ਬਹਿਬਲ ਕਲਾਂ ਕਾਂਡ : ਅਦਾਲਤ 'ਚ ਸ਼ਹੀਦ ਦੇ ਪਿਤਾ ਨੇ ਆਖਿਆ ਪੁਲਿਸ ਦੀ ਫ਼ਾਇਰਿੰਗ 'ਚ ਆਈ.ਜੀ. ਵੀ ਸ਼ਾਮਲ ਸੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ 'ਚ ਧਰਨੇ 'ਤੇ ਬੈਠੀ ਸ਼ਾਂਤਮਈ ਸਿੱਖ ਸੰਗਤ 'ਤੇ ਪੁਲਿਸ ਵਲੋਂ ਕੀਤੀ ਗਈ ਫ਼ਾਇਰਿੰਗ ਦੇ...

Martyrs

 

ਕੋਟਕਪੂਰਾ, 6 ਅਗੱਸਤ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ 'ਚ ਧਰਨੇ 'ਤੇ ਬੈਠੀ ਸ਼ਾਂਤਮਈ ਸਿੱਖ ਸੰਗਤ 'ਤੇ ਪੁਲਿਸ ਵਲੋਂ ਕੀਤੀ ਗਈ ਫ਼ਾਇਰਿੰਗ ਦੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਸ਼ਹੀਦ ਕ੍ਰਿਸ਼ਨ ਸਿੰਘ ਨਿਆਮੀਵਾਲਾ ਦੇ ਪਿਤਾ ਨੇ ਦੋਸ਼ ਲਾਇਆ ਕਿ ਫ਼ਾਇਰਿੰਗ 'ਚ ਪੰਜਾਬ ਪੁਲਿਸ ਦਾ ਆਈ.ਜੀ. ਅਤੇ ਐਸਐਸਪੀ ਦਾ ਰੀਡਰ ਵੀ ਸ਼ਾਮਲ ਸੀ। ਉਸ ਨੇ ਉਕਤ ਦੋਵਾਂ 'ਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਸ਼ਹੀਦ ਕ੍ਰਿਸ਼ਨ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਅਦਾਲਤ 'ਚ ਆਖਿਆ ਕਿ ਜਦੋਂ ਬਹਿਬਲ ਕਲਾਂ 'ਚ ਸੰਗਤ 'ਤੇ ਫ਼ਾਇਰਿੰਗ ਕੀਤੀ ਗਈ ਤਾਂ ਉਨ੍ਹਾਂ 'ਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ  ਐਸਐਸਪੀ ਦਾ ਰੀਡਰ ਇੰਸ. ਪ੍ਰਦੀਪ ਸਿੰਘ ਵੀ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਪੁਲਿਸ ਵਲੋਂ ਚਲਾਈ ਗਈ ਗੋਲੀ ਦੌਰਾਨ ਪਿੰਡ ਬਹਿਬਲ ਖ਼ੁਰਦ ਦੇ ਕ੍ਰਿਸ਼ਨ ਸਿੰਘ ਨਿਆਮੀਵਾਲਾ ਅਤੇ ਸਰਾਵਾਂ ਪਿੰਡ ਦੇ ਗੁਰਜੀਤ ਸਿੰਘ ਬਿੱਟੂ ਸ਼ਹੀਦ ਹੋ ਗਏ ਸਨ ਤੇ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਪੁਲਿਸ ਕਰਮਚਾਰੀਆਂ ਵਿਰੁਧ ਮਾਮਲਾ ਦਰਜ ਕਰ ਕੇ ਕੇਸ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਣਪਛਾਤੀ ਨਹੀਂ ਹੋ ਸਕਦੀ, ਇਸ ਬਾਰੇ ਭਗਵੰਤ ਮਾਨ ਨੇ ਇਕ ਤੋਂ ਵੱਧ ਵਾਰ ਸੰਸਦ 'ਚ ਮਾਮਲਾ ਉਠਾਇਆ, ਪੰਜਾਬ ਵਿਧਾਨ ਸਭਾ 'ਚ ਵੀ ਇਸ ਦੀ ਗੂੰਜ ਸੁਣਨ ਨੂੰ ਮਿਲੀ, ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਦੇ ਨਾਲ-ਨਾਲ ਇਹ ਮਾਮਲਾ ਸ਼ੋਸਲ ਮੀਡੀਏ ਰਾਹੀਂ ਵੀ ਖੂਬ ਵਾਇਰਲ ਹੋਇਆ ਪਰ ਜਦ ਕੋਈ ਸੁਣਵਾਈ ਨਾ ਹੋਈ ਤਾਂ ਪੀੜਤ ਪਰਵਾਰ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ।
ਲਗਭਗ ਦੋ ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ 'ਚੋਂ 1 ਜੂਨ 2015 ਨੂੰ ਦਿਨ ਦਿਹਾੜੇ ਪਾਵਨ ਸਰੂਪ ਚੋਰੀ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਗੁਰਦਵਾਰੇ ਦੀ ਕੰਧ 'ਤੇ ਹੱਥ ਲਿਖਤ ਪੋਸਟਰ ਲਾ ਕੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੂੰ ਲਲਕਾਰ ਕੇ ਖ਼ੁਦ ਕੋਲ ਪਾਵਨ ਸਰੂਪ ਹੋਣ ਦਾ ਦਾਅਵਾ ਕਰਨਾ, 12 ਅਕਤੂਬਰ ਨੂੰ ਤੜਕਸਾਰ ਪਾਵਨ ਸਰੂਪ ਦੇ ਅੰਗ ਗਲੀਆਂ 'ਚ ਖਿਲਾਰਨਾ, 13 ਅਤੇ 14 ਅਕਤੂਬਰ ਨੂੰ ਬਹਿਬਲ ਕਲਾਂ ਅਤੇ ਬੱਤੀਆਂ ਵਾਲਾ ਚੌਕ ਕੋਟਕਪੂਰੇ 'ਚ ਸ਼ਾਂਤਮਈ ਧਰਨੇ ਲੱਗਣੇ, 13 ਅਕਤੂਬਰ ਨੂੰ ਪੁਲਿਸ ਵਲੋਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਗ੍ਰਿਫ਼ਤਾਰ ਕਰ ਕੇ 50 ਜਾਂ 60 ਕਿਲੋਮੀਟਰ ਦੂਰ ਥਾਣਿਆਂ 'ਚ ਬੰਦ ਕਰਨ ਉਪਰੰਤ ਸ਼ਾਮ ਨੂੰ ਰਿਹਾਅ ਕਰ ਦੇਣਾ, ਬੱਤੀਆਂ ਵਾਲੇ ਚੌਕ ਅਤੇ ਬਹਿਬਲ ਕਲਾਂ ਵਿਖੇ ਫਿਰ ਧਰਨਾ ਸ਼ੁਰੂ ਹੋ ਜਾਣਾ, 14 ਅਕਤੂਬਰ ਨੂੰ ਤੜਕਸਾਰ ਸ਼ਾਂਤਮਈ ਸਿਮਰਨ ਕਰ ਰਹੀ ਸੰਗਤ ਉਪਰ ਪੁਲਿਸ ਵਲੋਂ ਪਾਣੀਆਂ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਫ਼ਾਇਰਿੰਗ, ਘਰਾਂ 'ਚੋਂ ਕੱਢ ਕੇ ਨਿਹਥੇ ਤੇ ਨਿਰਦੋਸ਼ ਸਿੱਖਾਂ ਉਪਰ ਢਾਹੇ ਗਏ ਪੁਲਿਸੀਆ ਕਹਿਰ ਦੀਆਂ ਖ਼ਬਰਾਂ ਅਖ਼ਬਾਰਾਂ ਦੀ ਸੁਰਖੀਆਂ ਬਣਦੀਆਂ ਰਹੀਆਂ।
ਬਾਦਲ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਰਨ ਤੋਂ ਇਲਾਵਾ ਜਾਂਚ ਵਾਸਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਵੀ ਕੀਤਾ ਪਰ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਮਿਲਿਆ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕਾਟਜੂ ਦੀ ਜਾਂਚ ਰੀਪੋਰਟ ਜਾਰੀ ਹੋਣ ਤੋਂ ਬਾਅਦ ਵੀ ਬਾਦਲ ਸਰਕਾਰ ਨੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦੀ ਜ਼ਰੂਰਤ ਨਾ ਸਮਝੀ।
ਸ਼ਹੀਦ ਕ੍ਰਿਸ਼ਨ ਸਿੰਘ ਨਿਆਮੀਵਾਲਾ ਦੇ ਭਰਾ ਰੇਸ਼ਮ ਸਿੰਘ ਦੇ ਵਕੀਲ ਅਮਿਤ ਮਿੱਤਲ ਅਨੁਸਾਰ ਮਹਿੰਦਰ ਸਿੰਘ ਨੇ ਪੁਲਿਸ 'ਤੇ ਅੰਧਾਧੁੰਦ ਫ਼ਾਇਰਿੰਗ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਸਿਆ ਕਿ 8 ਗਵਾਹਾਂ 'ਚੋਂ 5 ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਚੁਕਾ ਹੈ। ਅਗਲੀ ਸੁਣਵਾਈ ਦੌਰਾਨ 19 ਅਗੱਸਤ ਨੂੰ ਹੋਰ ਪੀੜਤਾਂ ਨੂੰ ਵੀ ਪੇਸ਼ ਕੀਤਾ ਜਾਵੇਗਾ ਕਿਉਂਕਿ ਪੀੜਤ ਪੱਖ ਨੇ ਇਸ ਸਬੰਧ 'ਚ ਪੂਰੀ ਤਿਆਰੀ ਕਰ ਰੱਖੀ ਹੈ।
ਉਨ੍ਹਾਂ ਦਸਿਆ ਕਿ ਕ੍ਰਿਸ਼ਨ ਸਿੰਘ ਦੇ ਬੇਟੇ ਪ੍ਰਭਜੀਤ ਸਿੰੰਘ ਨੇ ਅਦਾਲਤ 'ਚ ਆਖਿਆ ਸੀ ਕਿ ਸ਼ਾਂਤੀਪੂਰਵਕ ਰੋਸ ਪ੍ਰਦਸ਼ਨ ਕਰ ਰਹੀਆਂ ਸੰਗਤਾਂ 'ਚ ਉਹ ਖ਼ੁਦ ਵੀ ਸ਼ਾਮਲ ਸੀ। ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਬਿਕਰਮਜੀਤ ਸਿੰਘ ਅਤੇ ਐਸਐਚਓ ਬਾਜਾਖ਼ਾਨਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਸੰਗਤਾਂ ਉਪਰ ਗੋਲੀਆਂ ਚਲਾਈਆਂ ਸਨ। ਪੁਲਿਸ ਵਲੋਂ ਕੀਤੀ ਗਈ ਉਕਤ ਫ਼ਾਇਰਿੰਗ ਦੌਰਾਨ ਉਸ ਦੇ ਪਿਤਾ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਨੇ ਵੀ ਫ਼ਰਵਰੀ 2017 'ਚ ਤਿੰਨ ਉਚ ਪੁਲਿਸ ਅਧਿਕਾਰੀਆਂ ਵਿਰੁਧ ਸ਼ਿਕਾਇਤ ਦਰਜ ਕਰਾਉਂਦਿਆਂ ਉਨ੍ਹਾਂ ਉਪਰ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।