ਲੋੜ ਅਨੁਸਾਰ ਮਹੱਤਵਪੂਰਨ ਹੁੰਦਾ ਸੀ ਬਾਉਲੀ ਸਭਿਆਚਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਣੀ ਤਾਂ ਹਰ ਜੀਵ ਦੀ ਮੁਢਲੀ ਜ਼ਰੂਰਤ ਹੈ। ਬਿਨਾਂ ਪਾਣੀ ਕਿਸੇ ਵੀ ਜੀਵ ਦਾ ਜਿਊਂਦਾ ਰਹਿਣਾ ਮੁਸ਼ਕਿਲ ਹੈ।

Photo

ਪਾਣੀ ਤਾਂ ਹਰ ਜੀਵ ਦੀ ਮੁਢਲੀ ਜ਼ਰੂਰਤ ਹੈ। ਬਿਨਾਂ ਪਾਣੀ ਕਿਸੇ ਵੀ ਜੀਵ ਦਾ ਜਿਊਂਦਾ ਰਹਿਣਾ ਮੁਸ਼ਕਿਲ ਹੈ। ਇਹੀ ਕਾਰਨ ਸੀ ਕਿ ਮਨੁੱਖ ਸ਼ੁਰੂ ਤੋਂ ਹੀ ਪਾਣੀ ਦੀ ਮਹੱਤਤਾ ਨੂੰ ਸਮਝਦਾ ਆਇਆ  ਹੈ ਤੇ ਅਪਣੀ ਵਸੋਂ ਪਾਣੀ ਦੇ ਸੋਮਿਆਂ ਪਾਸ ਹੀ ਰਖਦਾ ਰਿਹਾ। ਸੱਭ ਪਿੰਡ ਤੇ ਸ਼ਹਿਰ ਪਾਣੀ ਦੇ ਦਰਿਆਵਾਂ ਦੇ ਪਾਸ  ਬਣਾਉਣਾ ਇਸ ਗੱਲ ਦੀ ਗਵਾਹੀ ਭਰਦਾ ਹੈ।

ਇਥੋਂ ਤਕ ਕਿ ਪੁਰਾਤਨ ਸਮਿਆਂ ਵਿਚ ਵੀ ਲੋਕ ਪਾਣੀ ਦੇਵਤੇ ਦੀ ਪੂਜਾ ਕਰਦੇ ਆਏ ਹਨ। ਸਿੱਖ ਇਤਿਹਾਸ ਵਿਚ ਤਾਂ ਪਾਣੀ ਨੂੰ ਪਿਤਾ ਦੇ ਬਰਾਬਰ ਦਾ ਦਰਜਾ ਦਿਤਾ ਗਿਆ ਹੈ। ਇਸ ਲਈ ਇਹ ਜ਼ਰੂਰੀ ਹੁੰਦਾ ਸੀ ਕਿ ਮਨੁੱਖ ਵਲੋਂ ਪਾਣੀ ਦੇ ਨਵੇਂ-ਨਵੇਂ ਸੋਮੇ ਲੱਭੇ ਜਾਣ ਤੇ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਕੀਤੀ ਜਾਵੇ। ਇਸ ਕੰਮ ਲਈ ਮਨੁੱਖਾਂ ਨੇ ਖੂਹ ਪੁੱਟਣੇ, ਤਲਾਬ ਬਣਾਉਣੇ ਜਾਂ ਨਹਿਰਾਂ ਨਾਲਿਆਂ ਰਾਹੀਂ ਪਾਣੀ ਨੂੰ ਪ੍ਰਯੋਗ ਕਰਨ ਲਈ ਸੰਭਾਲ ਕਰਨੀ ਜ਼ਰੂਰੀ ਸਮਝਿਆ।

