ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੀ ਨਿਰਪੱਖ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ : ਸਿਮਰਨਜੀਤ ਸਿੰਘ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੌਮੀ ਇਨਸਾਫ਼ ਮਾਰਚ ਤੇ ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਸੂਬਾ ਪਧਰੀ ਮੀਟਿੰਗ

Simranjit Singh Mann

ਸੰਗਰੂਰ, 27 ਸਤੰਬਰ (ਗੁਰਦਰਸ਼ਨ ਸਿੰਘ ਸਿ¾ਧੂ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਵੱਖ-ਵੱਖ ਦੇਸ਼ਾਂ ਵਿਚ ਹੋਏ ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ 1 ਅਕਤੂਬਰ ਤੋਂ 3 ਅਕਤੂਬਰ ਤਕ ਕੱਢੇ ਜਾ ਰਹੇ ਕੌਮੀ ਇਨਸਾਫ਼ ਮਾਰਚ ਅਤੇ 29 ਸਤੰਬਰ ਨੂੰ ਹੋਣ ਜਾ ਰਹੀ ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ  ਲੈ ਕੇ ਪਾਰਟੀ ਦੀ ਸੂਬਾ ਪਧਰੀ ਮੀਟਿੰਗ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਈ| ਮੀਟਿੰਗ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ, ਸੂਬਾ ਵਰਕਿੰਗ ਕਮੇਟੀ ਮੈਂਬਰਾਂ, ਪੀਏਸੀ ਮੈਂਬਰਾਂ, ਜ਼ਿਲ੍ਹਾ ਯੂਥ ਪ੍ਰਧਾਨਾਂ ਤੋਂ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਨੇ ਭਾਗ ਲਿਆ|

ਮੀਟਿੰਗ ਨੂੰ ਸੰਬੋਧਨ ਕਰਦਿਆਂ ਐਮ. ਪੀ. ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਆਗੂਆਂ ਦੇ ਕਰਵਾਏ ਜਾ ਰਹੇ ਕਤਲਾਂ ਦਾ ਇਨਸਾਫ਼ ਲੈਣ ਲਈ ਛਪਾਰ ਵਿਖੇ 29 ਸਤੰਬਰ ਨੂੰ ਵਿਸ਼ਾਲ ਕਾਨਫ਼ਰੰਸ ਅਤੇ 1 ਅਕਤੂਬਰ ਤੋਂ 3 ਅਕਤੂਬਰ ਤਕ ਕੌਮੀ ਇਨਸਾਫ਼ ਮਾਰਚ ਦਾ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਹੈ ਜਿਸ ਰਾਹੀਂ ਸਿੱਖ ਕੌਮ ਦਾ ਦਰਦ ਬਿਆਨ ਕੀਤਾ ਜਾਵੇਗਾ, ਤਾਂ ਜੋ ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੀ ਨਿਰਪੱਖ ਜਾਂਚ ਹੋ ਸਕੇ ਅਤੇ ਦੋਸ਼ੀਆਂ ਨੂੰ  ਬਣਦੀਆਂ ਸਜ਼ਾਵਾਂ ਮਿਲ ਸਕਣ| 

ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਭਾਰੀ ਚੁਣੌਤੀਆਂ ਹਨ| ਸਾਡੀਆਂ ਧਾਰਮਕ ਇਮਾਰਤਾਂ, ਸਾਡਾ ਵਿਰਸੇ ਇਥੋਂ ਤਕ ਕਿ ਅਕਾਲ ਤਖ਼ਤ ਸਾਹਿਬ ਨੂੰ ਸ਼ਹੀਦ ਕਰ ਦਿਤਾ ਗਿਆ| 36 ਗੁਰੂ ਘਰਾਂ ’ਤੇ ਰੇਡਾਂ ਪਈਆਂ ਹਨ| ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਹੁਣ ਹੋਰ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ| ਜਮਹੂਰੀਅਤ ਪਸੰਦ ਮੁਲਕ ਸਾਡੀ ਪਿੱਠ ’ਤੇ ਖੜ੍ਹ ਗਏ ਹਨ| ਦੁਨੀਆਂ ਵਿਚ ਜਮਹੂਰੀਅਤ ਸੋਚ ਨੂੰ  ਹੁੰਗਾਰਾ ਮਿਲ ਰਿਹਾ ਹੈ|

ਸ. ਮਾਨ ਨੇ ਦਸਿਆ ਕਿ ਸਿੱਖ ਕੌਮ ਦੀ ਆਵਾਜ਼ ਨੂੰ  ਦਬਾਉਣ ਲਈ ਸਾਜ਼ਸ਼ ਤਹਿਤ ਵੱਖ-ਵੱਖ ਦੇਸ਼ਾਂ ਵਿਚ ਸਿੱਖ ਆਗੂਆਂ ਨੂੰ  ਕਤਲ ਕੀਤਾ ਗਿਆ ਹੈ| ਸ. ਮਾਨ ਨੇ ਦਸਿਆ ਕਿ ਹਰਿਆਣਾ ਵਿਚ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਮੌਤ, ਪੰਜਾਬ ਵਿਚ ਸਿੱਧੂ ਮੂਸੇਵਾਲਾ ਦੀ ਹਤਿਆ ਤੋਂ ਇਲਾਵਾ ਯੂ. ਕੇ. ਵਿਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ, ਕੈਨੇਡਾ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਹੁਣ ਸ਼ੁਖਦੂਲ ਸਿੰਘ ਦੇ ਕਰਵਾਏ ਗਏ ਸਿਆਸੀ ਕਤਲਾਂ ਦੇ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ| ਇਨ੍ਹਾਂ ਸਿਆਸੀ ਹਤਿਆਵਾਂ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਪਾਰਟੀ ਵਲੋਂ ਛਪਾਰ ਵਿਖੇ ਵਿਸ਼ਾਲ ਕਾਨਫ਼ਰੰਸ 29 ਸਤੰਬਰ ਨੂੰ ਕੀਤੀ ਜਾ ਰਹੀ ਹੈ ਅਤੇ 1 ਅਕਤੂਬਰ ਤੋਂ 3 ਤਕ ਵਿਸ਼ਾਲ ਕੌਮੀ ਇਨਸਾਫ਼ ਮਾਰਚ ਕਢਿਆ ਜਾ ਰਿਹਾ ਹੈ, ਜੋ ਕਿ 01 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸਵੇਰੇ 09 ਵਜੇ ਸ਼ੁਰੂ ਕੀਤਾ ਜਾਵੇਗਾ|