ ਪਿੱਛੇ ਕੁੱਝ ਲੋਕ ਇਹ ਵੀ ਤਰਕ ਦਿੰਦੇ ਹਨ ਕਿ ਦਰਵਾਜ਼ਿਆਂ ਨੂੰ ਲੈ ਕੇ ਪਈ ਮਿਥ ਤੋਂ ਉਤਸ਼ਾਹਤ ਹੋਏ ਸਿੱਖ ਵਿਰੋਧੀ ਇਹ ਦਰਵਾਜ਼ੇ ਸਦਾ ਲਈ ਸਿੱਖ ਮਾਨਸਿਕਤਾ ਵਿਚੋਂ ਕੱਢ ਦੇਣਾ ਚਾਹੁੰਦੇ ਸਨ, ਉਹ ਆਪ ਸਫ਼ਲ ਨਹੀਂ ਹੋਏ। ਉਨ੍ਹਾਂ ਇਸ ਕੰਮ ਲਈ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ ਵਰਤ ਲਿਆ।