ਜਦੋਂ ਤੋਂ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਇਆ ਹਾਂ ਮੇਰੇ ਕੰਮ ਨਹੀਂ ਕੀਤੇ ਜਾ ਰਹੇ : ਵੇਈਂ ਪੂਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੇ ਨਿਜਾਮ ਵਿਚ ਸਿਆਸੀ ਦਖ਼ਲ-ਅੰਦਾਜ਼ੀ ਅਤੇ ਸਿਆਸੀ ਵਖਰੇਵਿਆਂ ਦੀ ਮਿਸਾਲ ਪੇਸ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈ

Balwinder Singh Wayne Pui

ਅੰਮ੍ਰਿਤਸਰ, : ਸ਼੍ਰੋਮਣੀ ਕਮੇਟੀ ਦੇ ਨਿਜਾਮ ਵਿਚ ਸਿਆਸੀ ਦਖ਼ਲ-ਅੰਦਾਜ਼ੀ ਅਤੇ ਸਿਆਸੀ ਵਖਰੇਵਿਆਂ ਦੀ ਮਿਸਾਲ ਪੇਸ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਲੋੜਵੰਦਾਂ ਨੂੰ ਦਿਤੀਆਂ ਜਾਂਦੀਆਂ ਗ੍ਰਾਂਟਾਂ ਇਸ ਕਰ ਕੇ ਬੰਦ ਕੀਤੀਆਂ ਗਈਆਂ ਹਨ ਕਿਉਂਕਿ ਉਹ ਅਕਾਲੀ ਦਲ ਬਾਦਲ ਛੱਡ ਕੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਸਨ। 

ਅੱਜ ਗੱਲ ਕਰਦਿਆਂ ਸ. ਵੇਈਂ ਪੂਈ ਨੇ ਕਿਹਾ ਕਿ ਉਹ ਜਦ ਦੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਏ ਹਨ ਉਸ ਦਿਨ ਤੋਂ ਉਨ੍ਹਾਂ ਦੇ ਨਾ ਤਾਂ ਕੰਮ ਕੀਤੇ ਜਾ ਰਹੇ ਹਨ ਤੇ ਨਾ ਹੀ ਉਨ੍ਹਾਂ ਵਲੋਂ ਜਾਰੀ ਗ੍ਰਾਂਟਾਂ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਕਮੇਟੀ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕੀਤੀ ਸੀ ਪਰ ਉਨ੍ਹਾਂ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ ਹਰ ਮੈਂਬਰ ਵਲੋਂ ਮੰਗੀ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਪਰ ਅੱਜ ਇਸ ਗੱਲ ਨੂੰ ਵੀ ਕਾਫ਼ੀ ਸਮਾਂ ਲੰਘ ਗਿਆ ਹੈ ਤੇ ਗ੍ਰਾਂਟ ਜਾਰੀ ਨਹੀਂ ਹੋਈ। 

ਉਨ੍ਹਾਂ ਕਿਹਾ ਕਿ ਮੇਰਾ ਸਿਆਸੀ ਗ੍ਰਾਫ਼ ਨੀਵਾਂ ਕਰਨ ਲਈ ਅਲਵਿੰਦਰਪਾਲ ਸਿੰਘ ਪਖੋਕੇ ਅਤੇ ਕਮੇਟੀ ਦੇ ਜਰਨਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ ਮੇਰੇ ਹਲਕੇ ਦੇ ਲੋਕਾਂ ਨੂੰ ਭਰਮਾ ਰਹੇ ਹਨ। ਸ. ਵੇਈਂ ਪੂਈ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਧਰਮ ਪ੍ਰਚਾਰ ਦੇ ਸਕੱਤਰ ਨੇ ਕਿਹਾ ਸੀ ਕਿ ਹਾਈ ਕਮਾਂਡ ਦੇ ਹੁਕਮ ਹਨ ਮੈਂ ਬੇਬਸ ਹਾਂ। ਅੱਜ ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜੇ ਸ. ਵੇਈਂ ਪੂਈ ਨੂੰ ਐਡੀਸ਼ਨਲ ਸਕੱਤਰ ਧਰਮ ਪ੍ਰਚਾਰ ਸ. ਬਿਜੈ ਸਿੰਘ ਬਾਦੀਆਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਗੱਲ ਕਰ ਕੇ ਉਨ੍ਹਾਂ ਦੇ ਰੁਕੇ ਸਾਰੇ ਕੰਮ ਕਰਵਾਏ ਜਾਣਗੇ।