ਭਾਰਤ ਵਰਗੇ ਦੇਸ਼ ਵਿਚ ਤਾਂ ਮੌਸਮ ਵੀ ਕਈ ਰੰਗ ਵਿਖਾਉਂਦਾ ਹੈ, ਕਦੇ ਡੋਬਾ ਤੇ ਕਦੇ ਸੌਕੇ ਵਾਲੀ ਹਾਲਤ ਬਣ ਜਾਂਦੀ ਹੈ। ਇਸ ਲਈ ਸੰਕਟ ਦੇ ਦਿਨਾਂ ਲਈ, ਪਾਣੀ ਦੀ ਸੰਭਾਲ ਜ਼ਰੂਰੀ ਹੁੰਦੀ ਸੀ। ਅਜਿਹਾ ਕਰਨ ਨਾਲ ਮਨੁੱਖਾਂ, ਜੀਵ-ਜੰਤੂਆਂ ਜਾਂ ਪਸ਼ੂਆਂ ਨੂੰ ਵਰਤਣ ਯੋਗ ਪਾਣੀ ਮਿਲਦਾ ਰਹਿੰਦਾ ਸੀ। 16ਵੀਂ ਤੇ 17ਵੀਂ ਸ਼ਤਾਬਦੀ ਵਿਚ ਇਸ ਪਾਸੇ ਵਲ ਖਾਸ ਧਿਆਨ ਦਿਤਾ ਗਿਆ। ਜਦੋਂ ਦੇਸ਼ ਵਿਚ ਮੁਗ਼ਲ ਰਾਜ ਕਾਲ ਦੇ ਸਮੇਂ ਇਮਾਰਤ ਉਸਾਰੀ ਤੇ ਵਿਸ਼ੇਸ਼ ਧਿਆਨ ਦਿਤਾ ਜਾਂਦਾ ਸੀ ਤਾਂ ਮਨੁੱਖ ਲਈ ਪਾਣੀ ਦਾ ਪ੍ਰਬੰਧ ਕਰਨਾ ਵੀ ਮੁੱਖ ਲੋੜ ਹੁੰਦੀ ਸੀ।

ਇਸ ਤਰ੍ਹਾਂ ਕਰਨ ਨਾਲ ਪੰਜਾਬ ਵਿਚ ਵੀ ਨਵੇਂ ਖੂਹ ਲਗਾਉਣੇ ਕਾਫ਼ੀ ਹਰਮਨ ਪਿਆਰੇ ਬਣੇ। ਪਰ ਇਸ ਦੇ ਨਾਲ ਹੀ ਇਕ ਹੋਰ ਵਿਸ਼ੇਸ਼ ਸਭਿਆਚਾਰ ਨੇ ਜਨਮ ਲਿਆ ਜਿਸ ਨੂੰ ਬਾਉਲੀ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ। ਬਾਉਲੀ ਦਾ ਮੰਤਵ ਵੀ ਪਾਣੀ ਦੀ ਪ੍ਰਾਪਤੀ ਹੀ ਹੁੰਦਾ ਸੀ ਪਰ ਇਹ ਖ਼ੂਹ ਨਾਲੋ ਕੁੱਝ ਹੱਟ ਕੇ ਸੀ ਕਿਉਂਕਿ ਬਾਉਲੀ ਵਿਚੋਂ ਪਾਣੀ ਲੈਣ ਲਈ ਜ਼ਮੀਨੀ ਤਲ ਤੋਂ ਕਾਫ਼ੀ ਹੇਠ ਜਾ ਕੇ ਪਾਣੀ ਤਕ ਪਹੁੰਚਣਾ ਹੁੰਦਾ ਸੀ। ਪਰ ਪਾਣੀ ਲਿਆਉਣ ਲਈ ਬਾਉਲੀ ਦਾ ਰਸਤਾ ਢਲਾਣ ਦੇ ਰੂਪ ਵਿਚ ਬਣਾਇਆ ਜਾਂਦਾ ਸੀ ਤਾਕਿ ਉਤਰਨ ਤੇ ਚੜ੍ਹਨ ਸਮੇਂ ਆਸਾਨੀ ਬਣੀ ਰਹੇ।

ਸਿੱਖ ਇਤਿਹਾਸ ਵਿਚ ਤਾਂ ਗੁਰੂ ਸਾਹਿਬਾਨ ਵਲੋਂ ਬਣਾਈਆਂ ਗਈਆਂ ਬਹੁਤ ਸਾਰੀਆਂ ਬਾਉਲੀਆਂ ਦਾ ਵਰਨਣ ਮਿਲਦਾ ਹੈ। ਇਨ੍ਹਾਂ ਵਿਚ ਸੱਭ ਤੋਂ ਮਹੱਤਵਪੂਰਣ ਬਾਉਲੀ ਸਿੱਖ ਧਰਮ ਦਾ ਧੂਰਾ ਰਹੇ ਸ੍ਰੀ ਗੋਇੰਦਵਾਲ ਦੀ ਹੈ। ਜਦੋਂ ਸੰਮਤ 1616 ਵਿਚ ਪਾਣੀ ਦੀ ਥੁੜ ਨੂੰ ਮਹਿਸੂਸ ਕਰਦੇ ਹੋਏ ਇਥੇ ਇਕ ਸਾਫ਼ ਪਾਣੀ ਦੀ ਬਾਉਲੀ ਬਣਾਉਣ ਦਾ ਕੰਮ ਅਰੰਭਿਆ। ਇਸ ਨੇਕ ਕੰਮ ਲਈ ਪਹਿਲਾ ਟੱਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ ਗਿਆ। ਇਸ ਦੀ ਸੇਵਾ ਸਾਧ ਸੰਗਤ ਵੀ ਕਰਦੀ ਰਹੀ ਤੇ ਦਿਹਾੜੀਦਾਰ ਰਾਜ ਮਿਸਤਰੀ ਵੀ।

