ਬਿਜਲੀ ਦੇ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ, ਪਾਵਨ ਸਰੂਪ ਅਗਨ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਸਰੂਪ ਅੱਗ ਦੀ ਲਪਟ ਵਿਚ ਆਉਣ ਤੋਂ ਬਚ ਗਏ। 

Guru Granth Sahib JI

 

ਅਜੀਤਵਾਲ (ਅਵਤਾਰ ਸਿੰਘ) : ਇਤਹਾਸਕ ਪਿੰਡ ਢੁੱਡੀਕੇ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਚ ਬਿਜਲੀ ਦੇ ਸ਼ਾਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਰੂਪ ਅਗਨ ਭੇਟ ਹੋਣ ਦਾ ਪਤਾ ਲੱਗਾ ਹੈ। ਜਿਸ ਬਾਰੇ ਪਤਾ ਲਗਦਿਆਂ ਹੀ ਇਲਾਕੇ ਵਿਚ ਰੋਸ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰ ਕਰੀਬ 5 ਵਜੇ ਜਦ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਸਾਹਿਬ ਵਾਲੇ ਕਮਰੇ ਵਿਚੋਂ ਧੂੰਆਂ ਨਿਕਲ ਰਿਹਾ ਸੀ ਤਾਂ ਲੋਕਾਂ ਨੇ ਜਦ ਅੰਦਰ ਜਾ ਕੇ ਵੇਖਿਆ ਤਾਂ ਉਥੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਉਥੇ ਲੱਗੇ ਏ.ਸੀ ਦੇ ਮਿਲਟ ਹੋਣ ਕਾਰਨ ਅਗਨ ਭੇਟ ਹੋ ਚੁਕਿਆ ਸੀ ਅਤੇ ਉਥੇ ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਸਰੂਪ ਅੱਗ ਦੀ ਲਪਟ ਵਿਚ ਆਉਣ ਤੋਂ ਬਚ ਗਏ। 

ਮੌਕੇ ਦਾ ਜਾਇਜ਼ਾ ਲੈਂਦਿਆਂ ਡੀ.ਐਸ.ਪੀ ਬੱਧਨੀ ਕਲਾਂ ਮੁਹੰਮਦ ਸਰਫ਼ਰਾਜ ਆਲਮ ਨੇ ਦਸਿਆ ਕਿ ਇਹ ਘਟਨਾ ਬਿਜਲੀ ਦੇ ਸ਼ਾਟ ਸਰਕਟ ਨਾਲ ਹੋਈ ਹੈ ਅਤੇ ਪੁਲਿਸ ਵਲੋਂ ਮੌਕੇ ’ਤੇ ਬਿਜਲੀ ਅਧਿਕਾਰੀਆਂ ਨੂੰ ਬੁਲਾ ਕੇ ਹੋਏ ਸ਼ਾਟ ਸਰਕਟ ਦੀ ਜਾਂਚ ਕਰਵਾਈ ਗਈ ਹੈ। ਜਿਸ ਸਮੇਂ ਪਿੰਡ ਢੁੱਡੀਕੇ ਦੇ ਮੌਜੂਦਾ ਸਰਪੰਚ ਜਸਵੀਰ ਸਿੰਘ ਢਿੱਲੋਂ ਅਤੇ ਪਿੰਡ ਦੇ ਵੱਡੇ ਇਕੱਠੇ ਨੇ ਹੋਈ ਇਸ ਘਟਨਾ ’ਤੇ ਚਿੰਤਾ ਜਤਾਈ। ਇਸ ਘਟਨਾ ਬਾਰੇ ਪਤਾ ਚਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਮਦਮਾ ਸਾਹਿਬ ਤੋਂ ਭਾਈ ਗੁਰਪ੍ਰੀਤ ਸਿੰਘ, ਭਾਈ ਲਖਵੀਰ ਸਿੰਘ, ਭਾਈ ਗੁਲਾਬਜਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ

ਅਤੇ ਉਨ੍ਹਾਂ ਵਲੋਂ ਅਗਨ ਭੇਟ ਹੋਏ ਸਰੂਪ, ਦੋ ਅੱਗ ਦੀ ਲਪੇਟ ਵਿਚ ਆਏ ਸਰੂਪ ਅਤੇ 20 ਸੈਂਚੀਆਂ ਨੂੰ ਗੋਇੰਦਵਾਲ ਸਾਹਿਬ ਪਹੁੰਚਾ ਦਿਤਾ ਗਿਆ ਹੈ ਅਤੇ ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੋਈ ਸਾਰੀ ਘਟਨਾ ਬਾਰੇ ਚਿੱਠੀ ਲਿਖ ਕੇ ਸੂਚਨਾ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਜਦ ਤਕ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਜਵਾਬ ਨਹੀਂ ਆਵੇਗਾ ਤਦ ਤਕ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਵਿਚ ਪ੍ਰਕਾਸ਼ ਨਹੀਂ ਕੀਤੇ ਜਾਣਗੇ।