ਬੀਬੀ ਅਨੂਪ ਕੌਰ ਤੇ ਬੀਬੀ ਬਸੰਤ ਲਤਾ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਸ ਵਰਗੀਆਂ ਬੀਬੀਆਂ ਕਿਤੇ ਵਿਰਲੀਆਂ ਹੀ ਦਿਸਦੀਆਂ ਹਨ।

File Photo

ਉਹ ਬਦਨੁਮਾ ਦਾਗ਼ ਨਾ ਮਿਟਣਾ ਸੀ ਮਾਈ ਭਾਗੋ ਦੀ ਜੇ ਵੰਗਾਰ ਨਾ ਹੁੰਦੀ,
ਕੌਣ ਜਾਣਦਾ ਸ਼ੇਰਨੀਆਂ ਦੇ ਜਜ਼ਬਿਆਂ ਨੂੰ ਅਨੂਪ ਕੌਰ ਦੀ ਜੇ ਕਟਾਰ ਨਾ ਹੁੰਦੀ,

ਮੈਂ ਅਪਣੀ ਜ਼ਿੰਦਗੀ ਦਾ ਸੱਭ ਤੋਂ ਮਹੱਤਵਪੂਰਨ ਦਿਨ ਉਹ ਗਿਣਦੀ ਹਾਂ, ਜਦੋਂ ਕ੍ਰਿਪਾਲ ਸਿੰਘ ਬਡੂੰਗਰ ਸਾਹਬ ਨੇ ਮੈਨੂੰ ''ਸਿੱਖ ਕੌਮ ਦੇ ਮਾਣ ਦੀ ਪ੍ਰਤੀਕ-ਬੀਬੀ ਅਨੂਪ ਕੌਰ ਐਵਾਰਡ'' ਨਾਲ ਨਿਵਾਜਿਆ ਸੀ। ਉਸ ਦਿਨ ਸਿਰ ਤੇ ਮਣਾਂ ਮੂੰਹੀਂ ਭਾਰ ਮਹਿਸੂਸ ਹੋਇਆ ਸੀ ਕਿਉਂਕਿ ਬੀਬੀ ਅਨੂਪ ਕੌਰ ਚੀਤੇ ਵਰਗੀ ਫ਼ੁਰਤੀਲੀ ਤੇ ਤਲਵਾਰ ਦੇ ਘੁਮਾਊਦਾਰ ਵਾਰ ਦੀ ਧਨੀ ਸੀ। ਕੀ ਘੁੜਸਵਾਰੀ ਤੇ ਕੀ ਨੇਜ਼ੇ ਦਾ ਵਾਰ, ਕੋਈ ਉਸ ਦਾ ਸਾਨੀ ਨਹੀਂ ਸੀ।

ਉਸ ਵਰਗੀਆਂ ਬੀਬੀਆਂ ਕਿਤੇ ਵਿਰਲੀਆਂ ਹੀ ਦਿਸਦੀਆਂ ਹਨ। ਸੰਨ 1690 ਵਿਚ ਅੰਮ੍ਰਿਤਸਰ ਨੇੜੇ ਜਾਲੂਪੁਰ ਖੇੜੇ ਪਿੰਡ ਵਿਚ ਲਛਮਨ ਦਾਸ ਸੋਢੀ ਦੇ ਘਰ ਜਨਮੀ ਇਹ ਬੀਬੀ ਅਪਣੇ ਮਾਪਿਆਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਦੀ ਸੇਵਾ ਲਈ ਸਮਰਪਤ ਸੀ। ਇਸੇ ਲਈ ਇਹ ਬੱਚੀ ਸਾਹਿਬਜ਼ਾਦਿਆਂ ਨਾਲ ਖੇਡਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਧੀ ਬਣ ਗਈ ਸੀ। ਅਨੂਪ ਕੌਰ ਨੇ ਅਪਣੇ ਹਾਣ ਦੀਆਂ ਕਈ ਹੋਰ ਕੁੜੀਆਂ ਨੂੰ ਸ੍ਰੀਰਕ ਪੱਖੋਂ ਤਗੜੇ ਕਰਨ ਲਈ ਕਸਰਤਾਂ ਤੇ ਹਥਿਆਰਾਂ ਦੀ ਵਰਤੋਂ ਦੇ ਨਾਲ ਘੁੜਸਵਾਰੀ ਵੀ ਸਿਖਾਈ। ਬਹਾਦਰੀ ਦੀ ਅਦੁੱਤੀ ਮਿਸਾਲ ਬੀਬੀ ਅਨੂਪ ਕੌਰ ਨੇ ਅਨੇਕ ਮੁਗ਼ਲਾਂ ਦੀਆਂ ਟੁਕੜੀਆਂ ਨੂੰ ਵੱਢ ਸੁੱਟਿਆ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਬਚਾਉਣ ਲਈ ਜਾਂਦੀ ਰਾਹ ਵਿਚ 200 ਮੁਗ਼ਲ ਸਿਪਾਹੀਆਂ ਨਾਲ ਲੜਦੀ ਜ਼ਖ਼ਮੀ ਹੋਈ ਤਾਂ ਕੈਦ ਕਰ ਲਈ ਗਈ।

ਉਸ ਦੀ ਖ਼ੂਬਸੂਰਤੀ ਵੇਖ ਮਲੇਰਕੋਟਲੇ ਦਾ ਨਵਾਬ ਉਸ ਦਾ ਆਸ਼ਕ ਬਣ ਗਿਆ ਤੇ ਨਿਕਾਹ ਕਰਵਾਉਣ ਲਈ ਜ਼ੋਰ ਪਾਉਣ ਲੱਗ ਪਿਆ। ਸਿੰਘਣੀ ਅਨੂਪ ਕੌਰ ਨੇ ਸਾਰੇ ਐਸ਼ੋ-ਆਰਾਮ ਨੂੰ ਲੱਤ ਮਾਰਦਿਆਂ ਅਪਣੇ ਆਪ ਨੂੰ ਜੇਲ ਦੇ ਪਹਿਰੇਦਾਰ ਦੀ ਕਟਾਰ ਨਾਲ ਖ਼ੁਦ ਨੂੰ ਵੱਢ ਲਿਆ ਤੇ ਸਿੰਘਣੀ ਹੀ ਰਹਿ ਕੇ ਮਰਨਾ ਕਬੂਲ ਕੀਤਾ। ਉਸ ਨੂੰ ਭਾਵੇਂ ਚੁੱਪ ਚਪੀਤੇ ਦਫ਼ਨਾ ਦਿਤਾ ਗਿਆ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਅਦ ਵਿਚ ਉਸ ਦਾ ਦਾਹ ਸਸਕਾਰ ਕੀਤਾ। ਇਹੋ ਜਹੀਆਂ ਅਸੂਲਾਂ ਦੀਆਂ ਧਨੀ ਵੀਰਾਂਗਣਾਂ ਸਦਕਾ ਹੀ ਅੱਜ ਤਕ ਸਿੱਖ ਧਰਮ ਕਾਇਮ ਰਹਿ ਸਕਿਆ ਹੈ।

