ਕੇਜਰੀਵਾਲ ਵਲੋਂ ਕੋਛੜ ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਮੈਂਬਰ ਨਾਮਜ਼ਦ
ਕੇਜਰੀਵਾਲ ਸਰਕਾਰ ਵਲੋਂ ਪੰਥਕ ਸੇਵਾ ਦਲ ਜਥੇਬੰਦੀ ਦੇ ਜਨਰਲ ਸਕੱਤਰ ਸ.ਕਰਤਾਰ ਸਿੰਘ ਕੋਛੜ ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਸਿੱਖ ਮੈਂਬਰ ਨਾਮਜ਼ਦ ਕਰਨ ਪਿੱਛੋਂ ਦਿੱਲੀ ਦੇ
ਨਵੀਂ ਦਿੱਲੀ, 7 ਅਗੱਸਤ (ਅਮਨਦੀਪ ਸਿੰਘ): ਕੇਜਰੀਵਾਲ ਸਰਕਾਰ ਵਲੋਂ ਪੰਥਕ ਸੇਵਾ ਦਲ ਜਥੇਬੰਦੀ ਦੇ ਜਨਰਲ ਸਕੱਤਰ ਸ.ਕਰਤਾਰ ਸਿੰਘ ਕੋਛੜ ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਸਿੱਖ ਮੈਂਬਰ ਨਾਮਜ਼ਦ ਕਰਨ ਪਿੱਛੋਂ ਦਿੱਲੀ ਦੇ ਸਿੱਖ ਹਲਕਿਆਂ ਵਿਚ ਕੇਜਰੀਵਾਲ ਦੀਆਂ ਸਿੱਖ ਨੀਤੀਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਹਵਾ ਮਿਲ ਗਈ ਹੈ।
ਸ.ਕੋਛੜ ਨੂੰ ਮੈਂਬਰ ਲਾਉਣ ਤੋਂ ਬਾਅਦ ਸਪਸ਼ਟ ਤੌਰ 'ਤੇ ਪੁਛਿਆ ਜਾ ਰਿਹਾ ਹੈ ਕਿ ਕੀ ਪਹਿਲਾਂ ਸਿੱਖ ਸਿਆਸਤ ਵਿਚ ਅਪਣੀ ਪਕੜ ਬਣਾਉਣ ਲਈ ਹੀ ਕੇਜਰੀਵਾਲ ਵਲੋਂ ਪੰਥਕ ਸੇਵਾ ਦਲ ਨਾਮੀ ਜਥੇਬੰਦੀ ਬਣਵਾਈ ਗਈ ਸੀ ਕਿਉਂਕਿ ਇਸੇ ਸਾਲ ਦੇ ਸ਼ੁਰੂ ਵਿਚ 26 ਫ਼ਰਵਰੀ ਨੂੰ ਹੋਈਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਵਿਰੁਧ ਪੂਰੀ ਦਿੱਲੀ ਵਿਚ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ।
ਪਿਛੋਕੜ ਵਿਚ ਆਮ ਆਦਮੀ ਪਾਰਟੀ ਦੇ ਹੀ ਇਕ ਕਾਰਕੁਨ ਸ.ਸਰਬਜੋਤ ਸਿੰਘ ਗਰੋਵਰ ਵਲੋਂ ਕਾਇਮ ਕੀਤਾ ਗਿਆ ਪੰਥਕ ਸੇਵਾ ਦਲ ਅਪਣੀ ਕਾਇਮੀ ਦੇ ਪਹਿਲੇ ਦਿਨ ਤੋਂ ਹੀ ਕੇਜਰੀਵਾਲ ਸਰਕਾਰ ਤੇ ਆਮ ਆਦਮੀ ਪਾਰਟੀ ਵਲ ਉਲਾਰ ਰਿਹਾ ਹੈ। ਪਿੱਛੋਂ ਅਕਤੂਬਰ 2016 ਵਿਚ ਸ.ਕੋਛੜ ਨੇ ਪੰਥਕ ਸੇਵਾ ਦਲ ਦੇ ਸੰਵਿਧਾਨ ਦੇ ਹਵਾਲੇ ਨਾਲ ਸ.ਗਰੋਵਰ ਨੂੰ ਹੀ ਦਲ ਵਿਚੋਂ ਬਾਹਰ ਕੱਢ ਦਿਤਾ ਤੇ ਉਨ੍ਹਾਂ ਦੀ ਥਾਂ 'ਤੇ ਆਮ ਆਦਮੀ ਪਾਰਟੀ ਦੇ ਕਾਲਕਾ ਜੀ ਇਲਾਕੇ ਤੋਂ ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਨੂੰ ਅਕਤੂਬਰ 2016 ਦੇ ਪਹਿਲੇ ਹਫ਼ਤੇ ਜਥੇਬੰਦੀ ਦਾ ਕਨਵੀਨਰ ਥਾਪ ਦਿਤਾ ਗਿਆ।
