ਅਮਰੀਕੀ ਫ਼ੌਜੀ ਅਫ਼ਸਰ ਨੇ ਸੇਵਾਮੁਕਤੀ ਮੌਕੇ ਕਰਵਾਈ ਅਰਦਾਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਦੇ ਫ਼ੌਜੀ ਅਫ਼ਸਰ ਦੀ ਸੇਵਾਮੁਕਤੀ ਮੌਕੇ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲਿਆ। ਅਪਣੀ ਸੇਵਾਮੁਕਤੀ ਮੌਕੇ ਉਸ ਨੇ ਸਿੱਖ ਧਰਮ ਅਨੁਸਾਰ ਕੀਤੀ ਜਾਂਦੀ ਅਰਦਾਸ ....

Darbar Sahib

ਵਾਸ਼ਿੰਗਟਨ: ਅਮਰੀਕਾ ਦੇ ਫ਼ੌਜੀ ਅਫ਼ਸਰ ਦੀ ਸੇਵਾਮੁਕਤੀ ਮੌਕੇ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲਿਆ। ਅਪਣੀ ਸੇਵਾਮੁਕਤੀ ਮੌਕੇ ਉਸ ਨੇ ਸਿੱਖ ਧਰਮ ਅਨੁਸਾਰ ਕੀਤੀ ਜਾਂਦੀ ਅਰਦਾਸ ਕਰਵਾਉਣ ਦੀ ਮੰਗ ਰੱਖ ਦਿਤੀ। ਸੇਵਾਮੁਕਤ ਅਫ਼ਸਰ ਦੀ ਇਸ ਮੰਗ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰਦਿਆਂ ਈਕੋ ਸਿੱਖ ਗ਼ੈਰ-ਸਰਕਾਰੀ ਸੰਸਥਾ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਅਰਦਾਸ ਕੀਤੀ ਅਤੇ ਪੰਡਾਲ ਵਿਚ ਮੌਜੂਦ ਲੋਕਾਂ ਨੂੰ ਅੰਗ੍ਰੇਜ਼ੀ ਵਿਚ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਬਾਣੀ 'ਚੋਂ ਕੁੱਝ ਪੰਕਤੀਆਂ ਪੜ੍ਹਨ ਮਗਰੋਂ ਉਨ੍ਹਾਂ ਦੀ ਵਿਆਖਿਆ ਕਰ ਕੇ ਸੁਣਾਈ ਗਈ।

ਇਸ ਮੌਕੇ ਉਨ੍ਹਾਂ ਆਖਿਆ ਕਿ ਇਰਾਕ ਵਿਚ ਅਮਰੀਕਨ ਫ਼ੌਜੀ ਅਫਸਰ ਸਿੱਖਾਂ ਦੇ ਨੇੜੇ ਆਏ ਅਤੇ ਸਿੱਖ ਧਰਮ ਬਾਰੇ ਇਲਮ ਹੋਣ ਤੋਂ ਬਾਅਦ ਉਹ ਬਹੁਤ ਪ੍ਰਭਾਵਤ ਹੋਏ। ਇਸ ਤੋਂ ਬਾਅਦ ਉਨ੍ਹਾਂ ਸਿੱਖ ਧਰਮ ਬਾਰੇ ਖ਼ੁਦ ਖੋਜ ਕੀਤੀ ਅਤੇ ਸਿੱਖੀ ਬਾਰੇ ਹੋਰ ਗਹਿਰਾਈ ਨਾਲ ਜਾਣਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਹੀ ਉਨ੍ਹਾਂ ਕਿਹਾ ਕਿ ਅਫ਼ਸਰ ਨੇ ਅਪਣਾ ਮਨ ਬਣਾ ਲਿਆ ਕਿ ਸਿੱਖ ਧਰਮ ਦੀ ਅਰਦਾਸ ਅਪਣੀ ਸੇਵਾਮੁਕਤੀ ਮੌਕੇ ਲਾਜ਼ਮੀ ਕਰਵਾਉਣਗੇ।

ਡਾ. ਰਾਜਵੰਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਉਨ੍ਹਾਂ ਨੇ ਸਮੁੱਚੇ ਸਿੱਖ ਧਰਮ ਨੂੰ ਵਖਰੇ ਭਾਈਚਾਰੇ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਸਿੱਖ ਧਰਮ ਦੇ ਮੁਢਲੇ ਅਸੂਲਾਂ ਬਾਰੇ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਅਮਰੀਕੀ ਫ਼ੌਜੀ ਅਫ਼ਸਰ ਦੇ ਨਾਲ ਦੇ ਅਮਰੀਕਨ ਫ਼ੌਜੀ ਅਫ਼ਸਰਾਂ ਤੇ ਉਨ੍ਹਾਂ ਦੇ ਸਮੂਹ ਪਰਵਾਰਾਂ ਦੇ ਇਕੱਠ ਵਿਚ ਸਿੱਖ ਧਰਮ ਬਾਰੇ ਅਤੇ ਗੁਰੂ ਨਾਨਕ ਬਾਰੇ ਦੱਸਣ ਦਾ ਉਨ੍ਹਾਂ ਨੂੰ ਸੁਨਹਿਰੀ ਮੌਕਾ ਮਿਲਿਆ।  (ਏਜੰਸੀ)