ਨਿਊਜਰਸੀ ਅਸੈਂਬਲੀ ਤੇ ਸੈਨੇਟ ਵਲੋਂ 14 ਅਪ੍ਰੈਲ ਨੂੰ 'ਸਿੱਖ ਦਿਵਸ' ਦੇ ਤੌਰ 'ਤੇ ਮਾਨਤਾ
ਪੂਰਾ ਅਪ੍ਰੈਲ ਮਹੀਨਾ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਵੀ ਮਤਾ ਪਾਸ
ਅਮਰੀਕਾ ਦੇ ਨਿਊਜਰਸੀ ਸੂਬੇ ਦੀ ਅਸੈਂਬਲੀ ਅਤੇ ਸੈਨੇਟ ਵਿਚ 14 ਅਪ੍ਰੈਲ ਨੂੰ 'ਸਿੱਖ ਦਿਵਸ' ਦੇ ਨਾਂ 'ਤੇ ਪੱਕੇ ਤੌਰ 'ਤੇ ਮਾਨਤਾ ਦੇ ਦਿਤੀ ਹੈ, ਇਥੇ ਹੀ ਇਹ ਮਤਾ ਵੀ ਪੱਕੇ ਤੌਰ 'ਤੇ ਪਾ ਦਿਤਾ ਗਿਆ ਹੈ ਕਿ ਅਪ੍ਰੈਲ ਦਾ ਪੂਰਾ ਮਹੀਨਾ ਸਿੱਖ ਮੁੱਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਿੱਖ ਭਾਵਨਾ ਨਾਲ ਜੋੜਨ ਲਈ ਸਿੱਖ ਧਰਮ ਵਲੋਂ ਪਾਏ ਬੇਨਜ਼ੀਰ ਪੂਰਨਿਆਂ ਦੀ ਪ੍ਰਸ਼ੰਸਾ ਕਰਦਿਆਂ ਹਰ ਸਾਲ ਮਨਾਇਆ ਜਾਵੇਗਾ। ਇਸ ਸਬੰਧੀ ਬਿਲ ਪਾਸ ਹੋ ਚੁੱਕਾ ਹੈ।ਹਰਜਿੰਦਰ ਸਿੰਘ ਨੇ ਦਸਿਆ ਕਿ 14 ਅਪ੍ਰੈਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਕਰਦਿਆਂ ਪੰਜ ਪਿਆਰੇ ਸਾਜੇ ਸਨ। ਇਸ ਸਬੰਧੀ ਨਿਊਜਰਸੀ ਦੀ ਅਸੈਂਬਲੀ ਅਤੇ ਸੈਨੇਟ ਨੇ ਦੋ ਮਤੇ ਵੀ ਪਾਏ ਹਨ ਜਿਨ੍ਹਾਂ ਵਿਚ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਨਿਊਜਰਸੀ ਦੇ ਗਵਰਨਰ ਨੂੰ ਵੀ ਇਤਲਾਹ ਕਰ ਦਿਤੀ ਗਈ ਹੈ ਕਿ 14 ਅਪ੍ਰੈਲ ਨੂੰ ਨਿਊਜਰਸੀ 'ਚ ਸਿੱਖ ਦਿਵਸ ਅਤੇ ਸਾਰਾ ਮਹੀਨਾ ਸਿੱਖ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਵੇਗਾ। ਇਸ ਮਹੀਨੇ ਇਹ ਦਸਿਆ ਜਾਵੇਗਾ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਹਿੰਦੂ ਧਰਮ ਨੂੰ ਬਚਾਉਣ ਲਈ ਦੇਣ ਵਾਸਤੇ ਕਿਹਾ ਸੀ ਅਤੇ ਉਨ੍ਹਾਂ ਇਨਸਾਨੀਅਤ ਲਈ ਦੱਬੇ ਕੁਚਲੇ ਮਜ਼ਲੂਮਾਂ ਲਈ ਅਪਣਾ ਸਰਬੰਸ ਤਕ ਵਾਰ ਦਿਤਾ। ਬਿਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਸਿੱਖ ਧਰਮ ਪ੍ਰਤੀ ਗ਼ਲਤ ਧਾਰਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ, ਉਹ ਵੀ ਦੂਰ ਕੀਤੀਆਂ ਜਾਣਗੀਆਂ। ਇਸ ਬਿਲ ਦੇ ਪਾਸ ਕਰਨ ਪਿੱਛੇ ਸੋਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਰਹੀ ਹੈ।