ਗੁਰਬਾਣੀ ਦੇ ਗਿਆਨ ਨਾਲ ਮਨ ਨੂੰ ਵੀ ਧੋਣਾ ਚਾਹੀਦੈ: ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿੰਡ ਰੁਪਾਣਾ ਵਿਖੇ ਚਲ ਰਹੇ ਗੁਰਮਤਿ ਸਮਾਗਮਾਂ ਦੇ ਆਖ਼ਰੀ ਦਿਨ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ...

Khalsa

ਸ੍ਰੀ ਮੁਕਤਸਰ ਸਾਹਿਬ, 5 ਅਗੱਸਤ (ਗੁਰਦੇਵ ਸਿੰਘ/ਰਣਜੀਤ ਸਿੰਘ):  ਪਿੰਡ ਰੁਪਾਣਾ ਵਿਖੇ ਚਲ ਰਹੇ ਗੁਰਮਤਿ ਸਮਾਗਮਾਂ ਦੇ ਆਖ਼ਰੀ ਦਿਨ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ  ਕਿਹਾ ਕਿ ਸਰੀਰ ਨੂੰ ਧੋਣ ਦੇ ਨਾਲ-ਨਾਲ ਗੁਰਬਾਣੀ ਦੇ ਗਿਆਨ ਨਾਲ ਮਨ ਨੂੰ ਵੀ ਧੋਣਾ ਚਾਹੀਦਾ ਹੈ।
ਅੱਜ ਦੇ ਜ਼ਮਾਨੇ ਵਿਚ ਮਨੁੱਖ ਸੂਟਡ-ਬੂਟਡ ਹੋ ਕੇ ਕਪੜਿਆਂ ਦੇ ਵਲ ਤਾਂ ਕੱਢ ਕੇ ਪਾਉਂਦਾ ਹੈ ਪਰ ਦੁਕਾਨ ਅਤੇ ਦਫ਼ਤਰ ਤੋਂ ਇਲਾਵਾ ਸਮਾਜ ਵਿਚ ਵਿਚਰਨ ਵੇਲੇ ਮਨ ਦੇ ਵੱਟ ਨਹੀਂ ਕਢਦਾ। ਉਨ੍ਹਾਂ ਕਿਹਾ ਜਿਹੜੇ ਗਾਇਕ ਸਾਡੀ ਨੌਜਵਾਨ ਪੀੜ੍ਹੀ ਦਾ ਸਤਿਆਨਾਸ ਕਰ ਰਹੇ ਹਨ ਅਤੇ ਸਾਡੇ ਸਾਹਮਣੇ ਸਾਡੀਆਂ ਧੀਆਂ-ਭੈਣਾਂ ਨੂੰ ਗੰਦੇ ਗੀਤਾਂ ਤੇ ਨਚਾਈ ਜਾਂਦੇ ਹਨ, ਉਨ੍ਹਾਂ ਗਾਇਕਾਂ ਦਾ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲ ਕਾਕੇ ਲੱਖਾਂ ਰੁਪਏ ਵਿਚ ਵਿਕ ਰਹੇ ਹਨ ਜਿਸ ਕਰ ਕੇ ਰਿਸ਼ਤੇ ਘੱਟ ਤੇ ਸੌਦੇ ਜ਼ਿਆਦਾ ਹੁੰਦੇ ਹਨ। ਅਜਿਹਾ ਕਰ ਕੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵੀ ਕਲੰਕਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿ ਗੁਰੁ ਨੇ ਸਿੱਖਾਂ ਨੂੰ ਮੜ੍ਹੀਆਂ-ਮਸਾਣਾ,  ਕਬਰਾਂ, ਸਮਾਧਾਂ ਤੇ ਜਾਣੋ ਰੋਕਿਆ ਸੀ ਪਰ ਸਿਆਸਤ ਅਤੇ ਬਾਬਾਵਾਦ ਦੇ ਨਸ਼ੇ ਵਿੱਚ ਇੰਨ੍ਹਾਂ ਵਿਗੜਿਆਂ ਨੇ ਗੁਰੁ ਗ੍ਰੰਥ ਸਾਹਿਬ ਨੂੰ ਵੀ ਇਨ੍ਹਾਂ ਵਰਜਿਤ ਥਾਵਾਂ 'ਤੇ ਵੀ ਲਿਜਾਣ ਦਾ ਕੁਕਰਮ ਵੀ ਜਾਰੀ ਰਖਿਆ ਹੋਇਆ ਹੈ।