ਇਸ ਪਿੱਛੋਂ ਉਦੋਂ ਮੀਡੀਆ ਵਿਚ ਤੇ ਸਿੱਖ ਹਲਕਿਆਂ ਵਿਚ ਵੀ ਇਸ ਨੂੰ ਕੇਜਰੀਵਾਲ ਦੇ ਸਿੱਖ ਸਿਆਸਤ ਵਿਚ ਅਸਿੱਧੇ ਦਖ਼ਲ ਦੇ ਤੌਰ 'ਤੇ ਵੇਖਿਆ ਗਿਆ ਸੀ। ਉਂਜ ਸਿੱਖ ਸਿਆਸਤ ਵਿਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ਾਂ ਪਿੱਛੋਂ ਆਮ ਆਦਮੀ ਪਾਰਟੀ ਨੇ ਦਿੱਲੀ ਗੁਰਦਵਾਰਾ ਚੋਣਾਂ ਤੋਂ ਐਨ ਪਹਿਲਾਂ 15 ਫ਼ਰਵਰੀ ਨੂੰ ਉਚੇਚਾ ਬਿਆਨ ਜਾਰੀ ਕਰ ਕੇ ਮੀਡੀਆ ਵਿਚ ਅਪਣਾ ਪੱਖ ਰਖਦੇ ਹੋਏ ਸਪਸ਼ਟ ਕੀਤਾ ਸੀ ਕਿ ਉਸ ਦਾ ਦਿੱਲੀ ਦੀਆਂ ਗੁਰਦਵਾਰਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਪਾਰਟੀ ਚੋਣਾਂ ਨਹੀਂ ਲੜ ਰਹੀ। ਪਰ ਪਿਛਲੇ ਮਹੀਨੇ ਹੀ 14 ਜੁਲਾਈ ਨੂੰ ਕੇਜਰੀਵਾਲ ਸਰਕਾਰ ਵਲੋਂ ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਸ.ਕਰਤਾਰ ਸਿੰਘ ਕੋਛੜ ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਮੈਂਬਰ ਨਾਮਜ਼ਦ ਕਰਨ ਨਾਲ ਪੰਥਕ ਸੇਵਾ ਦਲ ਤੇ ਆਮ ਆਦਮੀ ਪਾਰਟੀ ਦਾ ਹੀ ਇਕ ਵਿੰਗ ਹੋਣ ਦਾ ਲੱਗਿਆ ਹੋਇਆ 'ਠੱਪਾ' ਹੋਰ ਗੂੜਾ ਹੋ ਗਿਆ ਹੈ।
ਭਾਵੇਂ ਕਿ ਸ.ਕੋਛੜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਂਗਰਸ ਪੱਖੀ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨਾਲ ਕਮੇਟੀ ਵਿਚ ਸਾਲ 2011 ਵੇਲੇ ਜਾਇੰਟ ਸਕੱਤਰ ਰਹਿ ਚੁਕੇ ਹਨ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਕੌਂਸਲ ਸਣੇ ਕਮੇਟੀ ਦੇ ਕਈ ਪ੍ਰਾਜੈਕਟਾਂ ਦੀ ਨਿਗਰਾਨੀ ਕਰਦੇ ਰਹੇ ਹਨ। ਪਿੱਛੋਂ ਸਰਨਾ ਨਾਲ ਦੂਰੀਆਂ ਵਧਣ ਕਾਰਨ ਕੋਛੜ ਦਾ ਝੁਕਾਅ ਆਮ ਆਦਮੀ ਪਾਰਟੀ ਵਲ ਹੋ ਗਿਆ ਸੀ। ਫਿਰ ਸ.ਕੋਛੜ ਨੇ ਸਰਨਿਆਂ ਤੇ ਬਾਦਲਾਂ ਦੇ ਅਖੌਤੀ ਭ੍ਰਿਸ਼ਟਾਚਾਰਾਂ ਦਾ ਚਿੱਠਾ ਸੰਗਤ ਵਿਚ ਪੇਸ਼ ਕੀਤਾ ਸੀ। ਹੁਣ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਮੈਂਬਰ ਨਾਮਜ਼ਦ ਹੋਣ ਪਿੱਛੋਂ ਸ.ਕੋਛੜ ਦਾ ਦਿੱਲੀ ਦੇ ਸਿੱਖਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਦੇ ਮਾਮਲਿਆਂ ਪ੍ਰਤੀ ਰੁਖ਼ ਨੂੰ ਉਡੀਕਿਆ ਜਾ ਰਿਹਾ ਹੈ।