ਇਸ ਬਾਉਲੀ ਦੀ ਖ਼ੁਦਾਈ ਸਮੇਂ ਭਾਈ ਜੇਠਾ ਜੀ, ਜੋ ਬਾਅਦ ਵਿਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣੇ, ਸਿਰ ਉਤੇ ਟੋਕਰੀ ਵੀ ਢੋਂਹਦੇ ਰਹੇ ਤੇ ਇਸ ਕਾਰਜ ਦੀ ਪੂਰੀ-ਪੂਰੀ ਨਿਗਰਾਨੀ ਵੀ ਕਰਦੇ ਰਹੇ। ਇਹ ਬਾਉਲੀ ਸੰਮਤ 1621 ਵਿਚ ਸਪੂਰਨ ਹੋਈ ਤੇ ਪਾਣੀ ਦੇ ਤਲ ਤਕ ਪੁੱਜਣ ਲਈ 84 ਪੌੜੀਆਂ ਬਣਾਈਆਂ ਗਈਆਂ ਹਨ। ਇਹ ਬਾਉਲੀ ਸਪੂਰਨ ਹੋਣ ਤੋਂ ਥੋੜੀ ਦੇਰ ਬਾਅਦ ਗੁਰੂ ਘਰ ਦੇ ਇਕ ਪ੍ਰੇਮੀ ਸਿੱਖ, ਭਾਈ ਪਾਰੋ ਪਰਮ ਹੰਸ ਦੀ ਤਜਵੀਜ਼ ਮੰਨ ਕੇ ਗੁਰੂ ਜੀ ਨੇ ਗੋਇੰਦਵਾਲ ਵਿਖੇ ਵੈਸਾਖੀ ਦਾ ਜੋੜ ਮੇਲਾ ਸ਼ੁਰੂ ਕੀਤਾ ਤੇ ਇਥੇ ਵੈਸਾਖੀ ਦਾ ਪਹਿਲਾ ਮੇਲਾ ਸੰਮਤ 1624 ਵਿਚ ਲੱਗਾ।

ਇਸੇ ਤਰ੍ਹਾਂ ਦੀ ਇਕ ਬਾਉਲੀ ਛੇਵੇਂ ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵਲੋਂ ਰੋਪੜ ਵਿਖੇ ਬਣਾਏ ਜਾਣ ਦਾ ਜ਼ਿਕਰ ਮਿਲਦਾ ਹੈ ਜਿਥੇ ਅਜਕਲ ਗੁਰਦੁਆਰਾ ਸ੍ਰੀ ਸਦਾ ਵਰਤ ਸਾਹਿਬ ਸੁਸ਼ੋਭਿਤ ਹੈ ਪਰ ਇਹ ਬਾਉਲੀ ਬਹੁਤੀ ਡੁੰਘੀ ਨਹੀਂ ਹੈ ਤੇ ਅਜਕਲ ਕਾਫ਼ੀ ਮੁਰੰਮਤ ਮੰਗਦੀ ਹੈ। ਇਸੇ ਤਰ੍ਹਾਂ ਦੀ ਇਹ ਬਹੁਤ ਹੀ ਮਹੱਤਵਪੂਰਨ ਬਾਉਲੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਵਿਖੇ, ਗੁਰੂ ਜੀ ਦੇ ਇਥੇ ਰਹਿੰਦੇ ਸਮੇਂ ਸਿੱਖ-ਫ਼ੌਜਾਂ ਲਈ ਪਾਣੀ ਦੀ ਪੂਰਤੀ ਲਈ ਬਣਾਈ ਗਈ ਸੀ ਜੋ ਪਹਿਲਾ ਖੂਹ ਦੀ ਸ਼ਕਲ ਵਿਚ ਹੀ ਸੀ। ਇਸ ਦੀ ਡੂੰਘਾਈ ਇਸ ਦਾ ਉੱਚੀ ਥਾਂ ਤੇ ਹੋਣ ਕਰ ਕੇ ਬਹੁਤ ਜ਼ਿਆਦਾ ਹੈ।

