1981 ਦੇ ਜਹਾਜ਼ ਅਗ਼ਵਾ ਮਾਮਲੇ ਵਿਚ ਦੋ ਸਿੱਖ ਹਾਈਜੈਕਰ ਹੋਏ ਬਰੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ 37 ਸਾਲ ਪੁਰਾਣੇ ਜਹਾਜ਼ ਅਗ਼ਵਾ ਮਾਮਲੇ ਵਿਚ ਦਲ ਖ਼ਾਲਸਾ ਜਥੇਬੰਦੀ ਦੇ ਆਗੂਆਂ...

Satnam singh, tejinderpal singh and kanwarpal singh

ਨਵੀਂ ਦਿੱਲੀ, 27 ਅਗੱਸਤ (ਅਮਨਦੀਪ ਸਿੰਘ): ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ 37 ਸਾਲ ਪੁਰਾਣੇ ਜਹਾਜ਼ ਅਗ਼ਵਾ ਮਾਮਲੇ ਵਿਚ ਦਲ ਖ਼ਾਲਸਾ ਜਥੇਬੰਦੀ ਦੇ ਆਗੂਆਂ ਸ.ਤਜਿੰਦਰਪਾਲ ਸਿੰਘ ਤੇ ਸ.ਸਤਨਾਮ ਸਿੰਘ ਪਾਉਂਟਾ ਸਾਹਿਬ ਨੂੰ ਬਰੀ ਕਰ ਦਿਤਾ। ਇਸ ਮਾਮਲੇ ਵਿਚ ਦੋਵੇਂ ਪਹਿਲਾਂ ਹੀ ਪਾਕਿਸਤਾਨ ਦੀ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਚੁਕੇ ਹਨ। 


ਇਥੋਂ ਦੀ ਪਟਿਆਲਾ ਹਾਊਸ ਜ਼ਿਲ੍ਹਾ ਅਦਾਲਤ ਵਿਚ ਵਧੀਕ ਜ਼ਿਲ੍ਹਾ ਜੱਜ ਅਜੇ ਪਾਂਡੇ ਨੇ ਖਚਾਖਚ ਭਰੇ ਅਦਾਲਤੀ ਕਮਰੇ ਵਿਚ ਅੱਜ ਦੁਪਹਿਰ ਠੀਕ 12:30 ਵਜੇ ਦੋਵਾਂ ਅਖੌਤੀ ਦੋਸ਼ੀਆਂ ਨੂੰ 'ਭਾਰਤ ਵਿਰੁਧ ਜੰਗ ਛੇੜਨ' ਦੇ ਮੁਕੱਦਮੇ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ। ਜੱਜ ਨੇ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ,“ਜਾਉ, ਆਪਕੋ ਬਰੀ ਕੀਆ।'' ਪਿਛੋਂ ਅਦਾਲਤ ਵਿਚੋਂ ਨਿਕਲ ਕੇ, ਸਿੰਘਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡੇ। 


ਪੂਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਅਹਿਮ ਫ਼ੈਸਲੇ ਵੱਲ ਟਿਕੀਆਂ ਹੋਈਆਂ ਸਨ, ਕਿਉਂਕਿ ਦੋਵੇਂ ਹਾਈਜੈਕਰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੋਗ ਚੁਕੇ ਹਨ। ਚੇਤੇ ਰਹੇ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿਰੁਧ ਤੇ ਸਿੱਖਾਂ 'ਤੇ ਹੋ ਰਹੇ ਜ਼ੁਲਮ ਵਲ ਦੁਨੀਆਂ ਦਾ ਧਿਆਨ ਖਿੱਚਣ ਲਈ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਅਹੁਦੇਦਾਰ ਸ.ਗਜਿੰਦਰ ਸਿੰਘ, ਸ.ਸਤਨਾਮ ਸਿੰਘ ਪਾਉਂਟਾ ਸਾਹਿਬ, ਸ.ਤਜਿੰਦਰਪਾਲ ਸਿੰਘ, ਸ.ਕਰਨ ਸਿੰਘ ਤੇ ਸ.ਜਸਬੀਰ ਸਿੰਘ ਨੇ ਅੱਜ ਤੋਂ 37 ਸਾਲ ਪਹਿਲਾਂ 29 ਸਤੰਬਰ 1981 ਨੂੰ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਇੰਡੀਅਨ ਏਅਰਲਾਈਨਜ਼ ਦੇ 111 ਯਾਤਰੂਆਂ ਤੇ 6 ਪਾਇਲਟਾਂ ਨਾਲ ਭਰੇ ਜਹਾਜ਼

ਨੂੰ ਅਗ਼ਵਾ ਕਰ ਕੇ, ਲਾਹੌਰ, ਪਾਕਿਸਤਾਨ ਲੈ ਗਏ ਸਨ, ਪਰ ਕਿਸੇ ਵੀ ਯਾਤਰੂ ਨੂੰ ਕੋਈ ਜਾਨੀ ਨੁਕਸਾਨ ਨਹੀਂ ਸੀ ਪਹੁੰਚਾਇਆ। ਪਿਛੋਂ ਪਾਕਿਸਤਾਨ ਵਿਚ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅੱਜ ਫ਼ੈਸਲਾ ਸੁਣਾਏ ਜਾਣ ਤੋਂ ਤਕਰੀਬਨ ਪੌਣੇ ਦੋ ਘੰਟੇ ਪਹਿਲਾਂ ਹੀ ਪਟਿਆਲਾ ਹਾਊਸ ਅਦਾਲਤੀ ਕੰਪਲੈਕਸ ਵਿਚ ਦੋਵੇਂ ਸ.ਸਤਨਾਮ ਸਿੰਘ ਤੇ ਸ.ਤਜਿੰਦਰਪਾਲ ਸਿੰਘ ਸਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਭਾਈ ਤਰਸੇਮ ਸਿੰਘ, ਦਲ ਖ਼ਾਲਸਾ ਆਗੂ  ਸ.ਕੰਵਰਪਾਲ ਸਿੰਘ, ਸ.ਹਰਪਾਲ ਸਿੰਘ ਚੀਮਾ, ਸ.ਸਰਬਜੀਤ ਸਿੰਘ ਘੁੰਮਾਣ, ਮਨੁੱਖੀ ਹਕੂਕ ਕਾਰਕੁਨ ਪ੍ਰੋ.ਜਗਮੋਹਨ

ਸਿੰਘ ਪੁੱਜੇ ਹੋਏ ਸਨ। ਫ਼ੈਸਲਾ ਸੁਣਾਏ ਜਾਣ ਮੌਕੇ ਐਡਵੋਕੇਟ ਮਨਿੰਦਰ ਸਿੰਘ, ਜਸਲੀਨ ਕੌਰ ਤੇ ਹਰਪ੍ਰੀਤ ਸਿੰਘ ਹੌਰਾ, ਦਿੱਲੀ ਗੁਰਦਵਾਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਜੀ ਤੇ ਮੈਂਬਰ ਸ.ਵਿਕਰਮ ਸਿੰਘ ਰੋਹਿਣੀ ਅਦਾਲਤ ਵਿਚ ਹਾਜ਼ਰ ਸਨ। ਪਿਛੋਂ ਦਿੱਲੀ ਕਮੇਟੀ ਮੈਂਬਰ ਸ.ਅਵਤਾਰ ਸਿੰਘ ਹਿਤ, ਚਮਨ ਸਿੰਘ ਸ਼ਾਹਪੁਰਾ ਆਦਿ ਪੁੱਜੇ। ਫ਼ੈਸਲਾ ਆਉਣ ਤੋਂ ਪਹਿਲਾਂ ਦੋਵੇਂ ਸਿੱਖ ਹਾਈਜੈਕਰਾਂ ਦੇ ਚਿਹਰਿਆਂ 'ਤੇ ਚਿੰਤਾ ਦੇ ਭਾਵ ਜ਼ਰੂਰ ਸਨ, ਪਰ ਫਿਰ ਵੀ ਦੋਵੇਂ ਚੜ੍ਹਦੀ ਕਲਾ ਵਿਚ ਸਨ।


