ਦਿੱਲੀ ਵਿਚ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਵਿਸ਼ੇਸ਼ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਵਿਚ ਅੱਜ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਹੋÂੋ ਖ਼ਾਸ ਸਮਾਗਮ ਦੌਰਾਨ ਦਿੱਲੀ ਦੇ ਸਿੱਖਾਂ ਨੂੰ ਪ੍ਰੇਰਿਆ ਗਿਆ ਕਿ ਉਹ 'ਉੱਚਾ ਦਰ..' ਦੇ ਬਕਾਇਆ 20 ਫ਼ੀ ਸਦੀ ਹਿੱਸੇ ਦੀ

Seminar

 

ਨਵੀਂ ਦਿੱਲੀ, 6 ਅਗੱਸਤ (ਅਮਨਦੀਪ ਸਿੰਘ): ਦਿੱਲੀ ਵਿਚ ਅੱਜ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਹੋÂੋ ਖ਼ਾਸ ਸਮਾਗਮ ਦੌਰਾਨ ਦਿੱਲੀ ਦੇ ਸਿੱਖਾਂ ਨੂੰ ਪ੍ਰੇਰਿਆ ਗਿਆ ਕਿ ਉਹ 'ਉੱਚਾ ਦਰ..' ਦੇ ਬਕਾਇਆ 20 ਫ਼ੀ ਸਦੀ ਹਿੱਸੇ ਦੀ ਉਸਾਰੀ ਦੀ ਜ਼ਿੰਮੇਵਾਰੀ ਅਪਣੇ ਮੋਢਿਆਂ 'ਤੇ ਲੈ ਕੇ, ਗੁਰੂ ਨਾਨਕ ਪਾਤਸ਼ਾਹ ਦੇ ਸਰਬ ਸਾਂਝੀਵਾਲਤਾ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਵਿਚ ਪਹੁੰਚਾਉਣ ਲਈ ਨਿਤਰ ਕੇ ਸਾਹਮਣੇ ਆਉਣ।
ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਸੀ-2, ਜਨਕਪੁਰੀ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਏ ਵੱਖ-ਵੱਖ ਬੁਲਾਰਿਆਂ ਨੇ ਸੰਗਤ ਨੂੰ ਦਸਿਆ ਕਿ 'ਉੱਚਾ ਦਰ' ਦੇ ਪੂਰਾ ਹੋਣ ਨਾਲ ਕਿਸ ਤਰ੍ਹਾਂ ਦੁਨੀਆਂ ਵਿਚ ਇਕ ਅਜੂਬੇ ਦੇ ਤੌਰ 'ਤੇ ਨਾ ਸਿਰਫ਼ ਗੁਰੂ ਨਾਨਕ ਵਿਚਾਰਧਾਰਾ ਨੂੰ ਅਤਿ ਆਧੁਨਿਕ ਢੰਗ ਤਰੀਕਿਆਂ ਰਾਹੀਂ ਪਹੁੰਚਾਇਆ ਜਾਵੇਗਾ, ਬਲਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਦੀਨ ਦੁਖੀਆਂ ਨੂੰ ਆਸਰਾ ਵੀ ਮਿਲੇਗਾ ।
