ਗੁਰਬਾਣੀ ਦਾ ਪ੍ਰਚਾਰ ਰੋਕਣ ਲਈ ਬਾਬਿਆਂ ਦੇ ਰੂਪ ਵਿਚ ਗੁੰਡਿਆਂ ਦੀ ਭਰਮਾਰ : ਭਾਈ ਰਣਜੀਤ ਸਿੰਘ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਲੋਂ ਕਰਵਾਏ ਮਹੀਨਾਵਰ ਗੁਰਮਤਿ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਨਾਲ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ..

Bhai Ranjit Singh Khalsa

ਸੰਗਰੂਰ, 7 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਲੋਂ ਕਰਵਾਏ ਮਹੀਨਾਵਰ ਗੁਰਮਤਿ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਨਾਲ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰਮਤਿ ਸਮਾਗਮ ਦਾ ਮੰਤਵ ਕੇਵਲ ਸ਼ਬਦ ਦੀ ਵਿਆਖਿਆ ਕਰਨਾ ਹੀ ਨਹੀਂ ਸਗੋਂ ਦਿਸ਼ਾਹੀਣ ਹੋ ਚੁਕੀ ਜਵਾਨੀ ਦਾ ਸਹੀ ਰੂਪ ਵਿਚ ਮਾਰਗ ਦਰਸ਼ਨ ਕਰਨਾ ਵੀ ਹੈ ਤਾਂ ਕਿ ਅਜੋਕੀ ਪਖੰਡਵਾਦ ਦੀ ਸਥਿਤੀ ਨੂੰ ਜੜ੍ਹ ਤੋਂ ਖ਼ਤਮ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਦਿਖਾਈ ਜਾ ਸਕੇ।
ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਮਾਜ ਵਿਚ ਹਰ ਪਾਸੇ ਪਖੰਡ ਦਾ ਹੀ ਬੋਲ-ਬਾਲਾ ਹੋ ਰਿਹਾ ਹੈ। ਸੰਤਾਂ-ਸਾਧੂਆਂ ਦੇ ਭੇਖ ਵਿਚ ਵਿਚਰ ਰਹੇ ਪਖੰਡੀ ਬਾਬਿਆਂ ਵਲੋਂ ਗੁਰਮਤਿ ਦੀ ਸਿਖਿਆ ਦੇ ਨਾਂ 'ਤੇ ਭੋਲੇ-ਭਾਲੇ ਲੋਕਾਂ ਦੀ ਦੋਵੇਂ ਹੱਥੀਂ ਲੁੱਟ ਕਰਨ 'ਤੇ ਲੱਗੇ ਹੋਏ ਹਨ। ਉਨ੍ਹਾਂ ਦਸਿਆ ਕਿ ਜੇਕਰ ਕੋਈ ਵਿਅਕਤੀ ਪਾਖੰਡਵਾਦ ਵਿਰੁਧ ਬੋਲ ਕੇ ਗੁਰਬਾਣੀ ਦੇ ਸੱਚ ਨੂੰ ਦਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਨ੍ਹਾਂ ਵਲੋਂ ਉਸ ਦਾ ਮੂੰਹ ਬੰਦ ਕਰ ਦਿਤਾ ਜਾਂਦਾ ਹੈ ਤੇ ਜੇਕਰ ਅਜਿਹਾ ਵਿਅਕਤੀ ਪ੍ਰਚਾਰ ਬੰਦ ਨਹੀਂ ਕਰਦਾ ਤਾਂ ਉਸ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਅਸਲ ਵਿਚ ਇਹ ਬਾਬਿਆਂ ਦੇ ਰੂਪ ਵਿਚ ਗੁੰਡੇ ਹੀ ਵਿਚਰ ਰਹੇ ਹਨ ਜੋ ਕੇਵਲ ਅਪਣੀ ਗੱਲ ਹੀ ਮਨਵਾਉਣੀ ਚਾਹੁੰਦੇ ਹਨ।
ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ, ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਕਿਸੇ ਤਰ੍ਹਾਂ ਦੇ ਸ਼ਬਦੀ ਜਾਲ ਪਾ ਕੇ ਕਿਸੇ ਨੂੰ ਕਮਜ਼ੋਰ ਕੀਤਾ ਜਾਂਦਾ ਸੀ ਅੱਜ ਹਰ ਵਿਅਕਤੀ ਪੜ੍ਹਿਆ ਲਿਖਿਆ ਹੈ। ਉਹ ਆਪਣਾ ਬੁਰਾ-ਭਲਾ ਭਲੀਭਾਂਤ ਸਮਝਦਾ ਹੈ। ਅੱਜ ਸ਼ਬਦ ਦੀ ਵਿਆਖਿਆ ਨਾਲੋਂ ਜੇਕਰ ਦਿਸ਼ਾ ਨਿਰਦੇਸ਼ ਦਿਤੇ ਜਾਣ ਤਾਂ ਸਮਾਜ ਦਾ ਵਧੇਰੇ ਭਲਾ ਹੋਵੇਗਾ। ਪਿਛਲੇ ਦਿਨਾਂ ਵਿਚ ਉਨ੍ਹਾਂ ਦੇ ਪ੍ਰਚਾਰ ਨੂੰ ਲੈ ਕੇ ਪੰਜਾਬ ਗਰਵਰਨਰ ਨੂੰ ਦਿਤੇ ਮੰਗ ਪੱਤਰ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਰਹੇ ਹਨ ਤੇ ਜੇਕਰ ਇਹ ਵਿਅਕਤੀ ਉਨ੍ਹਾਂ ਉਪਰ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣਾ ਚਾਹੁੰਦੇ ਹਨ ਤਾਂ ਅਜਿਹਾ ਕਦੇ ਵੀ ਨਹੀਂ ਹੋਵੇਗਾ। ਉਹ ਇਸ ਲਈ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ  ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਪਰ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵਿਅਕਤੀ ਵਿਸ਼ੇਸ਼ ਸਾਡਾ ਗ਼ਲਤ ਲਾਭ ਨਾ ਉਠਾ ਸਕੇ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਵਿਚ 362 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ  ਪ੍ਰਾਪਤ ਕੀਤੀ। ਭਾਈ ਰਣਜੀਤ ਸਿੰਘ ਖ਼ਾਲਸਾ ਨੇ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਵਧਾਈਆਂ ਦਿਤੀਆਂ ਤੇ ਸੱਚ ਨਾਲ ਡਟ ਕੇ ਖੜਨ ਦੀ ਪ੍ਰੇਰਨਾ ਵੀ ਦਿਤੀ।
ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ ਸੰਗਤਾਂ ਨਾਲ ਨਾਲ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਸਹਿਯੋਗੀ ਭਾਈ ਗੁਰਜੀਤ ਸਿੰਘ ਖ਼ਾਲਸਾ, ਭਾਈ ਜਸਵਿੰਦਰ ਸਿੰਘ ਖ਼ਾਲਸਾ, ਭਾਈ ਸੁਰਿੰਦਰ ਸਿੰਘ ਖ਼ਾਲਸਾ, ਭਾਈ ਅਤਿੰਦਰਪਾਲ ਸਿੰਘ ਖ਼ਾਲਸਾ, ਭਾਈ ਰੋਮਨਦੀਪ ਸਿੰਘ ਖਾਲਸਾ, ਭਾਈ ਸਤਿਗੁਰ ਸਿੰਘ ਖਾਲਸਾ ਵੀ ਸ਼ਾਮਲ ਹੋਏ। ਭਾਈ ਢਡਰੀਆਂ ਵਾਲਿਆਂ ਨੇ ਆਈਆਂ ਸੱਭ ਸੰਗਤਾਂ ਦਾ ਧਨਵਾਦ ਕੀਤਾ ਤੇ ਅਗਲੇ ਮਹੀਨਾਵਰ ਸਮਾਗਮ 2 ਸਤੰਬਰ 2017 ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਬੇਨਤੀ ਕੀਤੀ।