ਉਨ੍ਹਾਂ ਜਾਤ-ਪਾਤ ਦੇ ਹੰਕਾਰੀਆਂ ਤੇ ਚੋਟ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਵਿੱਚ ਇੱਕ ਹੀ ਪ੍ਰਮਾਤਮਾਂ ਦੀ ਜੋਤ ਵਿੱਚਰ ਰਹੀ ਹੈ, ਜਦੋਂ ਸੂਰਜ ਦੀ ਕੋਈ ਜਾਤ ਨਹੀਂ ਫਿਰ ਸੂਰਜ ਦੀਆਂ ਕਿਰਨਾਂ ਦੀ ਜਾਤ ਕਿਵੇਂ ਹੋ ਸਕਦੀ ਹੈ। ਇਸੇ ਤਰ੍ਹਾਂ ਜਦ ਪ੍ਰਮਾਤਮਾਂ ਦੀ ਇੱਕ ਜੋਤ ਹੁੰਦਿਆਂ ਮਾਨੁੱਖ ਦੀ ਜਾਤ ਕਿਵੇਂ ਹੋ ਸਕਦੀ ਹੈ। ਸਿੱਖੀ ਦੇ ਵਿਹੜੇ ਵਿੱਚ ਅਜਿਹੇ ਬਾਬੇ ਵੀ ਪੈਦਾ ਹੋ ਚੁੱਕੇ ਹਨ ਜੋ ਲੰਗਰ ਵਿੱਚ ਜਾਂਦੇ ਸਿੱਖਾਂ ਨੂੰ ਰੋਕ ਕੇ ਜਾਤਾਂ ਪੁਛਦੇ ਹਨ, ਵੱਖ-ਵੱਖ ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾਉਂਦੇ ਹਨ ਗੁਰਬਾਣੀ ਉਨ੍ਹਾਂ ਨੂੰ ਬੇਵਕੂਫ ਅਤੇ ਹੰਕਾਰੀ ਕਰਾਰ ਦਿੰਦੀ ਹੈ। ਉਨ੍ਹਾਂ ਕਿਹਾ ਗੁਰੁ ਸਹਿਬਾਨ ਨੇ ਵੱਖ-ਵੱਖ ਜਾਮਿਆਂ ਵਿੱਚ ਵਿਚਰਦਿਆਂ ਦਸਵੇਂ ਜਾਮੇਂ ਵਿੱਚ ਇਕੋ ਬਾਟੇ ਨੂੰ ਮੂੰਹ ਲਗਾਕੇ ਜਿਸ ਮਨੂੰਵਾਦੀ ਖੂਹ ਵਿਚੋਂ ਸਿੱਖਾਂ ਨੂੰ ਕੱਢਿਆ ਸੀ ਅੱਜ ਗਿਣੀ-ਮਿਥੀ ਸਾਜਿਸ਼ ਅਧੀਨ ਏਜੰਸੀਆਂ ਰਾਹੀਂ ਉਸੇ ਵੱਖਵਾਦੀ ਖੂਹ ਵਿੱਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਕੀਮਤੀ ਵਸਤੂਆਂ ਜਿਵੇਂ ਕਿ ਸ਼ੁਧ ਅਹਾਰ, ਸ਼ੁਧ ਅਚਾਰ, ਸ਼ੁਧ ਵਿਚਾਰ ਅਤੇ ਸ਼ੁਧ ਵਿਹਾਰ ਤੋਂ ਇਲਾਵਾ ਸਤ, ਸੰਤੋਖ. ਦਇਆ, ਧਰਮ ਆਦਿ ਨੂੰ ਬਾਣੀ ਤੋਂ ਗਿਆਨ ਲੈ ਕੇ ਜਿੰਦਗੀ ਦਾ ਹਿੱਸਾ ਬਣਾ ਸਕਦੇ ਹਾਂ ਤੇ ਇੰਜ ਧਰਮਾਂ, ਜਾਤ-ਗੋਤ, ਮਜਹਬਾਂ, ਨਸਲਾਂ ਆਦਿ ਦੇ ਖੂਹ ਵਿੱਚ ਡਿੱਗਣ ਤੋਂ ਬਚ ਸਕਦੇ ਹਾਂ।