'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦੇ ਦਰੁਸਤ ਹੋਣ ਦਾ ਗੁਰਬਾਣੀ ਆਧਾਰਤ ਹਵਾਲਾ ਪੇਸ਼ ਕਰੇ ਸ਼੍ਰੋਮਣੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਨਾਨਕ ਨਾ ਤਾਂ 'ਫ਼ਕੀਰ' ਹੀ ਸੀ ਤੇ ਨਾ ਕਾਲ ਦਾ ਪੂਜਕ

Nanak Shah Fakir

ਪੰਥਕ ਤਾਲਮੇਲ ਸੰਗਠਨ ਨੇ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦੇ ਜਾਰੀ ਹੋਣ ਦੀ ਖ਼ਬਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਦੇ ਪ੍ਰਚਾਰ ਲਈ ਵਿਦਿਅਕ ਅਦਾਰਿਆਂ ਨੂੰ ਲਿਖੇ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਵਾਲ ਤੇ ਸੁਝਾਅ ਸਾਹਮਣੇ ਰੱਖੇ ਹਨ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਹੀ ਫ਼ਿਲਮ ਅਪ੍ਰੈਲ 2015 ਵਿਚ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਵਾਪਸ ਲੈ ਲਈ ਗਈ ਸੀ। ਇਥੋਂ ਤਕ ਕਿ ਸਰਕਾਰਾਂ ਨੇ ਵੀ ਪਾਬੰਦੀ ਲਾਈ ਸੀ। ਹੁਣ ਕਿਸ ਆਧਾਰ 'ਤੇ ਇਸ ਦੇ ਨਿਰਮਾਤਾ ਵਲੋਂ ਇਸ ਨੂੰ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਗੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਵਿਰੋਧ ਪਿੱਛੇ ਕਿਸੇ ਦਾ ਕੋਈ ਨਿਜੀ ਵੈਰ ਵਿਰੋਧ ਨਹੀਂ ਹੈ ਬਲਕਿ ਸਿੱਖ ਧਰਮ ਦੇ ਰੂਹਾਨੀ ਮਾਰਗ ਵਿਚ ਅਯੋਗ ਤਰੀਕਾ ਹੋਣ ਕਰ ਕੇ ਵਿਰੋਧ ਹੈ।

ਉਨ੍ਹਾਂ ਕਿਹਾ ਕਿ ਫ਼ਿਲਮ ਨਿਰਮਾਤਾ ਤੇ ਸਮਰਥਕਾਂ ਦੇ ਉਸ ਵਿਚਾਰ ਨੂੰ ਮੁਬਾਰਕ ਹੈ ਕਿ ਸਿੱਖੀ ਦੇ ਅਮੀਰ ਵਿਰਸੇ ਦੀ ਜਾਣਕਾਰੀ ਵਿਸ਼ਵ ਭਰ ਵਿਚ ਜਾਣੀ ਚਾਹੀਦੀ ਹੈ ਅਤੇ ਖ਼ਾਸ ਕਰ ਕੇ ਬੱਚਿਆਂ ਨੂੰ ਰੋਚਕ ਢੰਗਾਂ ਨਾਲ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਪਰ ਇਸ ਵਿਚਾਰ ਦੇ ਆਧਾਰ 'ਤੇ ਸਿੱਖੀ ਅਸੂਲਾਂ ਨੂੰ ਵੀ ਕੁਰਬਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖ ਧਰਮ ਆਕਾਰ ਜਾਂ ਕਾਲ ਦਾ ਪੂਜਕ ਨਹੀਂ ਤੇ ਸਿਰਫ਼ ਨਿਰਾ ਆਕਾਰ ਦਾ ਹੀ ਉਪਾਸਕ ਹੈ। ਜੇ ਕੋਈ ਕਲਾਕਾਰ ਕਿਸੇ ਆਕਾਰ ਦੇ ਸਹਾਰੇ ਰੱਬ ਜੈਸੇ ਗੁਰੂਆਂ ਦਾ ਅੰਤ ਪੇਸ਼ ਕਰ ਦੇਣ ਦਾ ਉਪਰਾਲਾ ਕਰਦਾ ਹੈ ਤਾਂ ਉਹ ਅਧੂਰਾ ਹੈ। ਜੋ ਅਧੂਰਾ ਹੈ ਉਹ ਪੂਰੇ ਦਾ ਤੋੜ ਨਹੀਂ ਹੋ ਸਕਦਾ। ਕਿਸੇ ਫ਼ਿਲਮ, ਤਸਵੀਰ ਜਾਂ ਗ੍ਰਾਫ਼ ਰਾਹੀਂ ਗੁਰੂਆਂ ਦੀ ਅਥਾਹ ਦੇਣ ਨੂੰ ਕਿਸੇ ਘੇਰੇ ਵਿਚ ਪੇਸ਼ ਕਰਨਾ ਇਕ ਨੂਰਾਨੀ ਤੇ ਰੂਹਾਨੀ ਸ਼ਕਤੀ ਨਾਲ ਖਿਲਵਾੜ ਕਰਨ ਦੀ ਕਿਰਿਆ ਹੈ ਕਿਉਂਕਿ ਕਲਾਕਾਰ ਉਨ੍ਹਾਂ ਦੀ ਸ਼ਕਤੀ ਨੂੰ ਅਪਣੀ ਤੁੱਛ ਬੁੱਧ ਦੇ ਹਾਣ ਦਾ ਬਣਾ ਕੇ ਹੀ ਪੇਸ਼ ਕਰ ਸਕਦਾ ਹੈ। ਕੋਈ ਕਲਾਕਾਰ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰੂਆਂ, ਭਗਤਾਂ ਜਾਂ ਸ਼ਹੀਦਾਂ ਨੂੰ ਉਨ੍ਹਾਂ ਦੇ ਬਰਾਬਰ ਉੱਚਾ ਹੋ ਕੇ ਗਿਣ ਜਾਂ ਮਿਣ ਲਿਆ ਹੈ। ਫ਼ਿਲਮਾਂ ਆਦਿ ਦੇ ਢੰਗ ਤਰੀਕੇ ਚੰਗੀ ਸੋਚ ਹੋਣ ਦੇ ਬਾਵਜੂਦ ਵੀ ਸ਼ਬਦ-ਗੁਰੂ ਸਿਧਾਂਤ ਦੇ ਬਿਲਕੁਲ ਤਬਾਹਕੁਨ ਵਿਰੋਧੀ ਹਨ।