ਬਸੰਤ ਲਤਾ : ਇਹ ਬੀਬੀ ਮਾਤਾ ਸਾਹਿਬ ਕੌਰ ਜੀ ਦੀ ਸੇਵਾਦਾਰ ਸੀ। ਬੇਮਿਸਾਲ ਬਹਾਦਰੀ ਦੀ ਜਿਊਂਦੀ ਜਾਗਦੀ ਮੂਰਤ ਬੀਬੀ ਲਤਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗਿਆਂ ਮੁਗ਼ਲਾਂ ਦੇ ਹੱਥੇ ਚੜ੍ਹ ਗਈ ਸੀ। ਜਦੋਂ ਤਕ ਹਿੰਮਤ ਰਹੀ, ਉਹ ਟਾਕਰਾ ਕਰਦੀ ਰਹੀ ਤੇ ਅਖ਼ੀਰ ਜ਼ਖ਼ਮੀ ਹਾਲਤ ਵਿਚ ਬੇਹੋਸ਼ ਹੋ ਗਈ। ਇਸ ਦੀ ਬਹਾਦਰੀ ਤੇ ਖ਼ੂਬਸੂਰਤੀ ਵੇਖ ਕੇ ਸੂਬੇਦਾਰ ਨੇ ਕੈਦ ਕਰ ਕੇ ਉਸ ਨੂੰ ਨਿਕਾਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ। ਇਹ ਬੀਬੀ ਸਿੱਖੀ ਸਿਧਾਂਤਾਂ ਨੂੰ ਇਸ ਤਰ੍ਹਾਂ ਪ੍ਰਣਾਈ ਹੋਈ ਸੀ ਕਿ ਇਸਲਾਮ ਕਬੂਲ ਕਰਨ ਦੇ ਹਰ ਲਾਲਚ ਨੂੰ ਇਸ ਨੇ ਠੁਕਰਾ ਦਿਤਾ। ਬੀਬੀ ਬਸੰਤ ਲਤਾ ਨੂੰ ਦੋ ਦਿਨ ਭੁੱਖੇ ਰੱਖ ਕੇ 72 ਘੰਟੇ ਲਗਾਤਾਰ ਚੱਕੀ ਪਿਸਵਾਈ ਗਈ। ਉਸ ਤੋਂ ਬਾਅਦ ਕੋੜੇ ਵੀ ਮਾਰੇ ਗਏ, ਪਰ ਬੀਬੀ ਥਿੜਕੀ ਨਾ।

ਬੀਬੀ ਦੇ ਪਹਿਰੇਦਾਰ ਨੇ ਵੀ ਉਸ ਨੂੰ ਮੌਤ ਦਾ ਡਰਾਵਾ ਦਿੰਦਿਆਂ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ ਤਾਂ ਬੀਬੀ ਬਸੰਤ ਨੇ ਗ਼ਰਜ਼ ਕੇ ਕਿਹਾ, ''ਸੂਰਵੀਰਾਂ ਦਾ ਜਨਮ ਬਹਾਦਰ ਮਾਵਾਂ ਦੇ ਕੁੱਖੋਂ ਹੀ ਹੋਇਆ ਕਰਦਾ ਹੈ। ਸਿੱਖ ਧਰਮ ਦੀਆਂ ਮਾਵਾਂ ਬੱਬਰ ਸ਼ੇਰਨੀਆਂ ਹੁੰਦੀਆਂ ਹਨ। ਮੇਰੇ ਵਰਗੀਆਂ ਨੂੰ ਦੌਲਤ ਦਾ ਲਾਲਚ ਅਪਣੇ ਮਕਸਦ ਤੋਂ ਹਿਲਾ ਨਹੀਂ ਸਕਦਾ। ਸਾਡੇ ਕੁੱਖੋਂ ਜਨਮੇ ਤਾਂ ਭੁੱਖੇ ਭਾਣੇ ਘੋੜਿਆਂ ਉਤੇ ਬੈਠੇ ਦਿਨ ਰਾਤ ਜੰਗਲਾਂ ਵਿਚ ਪਹਿਰਾ ਦਿੰਦੇ ਅਪਣੇ ਗੁਰੂ ਉਤੇ ਕੁਰਬਾਨ ਹੋਣ ਲਈ ਤਿਆਰ-ਬਰ-ਤਿਆਰ ਦਿਸਦੇ ਹਨ। ਅਸੀ ਤਾਂ ਆਖ਼ਰੀ ਸਾਹ ਵੀ ਰਣ-ਭੂਮੀ ਵਿਚ ਜੂਝਦੇ ਅਪਣੇ ਗੁਰੂ ਲਈ ਵਾਰਨ ਵਾਲੇ ਹਾਂ।