ਇਸੇ ਤਰ੍ਹਾਂ ਦੀ ਇਕ ਬਾਉਲੀ ਸ੍ਰੀ ਗੋਬਿੰਦ ਸਿੰਘ ਜੀ ਦੇ ਪਾਉਂਟਾ ਸਾਹਿਬ ਤੋਂ ਵਾਪਸੀ ਸਮੇਂ ਦੀ ਯਾਦ ਵਿਚ ਪਿੰਡ ਢਕੌਲੀ (ਨੇੜੇ ਜ਼ੀਰਕਪੁਰ) ਵਿਖੇ ਸਥਿਤ ਹੈ। ਇਸੇ ਬਾਉਲੀ ਦੀਆਂ ਪੌੜੀਆਂ ਕਾਫ਼ੀ ਚੌੜੀਆਂ ਬਣਾਈਆਂ ਗਈਆਂ ਹਨ। ਜਿਸ ਤਰ੍ਹਾਂ ਪਹਿਲਾਂ ਦਸਿਆ ਗਿਆ ਹੈ ਕਿ ਆਮ ਕਰ ਕੇ ਇਹ ਬਾਉਲੀਆਂ ਖ਼ਾਸ ਕਰ ਕੇ ਮੁਗ਼ਲ ਰਾਜ ਕਾਲ ਸਮੇਂ ਜ਼ਿਆਦਾਤਾਰ ਬਣਾਈਆਂ ਗਈਆਂ ਹਨ।

ਇਸ ਤਰ੍ਹਾਂ ਦੀ ਹੀ ਇਕ ਬਹੁਤ ਹੀ ਪ੍ਰਸਿੱਧ ਬਾਉਲੀ ਪੁਰਾਣੀ ਦਿੱਲੀ ਵਿਖੇ ਨਜ਼ਾਮੁਦੀਨ ਔਲੀਆ ਦੀ ਸਰਾਏ ਦੇ ਨੇੜੇ ਬਣੀ ਹੋਈ ਹੈ। ਜਦੋਂ ਮੁਗ਼ਲਾਂ ਨੇ ਪੁਰਾਣੀ ਦਿੱਲੀ ਦੇ ਰਿਹਾਇਸ਼ੀ ਮਕਾਨਾਂ ਨੂੰ ਪੀਣ ਲਈ ਅਤੇ ਦੂਜੀਆਂ ਜ਼ਰੂਰਤਾਂ ਲਈ ਪਾਣੀ ਦੀ ਸਪਲਾਈ ਲਈ ਨਹਿਰਾਂ ਦਾ ਪ੍ਰਬੰਧ ਕੀਤਾ ਤੇ ਇਸ ਨੂੰ ਵਧੀਆ ਨਿਕਾਸੀ ਦਾ ਪ੍ਰਬੰਧ ਕੀਤਾ ਅਤੇ ਇਸ ਨੂੰ ਵਧੀਆ ਨਿਕਾਸੀ ਸਿਸਟਮ ਵਿਚ ਪੱਕਾ ਕੀਤਾ ਤਾਂ ਹੌਲੀ-ਹੌਲੀ ਵਿਚ ਨਹਿਰਾਂ ਆਦਿ ਟੁੱਟਣ ਲਗੀਆਂ ਤਾਂ ਉਨ੍ਹਾਂ ਨੇ ਪਾਣੀ ਲਈ ਖੂਹਾਂ ਤੇ ਬਾਉਲੀਆਂ ਦਾ ਸਹਾਰਾ ਲਿਆ। ਉਸ ਸਮੇਂ ਦਿੱਲੀ ਦੀ ਆਬਾਦੀ ਵਿਚ ਚੌਖਾ ਵਾਧਾ ਹੋ ਰਿਹਾ ਸੀ। 19ਵੀਂ ਸਦੀ ਦੇ ਅੰਤ ਵਿਚ ਮੁਗ਼ਲਾਂ ਨੇ ਅਪਣੇ ਨਿਕਾਸੀ ਪ੍ਰਬੰਧ ਬੰਦ ਕਰ ਕੇ ਖੁਲ੍ਹੇ ਮੂੰਹ ਵਾਲੇ ਨਾਲਿਆਂ ਨੂੰ ਅਪਣਾਇਆ ਪਰ ਬਾਅਦ ਵਿਚ ਇਹ ਨਾਲੇ ਵੀ ਨਿਕਾਸੀ ਲਈ ਬਹੁਤ ਕਾਮਯਾਬ ਨਹੀਂ ਹੋਏ।          

ਸੰਪਰਕ : 98764-52223