ਰਿਹਾਈ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਸਤਨਾਮ ਸਿੰਘ ਤੇ ਸ.ਤਜਿੰਦਰਪਾਲ ਸਿੰਘ ਨੇ ਜਿਥੇ ਅਦਾਲਤ ਦੇ ਫ਼ੈਸਲੇ ਨੂੰ ਉਸਾਰੂ ਦਸਿਆ, ਉਥੇ ਉਨ੍ਹਾਂ ਇਸ ਮੁਕੱਦਮੇ ਨੂੰ ਲੜਨ ਵਿਚ ਮਦਦ ਕਰਨ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉਚੇਚਾ ਧਨਵਾਦ ਕੀਤਾ। ਬਰੀ ਹੋਣ ਪਿਛੋਂ ਦੋਹਾਂ ਹਾਈਜੈਕਰਾਂ ਨੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਜਾ ਕੇ ਮੱਥਾ ਟੇਕਿਆ ਜਿਥੇ ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ.ਸਤਨਾਮ ਸਿੰਘ ਨੇ ਕਿਹਾ, “ਪੂਰੀ ਸਿੱਖ ਕੌਮ ਦੀਆਂ ਨਜ਼ਰਾਂ ਇਸ ਕੇਸ 'ਤੇ ਲੱਗੀਆਂ ਹੋਈਆਂ ਸਨ ਕਿਉਂਕਿ ਪਿਛਲੇ ਦਹਾਕਿਆਂ ਦੌਰਾਨ ਸਿੱਖਾਂ ਨਾਲ

ਨਿਆਂਪਾਲਿਕਾਂ ਵਲੋਂ ਨਾਇਨਸਾਫ਼ੀ ਹੁੰਦੀ ਆਈ ਹੈ।'' ਸ.ਤਜਿੰਦਰਪਾਲ ਸਿੰਘ ਨੇ ਕਿਹਾ, “ਸਿੱਖ ਕੌਮ ਲਈ ਵਖਰੇ ਆਜ਼ਾਦ ਘਰ ਦੀ ਕਾਇਮੀ ਲਈ ਸਾਡੀ ਪੁਰਅਮਨ ਜੰਗ ਜਾਰੀ ਰਹੇਗੀ।'''ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ.ਸਤਨਾਮ ਸਿੰਘ ਪਾਉਂਟਾ ਸਾਹਿਬ ਦੀ ਜੀਵਨ ਸਾਥਣ ਬੀਬੀ  ਪਰਮਿੰਦਰ ਕੌਰ ਨੇ ਕਿਹਾ, “ਵਾਹਿਗੁਰੂ ਦਾ ਸ਼ੁਕਰ ਹੈ ਕਿ ਦੋਵੇਂ ਸਿੰਘ ਬਰੀ ਹੋ ਗਏ ਹਨ। ਹੁਣ ਇਹ ਬੇਫ਼ਿਕਰ ਹੋ ਕੇ, ਪੂਰੇ ਜੋਸ਼ ਨਾਲ ਮੁੜ ਪੰਥ ਦੀ ਸੇਵਾ ਕਰ ਸਕਣਗੇ।''

ਦਲ ਖ਼ਾਲਸਾ ਦੇ ਬੁਲਾਰੇ ਸ.ਕੰਵਰਪਾਲ ਸਿੰਘ ਨੇ ਕਿਹਾ, “ਭਾਵੇਂ ਪਿਛਲੇ 37 ਸਾਲ ਤੋਂ ਸਿੱਖ ਕੌਮ ਨੂੰ ਜੁਡੀਸ਼ਰੀ ਦੇ ਕੌੜੇ ਤਜ਼ਰਬੇ ਹੋਏ ਹਨ, ਉਸ ਨੂੰ ਵੇਖਦੇ ਹੋਏ ਦੋ ਸਿੰਘਾਂ ਨੂੰ ਬਰੀ ਕਰ ਕੇ, ਜੁਡੀਸ਼ਰੀ ਨੇ ਅਪਣਾ ਵਕਾਰ ਬਹਾਲ ਰੱਖਣ ਵਲ ਕਦਮ ਹੀ ਪੁਟਿਆ ਹੈ।'' ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ ਨੇ ਦੋਵਾਂ ਹਾਈਜੈਕਰਾਂ ਦੇ ਬਰੀ ਹੋਣ ਨੂੰ ਸਿੱਖਾਂ ਦੀ ਵੱਡੀ ਜਿੱਤ ਦਸਿਆ ਹੈ। ਪ੍ਰੋ.ਐਸ.ਆਰ. ਗਿਲਾਨੀ ਨੇ ਦੋਵਾਂ ਆਗੂਆਂ ਨੂੰ ਮਿਲ ਕੇ ਵਧਾਈ ਦਿਤੀ।