ਸਮਾਗਮ ਵਿਚ 'ਰੋਜ਼ਾਨਾ ਸਪੋਕਸਮੈਨ' ਦੀਆਂ ਕਾਪੀਆਂ ਤੇ 'ਉਚਾ ਦਰ' ਕਿਤਾਬਚੇ ਵੀ ਵੰਡੇ ਗਏ। ਸਮਾਗਮ ਦੀ ਸਰਪ੍ਰਸਤੀ ਕਰਦੇ ਹੋਏ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁਖ ਸਰਪ੍ਰਸਤ ਮੈਂਬਰ ਸ. ਬਲਵਿੰਦਰ ਸਿੰਘ ਅੰਬਰਸਰੀਆ ਨੇ ਭਰਵੀਂ ਤਾਦਾਦ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਹੁਣ ਤਕ 80 ਤੋਂ 85 ਫ਼ੀ ਸਦੀ ਤਕ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਪੂਰੀ ਹੋ ਚੁਕੀ ਹੈ ਤੇ ਬਾਕੀ ਦੇ 20 ਫ਼ੀ ਸਦੀ ਹਿੱਸੇ ਲਈ ਦਿੱਲੀ ਦੀ ਸੰਗਤ ਅੱਗੇ ਆਵੇ। ਉਨ੍ਹਾਂ ਕਿਹਾ ਕਿ 'ਉੱਚਾ ਦਰ' ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਹੋਵੇਗਾ। ਇਥੋਂ ਗ਼ਰੀਬਾਂ, ਲੋੜਵੰਦਾਂ ਦੀ ਮਦਦ ਵੀ ਕੀਤੀ ਜਾਵੇਗੀ ਅਤੇ ਮੈਂਬਰਾਂ ਨੂੰ ਖ਼ਾਸ ਸਹੂਲਤਾਂ ਵੀ ਮਿਲਣਗੀਆਂ। ਉਨ੍ਹਾਂ ਕਿਹਾ ਕਿ 'ਉੱਚਾ ਦਰ' ਦੇ ਪੂਰੇ  ਹੋਣ ਪਿੱਛੋਂ ਇਸ ਨਾਲ ਲਗਦੇ ਇਲਾਕੇ ਵਿਚ 'ਨਾਨਕ ਨਗਰ' ਵਸਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸ.ਅੰਬਰਸਰੀਆ ਨੇ ਸੰਗਤ ਨੂੰ ਵੱਧ ਤੋਂ ਵੱਧ 'ਉੱਚਾ ਦਰ' ਦੀ ਮੈਂਬਰਸ਼ਿਪ ਲੈਣ ਦੀ ਬੇਨਤੀ ਕੀਤੀ ਤੇ ਭਰੋਸਾ ਦਿਵਾਇਆ ਕਿ 'ਉੱਚਾ ਦਰ' ਦੇ ਪ੍ਰਬੰਧ ਲਈ ਮੈਂਬਰਾਂ ਵਿਚੋਂ ਹੀ ਚੋਣ ਹੋਵੇਗੀ ਜਿਸ ਲਈ ਸੰਗਤ ਨੂੰ ਇਸ ਨੇਕ ਕਾਰਜ ਲਈ ਅਪਣਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਗੁਰਦਵਾਰਾ ਕਮੇਟੀ ਦੀ ਪ੍ਰਧਾਨ ਬੀਬੀ ਪਰਵਿੰਦਰ ਕੌਰ ਲਾਂਬਾ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ, “ਜਿਸ ਤਰ੍ਹਾਂ ਇਕ ਚਿੜੀ ਕਿਣਕਾ ਕਿਣਕਾ ਕਰ ਕੇ ਅਪਣਾ ਘਰ ਬਣਾਉਂਦੀ ਹੈ, ਉਸੇ ਤਰ੍ਹਾਂ ਅਸੀਂ ਵੀ ਗੁਰੂ ਨਾਨਕ ਦੇ 'ਉੱਚਾ ਦਰ' ਵਿਚ ਅਪਣਾ ਹਿੱਸਾ ਪਾਈਏ ਤਾਕਿ 'ਉੱਚਾ ਦਰ' ਦੀ ਇਮਾਰਤ ਛੇਤੀ ਤਿਆਰ ਹੋ ਸਕੇ। ਉਨ੍ਹਾਂ ਦਸਿਆ ਕਿ ਉਹ ਖ਼ੁਦ ਬੀਤੇ ਦਿਨੀਂ 'ਉੱਚਾ ਦਰ' ਦੀ ਇਮਾਰਤ ਵੇਖ ਕੇ ਆਏ ਹਨ ਤੇ ਇਹ ਸੱਚਮੁਚ 15 ਏਕੜ ਦੀ ਥਾਂ 'ਤੇ ਇਕ ਅਜੂਬਾ ਹੀ ਤਿਆਰ ਹੋ ਰਿਹਾ ਹੈ, ਜਿਥੋਂ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਦਿਤਾ ਜਾਵੇਗਾ।  
