ਦਿੱਲੀ ਫ਼ਤਿਹ ਦਿਹਾੜੇ ਦੇ ਜਸ਼ਨਾਂ ਦੀ ਲੜੀ 'ਚ  ਖ਼ਾਲਸਾਈ ਖੇਡਾਂ ਵਿਚ ਸਿੰਘਾਂ ਨੇ ਜੰਗਜੂ ਕਰਤਬ ਵਿਖਾਏ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਨੇ ਅਪਣੀ ਮਿਹਨਤ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਨਾਂਅ ਰੌਸ਼ਨ ਕੀਤਾ : ਸੁਖਬੀਰ ਸਿੰਘ ਬਾਦਲ 

Khalsai Sports

ਨਵੀਂ ਦਿੱਲੀ, 28 ਅਪ੍ਰੈਲ (ਅਮਨਦੀਪ ਸਿੰਘ): ਦਿੱਲੀ ਫ਼ਤਿਹ ਦਿਹਾੜੇ 'ਤੇ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਤ ਇਥੇ ਹੋਈਆਂ ਖ਼ਾਲਸਾਈ ਖੇਡਾਂ ਵਿਚ ਨਿਹੰਗ ਸਿੰਘਾਂ ਨੇ ਘੁੜਸਵਾਰੀ, ਗਤਕਾ ਤੇ ਹੋਰ ਖੇਡਾਂ ਰਾਹੀਂ ਜੰਗਜੂ ਜੌਹਰ ਵਿਖਾਏ। ਗਾਇਕ ਦੀਪ ਜੋਤ ਓਸ਼ਨ ਨੇ ਧਾਰਮਕ ਗੀਤਾਂ ਦੀ ਪੇਸ਼ਕਾਰੀ ਦਿਤੀ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲ੍ਹੇ 'ਤੇ ਕਰਵਾਏ ਜਾ ਰਹੇ ਸਮਾਗਮ ਦੀ ਲੜੀ ਵਿਚ ਬੀਤੀ ਸ਼ਾਮ ਇਥੋਂ ਦੇ ਜਲ ਵਿਹਾਰ, ਲਾਜਪਤ ਨਗਰ ਵਿਖੇ ਹੋਈਆਂ ਖ਼ਾਲਸਾਈ ਖੇਡਾਂ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਕੀਤਾ ਤੇ ਉਨ੍ਹਾਂ ਦਿੱਲੀ ਫ਼ਤਿਹ ਦਿਹਾੜੇ ਦੇ ਸਮਾਗਮ ਉਲੀਕਣ ਲਈ ਦਿੱਲੀ ਗੁਰਦਵਾਰਾ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵਧਾਈ ਦਿਤੀ।ਸ.ਬਾਦਲ ਨਾਲ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ, ਦਿੱਲੀ ਇਕਾਈ ਦੇ ਇੰਚਾਰਜ ਰਾਜ ਤੇ ਸਭਾ ਮੈਂਬਰ ਸ.ਬਲਵਿੰਦਰ ਸਿੰਘ ਭੂੰਦੜ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸ਼ਾਮਲ ਹੋਏ।

ਸੰਗਤ ਨੂੰ ਸੰਬੋਧਨ ਕਰਦੇ ਹੋਏ ਸ.ਬਾਦਲ ਨੇ ਕਿਹਾ ਕਿ ਭਾਵੇਂ ਕਿ ਗਿਣਤੀ ਪੱਖੋਂ ਸਿੱਖ ਕੌਮ ਛੋਟੀ ਹੈ ਪਰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੇ ਅਪਣੀ ਮਿਹਨਤ ਨਾਲ ਸਿੱਖਾਂ ਦਾ ਨਾਂਅ ਰੌਸ਼ਨ ਕੀਤਾ ਹੈ। ਜਿਹੜੀਆਂ ਕੌਮਾਂ ਇਤਿਹਾਸ ਸਾਂਭਦੀਆਂ ਹਨ, ਉਹੀ ਤਰੱਕੀ ਕਰਦੀਆਂ ਹਨ। ਇਸ ਮੌਕੇ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ, “ਹਮੇਸ਼ਾ ਤੋਂ ਹੀ ਸਾਡਾ ਇਹ ਟੀਚਾ ਰਿਹਾ ਹੈ ਕਿ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਤੇ ਅਸੀਂ ਬਿਨਾਂ ਕਿਸੇ ਸਿਆਸੀ ਦਬਾਅ ਦੇ, ਕੌਮ ਦੀ ਚੜ੍ਹਦੀ ਕਲਾ ਨੂੰ ਮੁੜ ਸੁਰਜੀਤ ਕਰ ਰਹੇ ਹਾਂ।'' ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ ਤੇ ਸਲਾਹਕਾਰ ਸ.ਕੁਲਮੋਹਨ ਸਿੰਘ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਦਿੱਲੀ ਕਮੇਟੀ ਮੈਂਬਰਾਂ ਸਣੇ ਦਲ ਪੰਥ ਬਾਬ ਬਿੱਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਵੇਲਾਂ ਵਾਲੇ, ਟਿਕਾਣਾ ਸਾਹਿਬ ਦੇ ਬਾਬਾ ਅੰਮ੍ਰਿਤਪਾਲ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਹੋਏ।