ਗੁਰਗੱਦੀ ਪੁਰਬ 'ਤੇ ਵਿਸ਼ੇਸ਼ : ਸੀਤਲਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਸਿੱਖ ਕੌਮ ਦੀ ਅਗਵਾਈ, ਪ੍ਰਚਾਰ ਤੇ ਪਸਾਰ ਦੀ ਜ਼ਿੰਮੇਵਾਰੀ ਨੂੰ ਪੰਚਮ ਪਾਤਸ਼ਾਹ ਜੀ ਨੇ ਬੜੇ ਲਾਸਾਨੀ ਢੰਗ ਨਾਲ ਅੱਗੇ ਵਧਾਇਆ

Sri Guru Arjan Dev Ji

'ਸ਼ਹੀਦਾਂ ਦੇ ਸਿਰਤਾਜ' ਵਜੋਂ ਸਤਿਕਾਰੇ ਜਾਂਦੇ ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਗੁਰਗੱਦੀ ਦਿਵਸ ਹੈ, ਜਿਹਨਾਂ ਦਾ ਜੀਵਨ ਕਾਲ ਸਿੱਖ ਇਤਿਹਾਸ ਲਈ ਬੜਾ ਅਹਿਮ ਸਾਬਤ ਹੋਇਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਸਿੱਖ ਕੌਮ ਦੀ ਅਗਵਾਈ, ਪ੍ਰਚਾਰ ਤੇ ਪਸਾਰ ਦੀ ਜ਼ਿੰਮੇਵਾਰੀ ਨੂੰ ਪੰਚਮ ਪਾਤਸ਼ਾਹ ਜੀ ਨੇ ਬੜੇ ਲਾਸਾਨੀ ਢੰਗ ਨਾਲ ਅੱਗੇ ਵਧਾਇਆ। ਉਹਨਾਂ ਦਾ ਜੀਵਨ ਅਤੇ ਹੱਥੀਂ ਸੰਪੂਰਨ ਕੀਤੇ ਮਹਾਨ ਕਾਰਜ ਸਿੱਖ ਇਤਿਹਾਸ ਦੇ ਨਿਰਣਾਇਕ ਪੜਾਅ ਸਾਬਤ ਹੋਏ।   

ਸ੍ਰੀ ਤਰਨ ਤਾਰਨ ਸਾਹਿਬ ਅਤੇ ਕਰਤਾਰਪੁਰ ਨਗਰ ਵਸਾਉਣ ਦੇ ਨਾਲ-ਨਾਲ, ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਵੀ ਪੰਜਵੇਂ ਸਤਿਗੁਰਾਂ ਦੇ ਹੱਥੋਂ ਹੀ ਹੋਈ। ਇਸ ਨਾਲ ਸਿੱਖ ਕੌਮ ਨੂੰ ਰਹਿਨੁਮਾਈ ਦਾ ਕੇਂਦਰੀ ਅਸਥਾਨ ਪ੍ਰਾਪਤ ਹੋਇਆ ਅਤੇ ਇਹਨਾਂ ਨਗਰਾਂ ਵਿੱਚ ਆਵਾਜਾਈ ਤੇ ਵਪਾਰ ਦੇ ਵਾਧੇ ਨਾਲ ਸਿੱਖਾਂ ਦੀ ਆਰਥਿਕ ਤਰੱਕੀ ਦੇ ਰਾਹ ਵੀ ਖੁੱਲ੍ਹੇ।  

ਸ੍ਰੀ ਆਦਿ ਗ੍ਰੰਥ ਦੀ ਸੰਪਾਦਨਾ ਪੰਚਮ ਪਾਤਸ਼ਾਹ ਜੀ ਦੇ ਹੱਥੋਂ ਨੇਪਰੇ ਚੜ੍ਹਿਆ ਇੱਕ ਹੋਰ ਮਹਾਨ ਕਾਰਜ ਸੀ, ਜਿਸ ਨਾਲ ਗੁਰੂ ਸਾਹਿਬਾਨ, ਭਗਤਾਂ ਤੇ ਭੱਟਾਂ ਦੀ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਬਾਣੀ ਨੂੰ ਇਕੱਤਰ ਕਰਕੇ ਭਵਿੱਖ ਲਈ ਸੰਜੋਇਆ ਗਿਆ। ਨਾਲ ਹੀ, ਬਾਰਹਮਾਹ, ਬਾਵਨ ਅੱਖਰੀ ਅਤੇ ਵਾਰਾਂ ਦੀ ਰਚਨਾ ਸਦਕਾ ਗੁਰਮਤਿ ਸਾਹਿਤ 'ਚ ਪੰਜਵੇਂ ਸਤਿਗੁਰਾਂ ਨੇ ਵਡਮੁੱਲਾ ਯੋਗਦਾਨ ਪਾਇਆ, ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਦਰਜ ਹੈ।

ਸੁਖਮਨੀ ਸਾਹਿਬ ਦੀ ਪਾਵਨ ਸੁਖਦਾਈ ਬਾਣੀ ਪੰਜਵੇਂ ਪਾਤਸ਼ਾਹ ਜੀ ਦੀ ਮਹਾਨ ਰਚਨਾ ਹੈ। ਇਸ ਬਾਣੀ 'ਚ ਸਤਿਗੁਰਾਂ ਨੇ ਜਗਿਆਸੂ ਮਨ ਨੂੰ ਅਧਿਆਤਮ ਦਾ ਮਾਰਗ ਦਰਸਾਉਂਦੇ ਹੋਏ, ਸੱਚੀ ਤੇ ਨਿਰੋਲ ਭਗਤੀ ਰਾਹੀਂ ਪਰਮਾਤਮਾ ਅਤੇ ਅਸਲ ਸੁੱਖ ਦੀ ਪ੍ਰਾਪਤੀ ਬਾਰੇ ਚਾਨਣ ਪਾਇਆ ਹੈ।

ਸਿੱਖ ਕੌਮ 'ਚ ਸ਼ਹਾਦਤ ਦੀ ਜੜ੍ਹ ਲਾਉਣ ਵਾਲੇ ਵੀ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਹੀ ਹਨ। ਉਹ ਸਿੱਖ ਕੌਮ ਦੇ ਪਹਿਲੇ ਸ਼ਹੀਦ ਹਨ ਅਤੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਦੀ ਸ਼ਹਾਦਤ ਉਪਰੰਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਭਵਿੱਖ ਲਈ ਮਜ਼ਬੂਤ ਬਣਾਉਣ ਵਾਸਤੇ ਸਰੀਰਕ ਤੰਦਰੁਸਤੀ ਅਤੇ ਸ਼ਸਤਰ ਵਿੱਦਿਆ ਦਾ ਧਾਰਨੀ ਹੋਣ ਦੀ ਸੇਧ ਦਿੱਤੀ।  

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰੰਭੀ ਸਿੱਖੀ ਨੂੰ ਪੰਚਮ ਪਾਤਸ਼ਾਹ ਜੀ ਨੇ ਬੜੇ ਵਿਲੱਖਣ ਤੇ ਪ੍ਰੇਰਨਾਮਈ ਢੰਗ ਨਾਲ ਅੱਗੇ ਵਧਾਇਆ। ਸ਼ਹੀਦਾਂ ਦੇ ਸਿਰਤਾਜ, ਸੁਖਮਨੀ ਸਾਹਿਬ ਦੀ ਸੁਖਦਾਈ ਬਾਣੀ ਦੇ ਰਚਨਹਾਰ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਤਹਿ ਦਿਲੋਂ ਵਧਾਈਆਂ।