'ਸਪੋਕਸਮੈਨ' ਦੇ ਪੁਰਾਣੇ ਹਮਦਰਦ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਪੰਥਕ ਦਰਦ ਨਾਲ ਭਿੱਜੀ ਅਪਣੀ ਤਕਰੀਰ ਰਾਹੀਂ ਸੰਗਤ ਨੂੰ ਮੌਜੂਦਾ ਸਮੇਂ ਗੁਰਦਵਾਰਿਆਂ ਦੀ ਸਿਆਸਤ ਨਾਲ ਸਿੱਖੀ ਦੇ ਹੋ ਰਹੇ ਘਾਣ ਤੋਂ ਜਾਣੂ ਕਰਵਾਉਂਦੇ ਹੋਏ ਸਿਆਸੀ ਤੇ ਧਾਰਮਕ ਸਿੱਖ ਆਗੂਆਂ ਦੀ ਪੰਥ ਪ੍ਰਤੀ ਗ਼ਫਲਤ 'ਤੇ ਡੂੰਘਾ ਅਫ਼ਸੋਸ ਪ੍ਰਗਟਾਇਆ ਤੇ ਕਿਹਾ, “ਜਿਸ ਤਰ੍ਹਾਂ ਅੱਜ ਸਿੱਖ ਕੌਮ ਦੇ ਭਵਿੱਖ 'ਤੇ ਸੰਕਟ ਦੇ ਕਾਲੇ ਬੱਦਲ ਛਾਏ ਹੋਏ ਹਨ ਅਜਿਹੇ ਹਾਲਾਤ ਵਿਚ 'ਉੱਚਾ ਦਰ ਬਾਬੇ ਨਾਨਕ ਦਾ' ਇਕ ਆਸ ਦੀ ਕਿਰਨ ਹੈ ।
ਭਾਈ ਤਰਸੇਮ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਦੇ ਸੰਘਰਸ਼ਮਈ ਦਿਨਾਂ ਦੀ ਯਾਦ ਤਾਜ਼ਾ ਕਰਦੇ ਹੋਏ ਕਿਹਾ, “ਸਪੋਕਸਮੈਨ ਰਸਾਲੇ ਤੋਂ ਰੋਜ਼ਾਨਾ ਅਖ਼ਬਾਰ ਦਾ ਸਫ਼ਰ ਤੈਅ ਕਰਨ ਵੇਲੇ ਬੜੀ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਵਜੂਦ ਇਸ ਦੇ ਸ.ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਸਿਰੜ ਨਾ ਛਡਿਆ। ਸਰਕਾਰਾਂ ਦੀ ਅੰਨ੍ਹੀ ਵਿਰੋਧਤਾ ਸਹਿਣ ਕੀਤੀ ਤੇ ਅਪਣੀ ਜਾਇਦਾਦ ਤਕ ਸਮਰਪਣ ਕਰ ਕੇ, ਅੱਜ 'ਉੱਚਾ ਦਰ' ਦੀ 80 ਫ਼ੀ ਸਦੀ ਇਮਾਰਤ ਤਿਆਰ ਕਰ ਕੇ ਵਿਖਾ ਦਿਤੀ ਹੈ, ਜੋ ਗੁਰੂ ਨਾਨਕ ਦਾ ਚਮਤਕਾਰ ਹੀ ਹੈ।''
'ਉੱਚਾ ਦਰ' ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸ. ਅਮਰ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤਕ ਦੇ ਕੌਮ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਅਜੋਕੀ ਸਿੱਖ ਨੌਜੁਆਨ ਪੀੜ੍ਹੀ ਨੂੰ ਸਿੱਖੀ ਦੇ ਨੇੜੇ ਲਿਆਉਣ ਤੇ ਬਾਬੇ ਨਾਨਕ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ 'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਸ.ਜੋਗਿੰਦਰ ਸਿੰਘ ਵਲੋਂ ਚਿਤਵੇ 'ਉੱਚਾ ਦਰ' ਦੇ ਕੌਮੀ ਕਾਰਜ ਨੂੰ ਪੂਰਾ ਕਰਨ ਲਈ ਧਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਹੋਕਾ ਦਿਤਾ।
