ਭਾਰਤ ਸਰਕਾਰ ਵੀਜ਼ਾ ਪ੍ਰਕਿਰਿਆ ਦਾ ਕੰਮ ਛੇਤੀ ਸ਼ੁਰੂ ਕਰਵਾਏ: ਅਕਾਲੀ ਦਲ ਸੰਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੀਡਰਾਂ ਨੇ ਕਿਹਾ ਕਿ ਸਿੱਖਾਂ ਨੂੰ ਅਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ|

Shiromani Akali Dal (Sanyukt)

 

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਨੇਡਾ ਨਾਲ ਮਸਲਾ ਹੱਲ ਕਰਵਾਉਣ ਦੀ ਅਪੀਲ ਕਰਨ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਾਰਟੀ ਦੇ ਆਗੂਆਂ ਨੇ ਵੀ ਭਾਰਤ ਸਰਕਾਰ ਤੋਂ ਕੈਨੇਡਾ ਲਈ ਵੀਜ਼ਾ ਪ੍ਰਕਿਰਿਆ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ| ਇਸ ਦੌਰਾਨ ਲੀਡਰਾਂ ਨੇ ਕਿਹਾ ਕਿ ਸਿੱਖਾਂ ਨੂੰ ਅਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ| ਇਤਿਹਾਸ ਸਿੱਖ ਕੌਮ ਵਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਲਈ ਸੱਭ ਤੋਂ ਵੱਡੀਆਂ ਕੁਰਬਾਨੀਆਂ ਦੇ ਬੇਮਿਸਾਲ ਯੋਗਦਾਨ ਦਾ ਗਵਾਹ ਹੈ|

ਇਥੇ ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਕੈਨੇਡਾ ਨਾਲ ਭਾਰਤ ਦੇ ਪੈਦਾ ਹੋਏ ਸਿਆਸੀ ਵਿਵਾਦ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਕ ਮਤਾ ਪਾਸ ਕਰ ਕੇ ਦੋਵੇਂ ਸਰਕਾਰਾਂ ਨੂੰ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਣ ਲਈ ਪੁਖ਼ਤਾ ਕਦਮ ਚੁਕਣ ਦੀ ਮੰਗ ਕੀਤੀ ਗਈ| ਇਕ ਸਾਂਝੇ ਬਿਆਨ ਰਾਹੀਂ ਮੀਟਿੰਗ ਵਿਚ ਮੌਜੂਦ ਸਮੂਹ ਆਗੂਆਂ ਨੇ ਕਿਹਾ ਕਿ ਗੱਲਬਾਤ ਰਹੀਂ ਹਰ ਕੂਟਨੀਤਕ ਸਮੱਸਿਆ ਦਾ ਹੱਲ ਕਢਿਆ ਜਾ ਸਕਦਾ ਹੈ| ਇਸ ਲਈ ਦੋਵੇਂ ਸਰਕਾਰਾਂ ਨੂੰ ਅਪਣੇ ਸਬੰਧ ਹੋਰ ਖ਼ਰਾਬ ਕਰਨ ਦੇ ਬਜਾਏ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ| ਆਗੂਆਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਇਤਿਹਾਸਕ ਹਨ| ਮੀਟਿੰਗ ਵਿਚ ਜਸਟਿਸ ਨਿਰਮਲ ਸਿੰਘ (ਸੇਵਾਮੁਕਤ), ਸਰਵਣ ਸਿੰਘ ਫ਼ਿਲੌਰ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਪ੍ਰਕਾਸ਼ ਚੰਦ ਗਰਗ, ਸੁਖਵਿੰਦਰ ਸਿੰਘ ਔਲਖ, ਅਰਜਨ ਸਿੰਘ ਸ਼ੇਰਗਿੱਲ ਆਦਿ ਮੌਜੂਦ ਸਨ|