ਜਥੇਦਾਰ ਵਲੋਂ ਅਕਾਲ ਤਖ਼ਤ ਤੋਂ ਸੰਗਤ ਸਾਹਮਣੇ ਹਿਤ ਨੂੰ ਤਨਖ਼ਾਹ ਲਾਉਣਾ ਉਸਾਰੂ ਫ਼ੈਸਲਾ: ਭਾਈ ਤਰਸੇਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ......

Bhai Tarsem Singh

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਥੇ: ਅਵਤਾਰ ਸਿੰਘ ਹਿਤ ਨੂੰ 'ਬੰਦ ਕਮਰੇ' ਦੀ ਬਜਾਏ ਸੰਗਤ ਸਾਹਮਣੇ ਸਜ਼ਾ ਸੁਣਾਉਣਾ ਉਸਾਰੂ ਫ਼ੈਸਲਾ ਹੈ। ਉਨ੍ਹਾਂ 2010 ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ, “ਉਦੋਂ ਸਾਡੀ ਤੇ ਪ੍ਰੋ.ਦਰਸ਼ਨ ਸਿੰਘ ਦੀ ਇਹੀ ਤਾਂ ਮੰਗ ਸੀ ਕਿ ਅਕਾਲ ਤਖ਼ਤ ਸਾਹਿਬ ਵਿਖੇ ਸੰਗਤ ਦੀ ਹਾਜ਼ਰੀ ਵਿਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਮਸਲਾ ਵਿਚਾਰਨ, ਪਰ ਉਹ ਬੰਦ ਕਮਰੇ ਵਾਲੇ ਸਕੱਤਰੇਤ ਵਿਖੇ ਹੀ ਪੇਸ਼ ਲੜੀ ਅੜੇ ਰਹੇ।

ਬਾਦਲਾਂ ਦੇ ਆਖੇ, ਸੰਗਤ ਸਨਮੁਖ ਫ਼ੈਸਲੇ ਵਿਚਾਰਨ ਤੇ ਸੁਣਾਉਣ ਦੀ ਪਿਰਤ ਗਿਆਨੀ ਗੁਰਬਚਨ ਸਿੰਘ ਨੇ ਖ਼ਤਮ ਕਰ ਕੇ ਰੱਖ ਦਿਤੀ ਸੀ, ਪਰ ਨਵੇਂ ਜਥੇਦਾਰ ਨੇ ਮੁੜ ਠੀਕ ਸਟੈਂਡ ਲਿਆ ਹੈ।'' ਉਨ੍ਹਾਂ ਕਿਹਾ ਸ.ਹਿਤ ਨੂੰ ਦਿਤੀ ਗਈ ਇਹ ਹਦਾਇਤ ਵੀ ਪੂਰੀ ਤਰ੍ਹਾਂ ਦਰੁਸਤ ਹੈ ਕਿ ਉਹ ਲਾਈ ਗਈ ਤਨਖ਼ਾਹ ਤੇ ਸੇਵਾ ਕਰਨ ਵੇਲੇ ਸਿਰਫ਼ ਇਕੱਲੇ ਹੀ ਹੋਣਗੇ, ਹਮਾਇਤੀਆਂ ਦੀ ਫ਼ੌਜ ਨਾਲ ਨਹੀਂ।