ਸ.ਅਮਰ ਸਿੰਘ ਨੇ ਦਸਿਆ ਕਿ ਸ.ਜੋਗਿੰਦਰ ਸਿੰਘ ਦਾ ਟੀਚਾ ਹੈ ਕਿ ਛੇਤੀ ਤੋਂ ਛੇਤੀ ਉੱਚਾ ਦਰ ਮਨੁੱਖਤਾ ਨੂੰ ਸਮਰਪਤ ਕਰ ਦਿਤਾ ਜਾਵੇ, ਫਿਰ ਇਕ ਸਾਲ ਦੇ ਅੰਦਰ-ਅੰਦਰ 'ਨਾਨਕ  ਪ੍ਰਕਾਸ਼' ਟੀਵੀ ਚੈੱਨਲ ਵੀ ਸ਼ੁਰੂ ਕਰ ਦਿਤਾ ਜਾਵੇਗਾ।
ਉਨ੍ਹਾਂ 'ਉੱਚਾ ਦਰ' ਦੀ ਸਰਪ੍ਰਸਤੀ ਵਿਚ ਸਿੱਖ ਧਰਮ ਬਾਰੇ ਇਕ ਖੋਜ ਤੇ ਪ੍ਰਕਾਸ਼ਨ ਘਰ ਕਾਇਮ ਕਰਨਾ, ਵੱਖ-ਵੱਖ ਜੁਬਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਮਨੁੱਖ ਮਾਤਰ ਤਕ ਪਹੁੰਚਾਉਣਾ, ਫ਼ਿਲਮਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਸਮਝਾਉਣਾ, ਭਾਈ ਲਾਲੋ ਦੀ ਯਾਦਗਾਰ ਕਾਇਮ ਕਰਨਾ ਤੇ ਹੋਰ ਟੀਚਿਆਂ ਬਾਰੇ ਸੰਗਤ ਨੂੰ ਖੁਲ੍ਹ ਕੇ ਸਮਝਾਇਆ।
ਇਸ ਮੌਕੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਸੀ-ਬਲਾਕ, ਵਿਕਾਸਪੁਰੀ ਦੇ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਮਨਮੋਹਨ ਸਿੰਘ ਨੇ ਸੰਗਤ ਨੂੰ ਦਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿੰਦੇ ਹੋਏ ਪਹਿਲਾਂ ਸ਼ੰਭੂ ਬੈਰੀਅਰ ਨੇੜੇ 'ਉੱਚਾ ਦਰ' ਦਾ ਪ੍ਰਾਜੈਕਟ ਖ਼ੁਦ ਉਥੇ ਜਾ ਕੇ ਵੇਖਿਆ ਸੀ ਤੇ ਫਿਰ ਅਪਣੇ ਪ੍ਰਬੰਧ ਹੇਠਲੇ ਗੁਰਦਵਾਰੇ ਵਿਚ 'ਉੱਚਾ ਦਰ' ਬਾਰੇ ਸੈਮੀਨਾਰ ਕਰਵਾ ਕੇ, ਸੰਗਤ ਨੂੰ ਇਸ ਬਾਰੇ ਦਸਿਆ ਗਿਆ ਸੀ। ਉਨ੍ਹਾਂ ਅਜਿਹੇ ਕਾਰਜਾਂ ਲਈ ਮਦਦ ਲਈ ਪ੍ਰ੍ਰੇਰਨਾ ਕੀਤੀ ਤੇ ਪੁਛਿਆ, “ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਸਿਆਣੇ ਹੋ ਗਏ ਹਾਂ, ਜੋ ਸੋਨੇ ਦੀਆਂ ਪਾਲਕੀਆਂ ਬਣਵਾ ਰਹੇ ਹਾਂ?''
