ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਹਰ ਸਿੱਖ ਦਾ ਫ਼ਰਜ਼: ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

31 ਮਾਰਚ ਨੂੰ ਪਿੰਡ ਅਗਵਾਨ ਵਿਖੇ ਨਵੇਂ ਦਰਬਾਰ ਅਤੇ ਦੀਵਾਨ ਹਾਲ ਦੇ ਨੀਂਹ ਪੱਥਰ ਸਮਾਗਮ ਵਿਚ ਸਿੱਖ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ

Gobind Singh Longowal

ਕਲਾਨੌਰ : ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਵਿਚ ਸੇਵਾ ਕਰਨਾ ਹਰ ਸਿੱਖ ਦਾ ਕੌਮੀ ਫ਼ਰਜ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਫ਼ਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦ ਵਿਚ ਪਿੰਡ ਅਗਵਾਨ ਵਿਚ ਬਣੇ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਬੇਮਿਸਾਲ ਹੈ ਅਤੇ ਅੱਜ ਇਨ੍ਹਾਂ ਦੇ ਯਾਦਗਾਰੀ ਅਸਥਾਨ ਤੇ ਨਤਮਸਤਕ ਹੋ ਕੇ ਦਿਲੀ ਖ਼ੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਾਤਾ ਪਿਆਰ ਕੌਰ ਜੀ ਦੇ ਪੁੱਤਰ ਭਾਈ ਸਤਵੰਤ ਸਿੰਘ ਅਗਵਾਨ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ ਅਤੇ ਸ਼ਹੀਦਾਂ ਦੀ ਯਾਦ ਵਿਚ ਇਥੇ ਬਣਨ ਵਾਲੇ ਨਵੇਂ ਦੀਵਾਨ ਹਾਲ ਅਤੇ ਦਰਬਾਰ ਹਾਲ ਦੀ ਸੇਵਾ ਵਿਚ ਵੀ ਸ਼੍ਰੋਮਣੀ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।

ਉਨ੍ਹਾਂ 31 ਮਾਰਚ ਨੂੰ ਪਿੰਡ ਅਗਵਾਨ ਵਿਖੇ ਹੋਣ ਵਾਲੇ ਗੁ: ਯਾਦਗਾਰ-ਏ-ਸ਼ਹੀਦਾਂ ਦੇ ਨਵੇਂ ਦਰਬਾਰ ਅਤੇ ਦੀਵਾਨ ਹਾਲ ਦੇ ਨੀਂਹ ਪੱਥਰ ਸਮਾਗਮ ਵਿਚ ਸਿੱਖ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮਾਤਾ ਪਿਆਰ ਕੌਰ (ਮਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ) ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਨਮਾਨ ਕੀਤਾ ਗਿਆ ਹੈ।