ਮੀਂਹ ਕਾਰਨ ਝੀਲ ਬਣੀ ਵਿਰਾਸਤੀ ਗਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਦਲ-ਭਾਜਵਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਕਰੀਬ 300 ਕਰੋੜ ਰੁਪਏ ਖ਼ਰਚ ਕਰ ਕੇ ਬਣਾਈ ਗਈ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਸਾਉਣ ਦੇ ਮੀਂਹ ਵਿਚ ਝੀਲ...............

Heritage Street

ਤਰਨਤਾਰਨ : ਅਕਾਲੀ ਦਲ-ਭਾਜਵਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਕਰੀਬ 300 ਕਰੋੜ ਰੁਪਏ ਖ਼ਰਚ ਕਰ ਕੇ ਬਣਾਈ ਗਈ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਸਾਉਣ ਦੇ ਮੀਂਹ ਵਿਚ ਝੀਲ ਦਾ ਰੂਪ ਧਾਰ ਗਈ। ਲਗਭਗ ਪੌਣਾ ਕਿਲੋਮੀਟਰ ਦਾ ਇਹ ਇਲਾਕਾ ਬਰਸਾਤੀ ਪਾਣੀ ਵਿਚ ਡੁੱਬ ਗਿਆ। ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਦੇਰ ਰਾਤ ਤਕ ਜਾਰੀ ਰਹੀਆਂ। ਇਸ ਵਿਰਾਸਤੀ ਗਲੀ ਬਣੀ ਨੂੰ 2 ਸਾਲ ਹੀ ਹੋਏ ਹਨ ਤੇ ਇਸ ਦੇ ਨਿਰਮਾਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਪਣੀ ਪਿੱਠ ਆਪ ਹੀ ਥਾਪੜ ਕੇ ਕਿਹਾ ਸੀ ਕਿ ਉਨ੍ਹਾਂ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ ਨੂੰ ਵਧੀਆ ਤੋਹਫ਼ਾ ਦਿਤਾ ਹੈ

ਪਰ ਲਗਦਾ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮੌਸਮ ਤੇ 10 ਸਾਲ ਤਕ ਉਨ੍ਹਾਂ ਦੇ ਹੀ ਰਾਜ ਵਿਚ ਕੰਮ ਕਰਦੀ ਅੰਮ੍ਰਿਤਸਰ ਨਗਰ ਨਿਗਮ ਦੀ ਅਫ਼ਸਰਸ਼ਾਹੀ ਦੀ ਕਾਰਗੁਜ਼ਾਰੀ ਦਾ ਪਤਾ ਨਹੀਂ ਸੀ। ਬਾਦਲ ਨੂੰ ਜਦ ਇਸ ਵਿਰਾਸਤੀ ਗਲੀ ਦੇ ਨਕਸ਼ੇ ਵਿਖਾਏ ਗਏ ਸਨ ਤਾਂ ਉਨ੍ਹਾਂ ਵਿਚ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀ ਤੇ ਨਾ ਹੀ ਮਨੁੱਖੀ ਲੋੜ ਲਈ ਪਖ਼ਾਨੇ ਹੀ ਰੱਖੇ ਗਏ ਸਨ।

ਹੋਰ ਤੇ ਹੋਰ ਕਰੀਬ ਪੋਣਾ ਕਿਲੋਮੀਟਰ ਦੂਰ ਦਰਬਾਰ ਸਾਹਿਬ ਤਕ ਪੁੱਜਣ ਲਈ ਬਜ਼ੁਰਗਾਂ, ਛੋਟੇ ਬੱਚੇ ਤੇ ਅਪਾਹਜ਼ ਕਿਸ-ਕਿਸ ਮੁਸ਼ਕਲ ਦਾ ਸਾਹਮਣਾ ਕਰਨਗੇ, ਇਸ ਦੀ ਵੀ ਕੋਈ ਜਾਣਕਾਰੀ ਨਹੀਂ ਦਸੀ ਗਈ। ਇਸ ਇਲਾਕੇ ਦੇ ਪਾਣੀ ਤੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੀ ਨਹੀਂ ਸਮਝੀ ਗਈ ਜਿਸ ਦਾ ਨਤੀਜਾ ਇਹ ਵਿਰਾਸਤੀ ਗਲੀ ਹੁਣ ਭੁਗਤ ਰਹੀ ਹੈ। ਇਸ ਗਲੀ ਦੀ ਉਸਾਰੀ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਪੀਡਬਲਯੂਡੀ ਵਿਭਾਗ ਦਾ ਕੋਈ ਅਧਿਕਾਰੀ ਹੁਣ ਬੋਲਣ ਲਈ ਤਿਆਰ ਨਹੀਂ।