ਪ੍ਰਚਾਰਕ ਭਾਈ ਜੋਗਿੰਦਰ ਸਿੰਘ ਨੇ ਜਿਥੇ ਸਿੱਖੀ ਦੀ ਪ੍ਰਫੁੱਲਤਾ ਲਈ ਸ.ਜੋਗਿੰਦਰ ਸਿੰਘ ਵਲੋਂ 'ਉੱਚਾ ਦਰ' ਦੇ ਸ਼ੁਰੂ ਕੀਤੇ ਗਏ ਪ੍ਰਾਜੈਕਟ ਲਈ ਸੰਗਤ ਨੂੰ  ਦਿਲ ਖੋਲ੍ਹ ਕੇ ਮਾਇਆ ਦੇਣ ਦੀ ਅਪੀਲ ਕੀਤੀ, ਉਥੇ ਭਾਈ ਹਰਿਮੰਦਰ ਸਿੰਘ ਨੇ ਸਿੱਖ ਧਰਮ ਤੇ ਡੇਰਾਵਾਦ ਰੂਪੀ ਅਮਰ ਵੇਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਲਾਲੋਆਂ ਨੂੰ ਵੀ ਅੱਗੇ ਵੱਧ ਕੇ, 'ਉੱਚਾ ਦਰ' ਵਿਚ ਅਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ 'ਉੱਚਾ ਦਰ' ਦੇ ਮੈਂਬਰ ਸ.ਧਰਮ ਸਿੰਘ, ਸ.ਗੁਰਬਚਨ ਸਿੰਘ, ਸ.ਹਰੀ ਸਿੰਘ, ਸ.ਰਾਜੇਸ਼ ਸਿੰਘ, ਬੀਬੀ ਜਸਪਾਲ ਕੌਰ, ਸ.ਸੁਰਜੀਤ ਸਿੰਘ ਕਥੂਰੀਆ,  ਬੀਬੀ ਮਨਜੀਤ ਕੌਰ, ਸ.ਅਮਰੀਕ ਸਿੰਘ ਚੰਦਰ ਵਿਹਾਰ ਸਣੇ ਪਰਮਜੀਤ ਸਿੰਘ ਅਹੂਜਾ, ਜਨਕਪੁਰੀ ਵੀ ਸ਼ਾਮਲ ਹੋਏ।
ਅਖ਼ੀਰ ਵਿਚ ਸ.ਬਲਵਿੰਦਰ ਸਿੰਘ ਅੰਬਰਸਰੀਆ ਨੇ ਸਮਾਗਮ ਕਰਵਾਉਣ ਵਿਚ ਸਹਿਯੋਗ ਦੇਣ ਲਈ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉੇਚੇਚਾ ਧਨਵਾਦ ਕੀਤਾ। ਸ.ਬਲਵਿੰਦਰ ਸਿੰਘ ਅੰਬਰਸਰੀਆ ਨੇ ਦਸਿਆ ਕਿ ਅੱਜ ਦੇ ਸਮਾਗਮ ਪਿੱਛੋਂ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਜਗਮੋਹਨ ਸਿੰਘ ਨਾਲ ਮੀਟਿੰਗ ਹੋਈ ਹੈ ਜਿਸ ਵਿਚ ਉੱਚਾ ਦਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤੇ ਸ.ਜਗਮੋਹਨ ਸਿੰਘ ਨੇ ਵੀ ਭਵਿੱਖ ਵਿਚ 'ਉੱਚਾ ਦਰ ਲਈ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ।