ਬਲਤੇਜ ਸਿੰਘ ਢਿੱਲੋਂ ਨੂੰ ਮਿਲੇਗਾ ਕੌਮਾਂਤਰੀ ਐਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਦਾ ਮੁਸ਼ਕਲਾਂ ਭਰਿਆ ਰਿਹਾ ਸਫ਼ਰ

Baltej Singh Dhillon

ਚੰਡੀਗੜ੍ਹ : ਉਂਝ ਮੌਜੂਦਾ ਸਮੇਂ ਵਿਚ ਭਾਵੇਂ ਕੈਨੇਡਾ ਦੀ ਪੁਲਿਸ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਭਰਤੀ ਹੋ ਚੁੱਕੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੈਨੇਡਾ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੌਣ ਸਨ? ਗੱਲ ਕਰਾਂਗੇ ਸਰਦਾਰ ਬਲਤੇਜ ਸਿੰਘ ਢਿੱਲੋਂ ਜੀ ਦੀ, ਜਿਨ੍ਹਾਂ ਨੂੰ ਕੈਨੇਡਾ ਦੀ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ 1990 ਵਿਚ ਹਾਸਲ ਹੋਇਆ ਸੀ ਤੇ ਹੁਣ ਉਨ੍ਹਾਂ ਨੂੰ ਸਾਲ 2018-19 ਲਈ ਕਮਿਊਨਿਕੇਸ਼ਨ ਤੇ ਲੀਡਰਸ਼ਿਪ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। 

ਬਲਤੇਜ ਸਿੰਘ ਢਿੱਲੋਂ ਦਾ ਇਹ ਸਫ਼ਰ ਬਹੁਤ ਹੀ ਮੁਸ਼ਕਲਾਂ ਭਰਿਆ ਸੀ।  ਉਨ੍ਹਾਂ ਨੂੰ ਇਸ ਸ਼ੁਰੂਆਤੀ ਸਫ਼ਰ ਵਿਚ ਥਾਂ-ਥਾਂ 'ਤੇ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਬਲਤੇਜ ਸਿੰਘ ਢਿੱਲੋਂ ਨੇ ਹਿੰਮਤ ਨਹੀਂ ਸੀ ਹਾਰੀ ਅਤੇ ਆਉਂਦੀਆਂ ਮੁਸ਼ਕਲਾਂ ਦਾ ਹੱਸ ਕੇ ਸਾਹਮਣਾ ਕੀਤਾ। ਬਲਤੇਜ ਸਿੰਘ ਢਿੱਲੋਂ ਨੇ ਪੁਲਿਸ ਵਿਚ ਭਰਤੀ ਹੋਣ ਲਈ ਸਾਰੇ ਟੈਸਟ ਪਾਸ ਕੀਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਕਿਉਂਕਿ ਉਥੇ ਕੋਈ ਦਸਤਾਰਧਾਰੀ ਨੌਕਰੀ ਨਹੀਂ ਕਰ ਰਿਹਾ ਸੀ ਪਰ ਇਸ ਲਈ ਉਨ੍ਹਾਂ ਨੂੰ ਕਾਫ਼ੀ ਸਮੇਂ ਤੱਕ ਸੰਘਰਸ਼ ਕਰਨਾ ਪਿਆ, ਫਿਰ ਉਨ੍ਹਾਂ ਨੂੰ 1990 ਵਿਚ ਪੁਲਿਸ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ।

ਨੌਕਰੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਲੋਕਾਂ ਨੇ ਤਾਂ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਤਕ ਵੀ ਦਿਤੀਆਂ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਸੀ ਮੰਨੀ ਕਿਉਂਕਿ ਉਹ ਹਮੇਸ਼ਾ ਵਾਹਿਗੁਰੂ ਜੀ ਨੂੰ ਅਪਣੇ ਅੰਗ-ਸੰਗ ਸਮਝਦੇ ਅਤੇ ਪਰਮਾਤਮਾ ਵਿਚ ਅਪਣਾ ਵਿਸ਼ਵਾਸ ਬਣਾ ਕੇ ਰਖਦੇ। 27 ਸਾਲਾਂ ਤੋਂ ਉਹ ਅਪਣੀ ਡਿਊਟੀ ਕਰਦੇ ਆ ਰਹੇ ਹਨ ਅਤੇ ਹੁਣ ਤਕ 5-6 ਵਾਰ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ। ਹੁਣ ਉਹ ਇੰਸਪੈਕਟਰ ਦੇ ਅਹੁਦੇ 'ਤੇ ਹਨ।

ਅਪਣੇ ਪਿਛੋਕੜ ਬਾਰੇ ਦਸਦਿਆਂ ਢਿੱਲੋਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਜਨਮ 1966 ਵਿਚ ਮਲੇਸ਼ੀਆ ਵਿਚ ਹੋਇਆ ਅਤੇ ਉਹ 16 ਸਾਲ ਉੱਥੇ ਹੀ ਰਹੇ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਆ ਗਏ। ਉਨ੍ਹਾਂ ਕੈਨੇਡਾ ਦੀ ਸਿਫ਼ਤ ਕਰਦਿਆਂ ਵੀ ਕਈ ਵਾਰ ਮੀਡੀਆ ਵਿਚ ਕਿਹਾ ਕਿ ਇਥੇ ਕਾਨੂੰਨ ਦਾ ਜ਼ੋਰ ਹੈ ਅਤੇ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੁੰਦਾ। ਭਾਵੇਂ ਕੋਈ ਇਥੇ ਸ਼ਰਨਾਰਥੀ ਹੋਵੇ ਜਾਂ ਇਥੋਂ ਦਾ ਪੱਕਾ ਨਾਗਰਿਕ। ਉਨ੍ਹਾਂ ਨੂੰ 2011 ਵਿਚ ਪੰਜਾਬ ਵਿਚ ਬੁਲਾ ਕੇ ਮਾਣ ਸਤਿਕਾਰ ਦਿਤਾ ਗਿਆ ਸੀ। ਉਹ ਅਪਣੀ ਪਤਨੀ ਅਤੇ ਦੋ ਧੀਆਂ ਨਾਲ ਸਰੀ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਧੀ ਕੈਨੇਡਾ ਦੀ ਮਿਲਟਰੀ ਵਿਚ ਸੇਵਾ ਨਿਭਾ ਰਹੀ ਹੈ।