ਘੱਟ-ਗਿਣਤੀ ਕਮਿਸ਼ਨ 'ਚ ਸਿੱਖ ਮੈਂਬਰ ਵੀ ਨਿਯੁਕਤ ਕਰੇ ਕੇਂਦਰ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਵਿਚ ਘੱਟ-ਗਿਣਤੀ ਕਮਿਸ਼ਨ ਵਿਚ ਸਿੱਖ ਮੈਂਬਰ ਦੀ ਨੁਮਾਇੰਦਗੀ ਅਤੇ..

Prof. Badungar

ਪਟਿਆਲਾ 5 ਅਗਸਤ (ਰਣਜੀਤ ਰਾਣਾ ਰੱਖੜਾ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਵਿਚ ਘੱਟ-ਗਿਣਤੀ ਕਮਿਸ਼ਨ ਵਿਚ ਸਿੱਖ ਮੈਂਬਰ ਦੀ ਨੁਮਾਇੰਦਗੀ ਅਤੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਦੇ ਵਿਤਕਰੇ ਸਬੰਧੀ ਪ੍ਰਤੀਕਰਮ ਦਿੰਦਿਆਂ ਸਿੱਖਾਂ ਦੇ ਸੰਵਿਧਾਨਕ ਹੱਕ ਲਈ ਕੇਂਦਰ ਸਰਕਾਰ ਨੂੰ ਤੁਰਤ ਕਦਮ ਉਠਾਉਣ ਦੀ ਅਪੀਲ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ ਵਿਚ ਛੇ ਘੱਟ-ਗਿਣਤੀ ਕੌਮਾਂ ਹਨ। ਕੇਂਦਰ ਸਰਕਾਰ ਨੇ ਪੰਜ ਘੱਟ-ਗਿਣਤੀ ਕੌਮਾਂ ਦੇ ਕਮਿਸ਼ਨ ਵਿਚ ਮੈਂਬਰ ਨਿਯੁਕਤ ਕੀਤੇ ਹਨ ਪਰ ਸਿੱਖ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਹੈ ਜਿਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮੇਂ-ਸਮੇਂ ਸਿਰ ਸਿੱਖਾਂ ਨੇ ਦੇਸ਼ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਅਹਿਮ ਭੂਮਿਕਾ ਅਦਾ ਕਰ ਕੇ ਦੇਸ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਦਾ ਭਾਰਤ ਦੇ ਇਤਿਹਾਸ ਵਿਚ ਅਹਿਮ ਸਥਾਨ ਹੈ ਜਿਸ ਕਾਰਨ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਸਿੱਖਾਂ ਨੂੰ ਪਹਿਲ ਦੇ ਆਧਾਰ 'ਤੇ ਸੰਵਿਧਾਨਕ ਹੱਕ ਦੇ ਕੇ ਰਹਿੰਦੇ ਮਸਲੇ ਹੱਲ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਘੱਟ-ਗਿਣਤੀ ਦਾ ਦਰਜਾ ਛੇਤੀ ਦਿਤਾ ਜਾਵੇ ਤਾਕਿ ਉਹ ਅਪਣੀਆਂ ਮੁਸ਼ਕਲਾਂ ਹੱਲ ਅਤੇ ਲੋੜਾਂ ਪੂਰੀਆਂ ਕਰ ਸਕਣ। ਪ੍ਰੋ. ਬਡੂੰਗਰ ਨੇ ਚੰਡੀਗੜ੍ਹ ਵਿਚ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਮਿਲਣ ਸਬੰਧੀ ਕਿਹਾ ਕਿ ਇਸ ਫ਼ੈਸਲੇ ਨਾਲ ਪੰਜਾਬੀ ਭਾਸ਼ਾ ਪ੍ਰੇਮੀਆਂ ਨਾਲ ਬੇਇਨਸਾਫ਼ੀ ਹੋਵੇਗੀ ਜਿਸ ਨਾਲ ਪੰਜਾਬੀ ਭਾਸ਼ਾ ਪੜ੍ਹਨ ਵਾਲੇ ਕਾਫੀ ਲੋਕ ਪ੍ਰਭਾਵਤ ਹੋਣਗੇ।