ਝੂਠੇ ਮੁਕਾਬਲੇ, ਡਰੱਗਜ਼, ਦਰਬਾਰ ਸਾਹਿਬ ਦੇ ਫ਼ੌਜੀ ਹਮਲੇ 'ਚ ਪੰਜਾਬ ਸ਼ਮਸ਼ਾਨਘਾਟ ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ ਪਲਾਸੌਰ..

Punjab

ਅੰਮ੍ਰਿਤਸਰ, 7 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ,  ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਵਰਣ-ਵੰਡ ਵਿਚਾਰਧਾਰਾ ਦੀਆਂ ਪਹਿਰੇਦਾਰ ਜਥੇਬੰਦੀਆਂ ਸਿੱਖੀ ਤੇ ਲਗਾਤਾਰ ਹਮਲੇ ਕਰਦੀਆਂ ਆਈਆਂ ਹਨ। ਦਰਬਾਰ ਸਾਹਿਬ 'ਤੇ ਹਮਲਾ ਕਰ ਕੇ, ਝੂਠੇ ਮੁਕਾਬਲੇ ਬਣਾ ਕੇ, ਜਵਾਨੀ ਨਸ਼ਿਆਂ ਵਿਚ ਬਰਬਾਦ ਕਰ ਕੇ ਪੰਜਾਬ ਨੂੰ ਸ਼ਮਸ਼ਾਨ ਘਾਟ ਦਾ ਰੂਪ ਦੇ ਦਿਤਾ ਅਤੇ ਨਾਹਰੇ ਪੰਜਾਬ ਅੰਦਰ ਮੁਕੰਮਲ ਸ਼ਾਂਤੀ ਦੇ ਲਾਏ ਗਏ। ਹੁਣ ਖ਼ੁਦਕੁਸ਼ੀਆਂ ਰਾਹੀਂ ਕਿਸਾਨੀ ਨੂੰ ਬਰਬਾਦ ਕਰ ਕੇ ਸਿੱਖੀ ਅਤੇ ਪੰਜਾਬ ਉਪਰ ਹਮਲਿਆਂ ਦਾ ਸਿਲਸਿਲਾ ਜਾਰੀ ਹੈ।
ਦੇਸ਼ ਅੰਦਰ ਮੌਜੂਦਾ ਵਿਕਾਸ ਦਾ ਮਾਡਲ ਲੁੱਟ ਅਤੇ ਕੁੱਟ ਦਾ ਮਾਡਲ ਬਣ ਕੇ ਸਾਹਮਣੇ ਆਇਆ ਹੈ ਜਿਸ ਕਾਰਨ ਸਮੁੱਚੇ ਹਿੰਦੁਸਤਾਨ ਅੰਦਰ ਪੰਜਾਬ ਸਮੇਤ 4 ਲੱਖ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਗਏ। ਪਰ ਦੂਜੇ ਬੰਨੇ ਮੁਕੇਸ਼ ਅੰਬਾਨੀ ਦੇਸ਼ ਦਾ ਸੱਭ ਤੋਂ ਵੱਡਾ ਮਾਇਆਧਾਰੀ ਬਣ ਕੇ ਸਾਹਮਣੇ ਆਇਆ ਹੈ। ਅੱਜ ਤਕ ਦੀਆਂ ਸਾਰੀਆਂ ਸਰਕਾਰਾਂ ਨੇ ਗ਼ਰੀਬਾ ਦੇ ਹਮਾਇਤੀ ਹੋਣ ਦੇ ਮਗਰਮੱਛ ਦੇ ਹੰਝੂ ਵਹਾਏ। ਪਰ ਸਾਰੀਆਂ ਕਾਰਵਾਈਆਂ ਡਰਾਮੇਬਾਜ਼ੀ ਸਾਬਤ ਹੋਈਆਂ। ਖ਼ਬਰਾਂ ਹਨ ਕਿ ਹਿੰਦੁਸਤਾਨ ਦਾ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ ਇਕ ਸਾਲ ਵਿਚ 78000 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਅੰਬਾਨੀ ਦੀ ਵਧੀ ਆਮਦਨ ਪ੍ਰਧਾਨ ਮੰਤਰੀ ਮੋਦੀ ਦੇ ਝੂਠ ਦਾ ਭਾਂਡਾ ਚੋਰਾਹੇ ਵਿਚ ਭੰਨ ਰਹੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਗ਼ਰੀਬਾਂ ਦਾ ਲੁੱਟਿਆ ਪੈਸਾ ਲੁਟੇਰਿਆਂ ਕੋਲੋਂ ਵਾਪਸ ਕਰਾਇਆ ਜਾਵੇਗਾ।
ਖਾਲੜਾ ਮਿਸ਼ਨ ਤੇ ਸਹਿਯੋਗੀ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਗੁਰਬਾਣੀ ਦਾ ਓਟ ਆਸਰਾ ਲੈਣ। ਗੁਰੂਆਂ ਦਾ ਰਾਹ ਖ਼ੁਦਕੁਸ਼ੀਆਂ ਦੇ ਰਾਹ ਪੈਣ ਦੀ ਥਾਂ ਜੁਰਮ ਨਾਲ ਟੱਕਰ ਲੈਣ। ਹਾਕਮਾਂ ਨੂੰ ਅਪੀਲ ਹੈ ਕਿ ਉਹ ਕਿਸਾਨਾਂ ਦੇ ਕਰਜ਼ੇ ਉਪਰ ਮੁਕੰਮਲ ਲੀਕ ਫੇਰ ਕੇ ਆੜ੍ਹਤੀਆ ਸਿਸਟਮ ਖ਼ਤਮ ਕਰਨ ਤਾਂ ਜੋ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕ ਸਕੇ ਅਤੇ ਲੁੱਟ ਅਤੇ ਕੁੱਟ ਦੀ ਮੁਕੰਮਲ ਪੜਤਾਲ ਹੋਵੇ।