ਅਪਣੀ ਦੌਲਤ ਅਪਣੇ ਕੋਲ ਰੱਖੋ। ਮੇਰਾ ਜਨਮ ਸਾਰਥਕ ਤਾਂ ਹੀ ਹੋਵੇਗਾ ਜੇ ਮੈਂ ਗੁਰੂ ਲਈ ਜਾਨ ਵਾਰ ਦੇਵਾਂ।'' ਪਹਿਰੇਦਾਰ ਨਾਲ ਗੱਲ ਕਰਦੀ ਨੇ ਕਦੋਂ ਚਲਾਕੀ ਨਾਲ ਪਹਿਰੇਦਾਰ ਦੀ ਕਮਰ ਨਾਲ ਬੰਨ੍ਹੀ ਛੁਰੀ ਖਿੱਚ ਲਈ, ਉਸ ਨੂੰ ਪਤਾ ਹੀ ਨਾ ਲਗਿਆ! ''ਇਹ ਜਨਮ ਮੇਰੇ ਗੁਰੂ ਦੇ ਲੇਖੇ'' ਕਹਿੰਦਿਆਂ ਉਸ ਨੇ ਝੱਟ ਛੁਰੇ ਨਾਲ ਅਪਣਾ ਗਲਾ ਵੱਢ ਲਿਆ। ਇਸ ਤੋਂ ਪਹਿਲਾਂ ਕਿ ਪਹਿਰੇਦਾਰ ਦਰਵਾਜ਼ਾ ਖੋਲ੍ਹਦਾ, ਬੀਬੀ ਬਸੰਤ ਕੌਰ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਬੀਬੀ ਬਸੰਤ ਲਤਾ ਦਾ ਬੁਲੰਦ ਹੌਸਲਾ ਵੇਖ ਕੇ ਸੂਬੇਦਾਰ ਹਿੱਲ ਗਿਆ। ਉਸ ਨੂੰ ਸਿੱਖ ਬੀਬੀਆਂ ਦੀ ਮਾਨਸਕ ਤਾਕਤ ਦਾ ਅੰਦਾਜ਼ਾ ਹੋ ਗਿਆ।

ਡਰਦਿਆਂ ਉਸ ਨੇ ਇਕ ਹਿੰਦੂ ਔਰਤ ਨੂੰ ਬੀਬੀ ਲਤਾ ਦਾ ਸਸਕਾਰ ਕਰਨ ਦਾ ਹੁਕਮ ਦਿਤਾ। ਉਸ ਦੇ ਸਸਕਾਰ ਵੇਲੇ ਜਦੋਂ ਉਸ ਦੇ ਕਪੜੇ ਫਰੋਲੇ ਤਾਂ ਉਸ ਵਿਚ ਮਾਤਾ ਸਾਹਿਬ ਕੌਰ ਜੀ ਲਈ ਪੈਗ਼ਾਮ ਸੀ-'ਇਹ ਜਨਮ ਤੁਹਾਡੇ ਲੇਖੇ। ਅਗਲਾ ਜਨਮ ਫਿਰ ਸਿੱਖੀ ਚੋਲੇ ਵਿਚ ਹੀ ਲੈਣਾ ਚਾਹਾਂਗੀ। ਕੋਈ ਗ਼ਲਤੀ ਹੋ ਗਈ ਹੋਵੇ ਤਾਂ ਖ਼ਿਮਾ ਕਰਨਾ!' ਇਹ ਬੀਬੀਆਂ ਭੁੱਲੀਆਂ ਵਿਸਰੀਆਂ ਸਿੱਖ ਵੀਰਾਂਗਣਾਂ ਬਣ ਚੁਕੀਆਂ ਹਨ। ਭਾਈ ਵੀਰ ਸਿੰਘ ਜੀ ਨੇ ਬੀਬੀ ਬਸੰਤ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ। ਕੀ ਕਦੇ ਕਿਸੇ ਨੂੰ ਖ਼ਿਆਲ ਆਇਆ ਹੈ, ਜੇ ਉਸ ਸਮੇਂ ਦੀਆਂ ਕੈਦ ਹੋਈਆਂ ਸਿੱਖ ਵੀਰਾਂਗਣਾਂ, ਜਿਨ੍ਹਾਂ ਵਿਚੋਂ ਬਥੇਰੀਆਂ ਹਿੰਦੂ ਤੇ ਮੁਸਲਮਾਨ ਪ੍ਰਵਾਰਾਂ ਦੀਆਂ ਧੀਆਂ ਸਨ।

ਪਰ ਸਿੱਖੀ ਸੋਚ ਨੂੰ ਪ੍ਰਣਾਈਆਂ ਹੋਈਆਂ ਸਨ ਅਤਿ ਦੇ ਤਸ਼ਦਦ ਸਹਿੰਦੀਆਂ, ਮੁਗ਼ਲਾਂ ਦੀ ਕੈਦ ਵਿਚ ਇਸਲਾਮ ਕਬੂਲ ਕਰ ਲੈਂਦੀਆਂ ਤਾਂ ਹਿੰਦੁਸਤਾਨ ਦਾ ਕੀ ਹਸ਼ਰ ਹੋਣਾ ਸੀ? ਪੂਰੇ ਹਿੰਦੁਸਤਾਨ ਉਤੇ ਮੁਗ਼ਲਾਂ ਦਾ ਰਾਜ ਹੁੰਦਾ ਤੇ ਹਰ ਥਾਈਂ ਮੁਗ਼ਲਾਂ ਦੇ ਹਰਮ ਹੁੰਦੇ। ਚੁਫ਼ੇਰੇ 'ਹਰਾਮ' ਦੀ ਔਲਾਦ ਦਿਸਦੀ। ਇਹ ਸਿਰਫ਼ ਚੜ੍ਹਦੀ ਕਲਾ ਤੇ ਮਨੁੱਖੀ ਹੱਕਾਂ ਦੇ ਘਾਣ ਵਿਰੁਧ ਚੁੱਕੀ ਬੁਲੰਦ ਆਵਾਜ਼ ਹੀ ਸੀ ਜਿਸ ਸਦਕਾ ਸਿੱਖ ਗੁਰੂਆਂ ਦੀ ਸੋਚ ਨਾਲ ਉਸ ਸਮੇਂ ਦੀਆਂ ਔਰਤਾਂ ਅੰਦਰ ਅਜਿਹੀ ਮਿਸਾਲੀ ਹਿੰਮਤ ਜਾਗ੍ਰਿਤ ਹੋਈ ਜਿਸ ਨੇ ਹਿੰਦੁਸਤਾਨ ਦੀ ਤਵਾਰੀਖ਼ ਬਦਲ ਕੇ ਰੱਖ ਦਿਤੀ।

ਇਸੇ ਲਈ ਹਰ ਹਿੰਦੁਸਤਾਨੀ ਦਾ ਫ਼ਰਜ਼ ਹੈ ਕਿ ਇਨ੍ਹਾਂ ਅੱਗੇ ਨਤਮਸਤਕ ਹੋਵੇ। ਬੀਬੀ ਅਨੂਪ ਕੌਰ ਦਾ ਜ਼ਿਕਰ ਤਾਂ ਫਿਰ ਕਦੇ ਨਾ ਕਦੇ, ਕਿਤੇ ਨਾ ਕਿਤੇ ਹੋ ਜਾਂਦਾ ਹੈ ਪਰ ਬੀਬੀ ਬਸੰਤ ਲਤਾ ਅਸੀ ਉੱਕਾ ਹੀ ਇਤਿਹਾਸ ਦੇ ਪੰਨਿਆਂ ਵਿਚੋਂ ਗ਼ਾਇਬ ਕਰ ਦਿਤੀ ਹੈ। ਸਿਰਫ਼ ਇਹੀ ਨਹੀਂ, ਹੋਰ ਵੀ ਹਜ਼ਾਰਾਂ ਹਨ ਜਿਹੜੀਆਂ ਤਸ਼ਦਦ ਸਹਿੰਦੀਆਂ ਦਮ ਤੋੜ ਗਈਆਂ ਪਰ ਉਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਅਸੀ ਉਨ੍ਹਾਂ ਸਾਰੀਆਂ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੋਇਆ ਹੈ। ਚੇਤੇ ਰਖਿਉ :

ਜੇ ਮਾਵਾਂ ਅਸੀ ਭੁਲਾ ਦਿਤੀਆਂ,
ਸਰਾਭੇ ਪੈਦਾ ਨਹੀਂ ਹੋਣੇ,
ਜੇ ਕੁੱਖਾਂ ਅਸੀ ਗੁਆ ਛੱਡੀਆਂ,
ਮਹਾਰਾਜੇ ਪੈਦਾ ਨਹੀਂ ਹੋਣੇ।

ਸੰਪਰਕ : 0175-2216783