ਸ਼ਰਾਬ ਦੇ ਠੇਕੇ ਵਿਰੁਧ ਲੋਕਲ ਗੁਰਦਵਾਰਾ ਕਮੇਟੀ ਅਤੇ ਪਿੰਡ ਵਾਲਿਆਂ ਨੇ ਖੋਲ੍ਹਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਠੇਕੇ ਦੇ ਬਿਲਕੁਲ ਸਾਹਮਣੇ ਕਾਮਰੇਡ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਅਤੇ ਫਾਸਲਾ ਸਿਰਫ਼ ਸੜਕ ਦਾ ਹੈ

the morcha against liquor vendors

ਹਰੀਕੇ ਪੱਤਣ/ਸਰਹਾਲੀ ਕਲਾਂ, 28 ਅਪ੍ਰੈਲ (ਬਲਦੇਵ ਸਿੰਘ ਸੰਧੂ ਕਿਰਤੋਵਾਲ): ਪਿੰਡ ਕਿਰਤੋਵਾਲ ਬੱਸ ਅੱਡੇ ਤੇ ਬਣੀ ਮਾਰਕੀਟ ਵਿਚ ਸ਼ਰੇਆਮ ਸ਼ਰਾਬ ਦਾ ਠੇਕਾ ਚਲ ਰਿਹਾ ਹੈ। ਨੇੜਲੇ ਪਿੰਡਾਂ ਦੇ ਮੁਸਾਫ਼ਰ ਵੀ ਇਸ ਬੱਸ ਅੱਡੇ ਤੋਂ ਬੱਸ ਲੈਂਦੇ ਹਨ। ਇਸ ਠੇਕੇ ਦੇ ਬਿਲਕੁਲ ਸਾਹਮਣੇ ਕਾਮਰੇਡ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਅਤੇ ਫਾਸਲਾ ਸਿਰਫ਼ ਸੜਕ ਦਾ ਹੈ ਕਿਉਂਕਿ ਇਕ ਪਾਸੇ ਅਸੀਂ ਸਕੂਲ ਨੂੰ ਵਿਦਿਆ ਦੇ ਮੰਦਰ ਦਾ ਦਰਜਾ ਦਿਤਾ ਗਿਆ ਹੈ ਅਤੇ ਸਕੂਲ ਦੇ ਸਾਹਮਣੇ ਸ਼ਰਾਬ ਦੇ ਠੇਕੇ ਨੂੰ ਖੋਲ੍ਹ ਕੇ ਸਰਕਾਰਾਂ ਅਤੇ ਪ੍ਰਸ਼ਾਸਨ ਆਖ਼ਰ ਕੀ ਸਾਬਤ ਕਰਨਾ ਚਾਹੁੰਦੀਆਂ ਹਨ। ਠੇਕੇ ਤੋਂ ਤਕਰੀਬਨ 150 ਗਜ ਦੀ ਦੂਰੀ 'ਤੇ ਦੂਸਰੇ ਪਾਸੇ ਬਾਬਾ ਮੰਗਲ ਸਿੰਘ ਦਾ ਅੰਗੀਠਾ ਗੁਰਦਵਾਰਾ ਸਾਹਿਬ ਹੈ ਜਿਥੇ ਪਿੰਡ ਵਾਲੀਆਂ ਸੰਗਤਾਂ ਵਲੋਂ ਹਰ ਸੰਗਰਾਂਦ ਦੇ ਦਿਹਾੜੇ 'ਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਜਾਂਦੇ ਹਨ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਸੰਗਤ ਦਿਨ ਰਾਤ ਜਾਂਦੀਆਂ ਹਨ। ਇਸ ਸ਼ਰਾਬ ਦੇ ਠੇਕੇ ਦੇ ਸਬੰਧ ਵਿਚ ਸਪੋਕਮੈਨ ਵਲੋਂ ਪਹਿਲਾ ਵੀ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ।

ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ ਅਤੇ ਹੁਣ ਪਿੰਡ ਕਿਰਤੋਵਾਲ ਕਲਾਂ ਦੇ ਗੁਰਦਵਾਰਾ ਬਾਬਾ ਆਸਾ ਸਿੰਘ ਦੇ ਲੋਕਲ ਕਮੇਟੀ ਜਿਸ ਦੇ ਪ੍ਰਧਾਨ ਜਥੇਦਾਰ ਸੁਖਵੰਤ ਸਿੰਘ ਅਤੇ ਨਸ਼ਾ ਛੁਡਾਊ ਕਮੇਟੀ ਸਭਰਾ ਦੇ ਮੈਂਬਰ ਸੋਨੂੰ ਸਭਰਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਕੂਲ ਅਤੇ ਗੁਰਦਵਾਰਾ ਸਾਹਿਬ ਦੇ ਨੇੜੇ ਚਲ ਰਹੇ ਠੇਕੇ ਨੂੰ ਜਲਦੀ ਬੰਦ ਨਾ ਕੀਤਾ ਗਿਆ ਤਾਂ ਕਮੇਟੀ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ੁੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸ਼ਰਾਬ ਠੇਕੇ ਨੂੰ ਬੰਦ ਕਰਨ ਸਬੰਧੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂੋ ਐਕਸਾਈਜ਼ ਵਿਭਾਗ ਦੇ ਦਫ਼ਤਰ ਤਰਨ ਤਾਰਨ ਵਿਖੇ ਇਕ ਮਤਾ ਵੀ ਠੇਕੇ ਨੂੰ ਬੰਦ ਕਰਨ ਵਾਸਤੇ ਦਿਤਾ ਗਿਆ ਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਮੌਕੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ  ਜਥੇਦਾਰ ਸੁਖਵੰਤ ਸਿੰਘ, ਜਥੇਦਾਰ ਨਿਰਮਲ ਸਿੰਘ, ਜਥੇਦਾਰ ਸਤਨਾਮ ਸਿੰਘ, ਜਥੇਦਾਰ, ਸੁਖਜਿੰਦਰ ਸਿੰਘ ਸੋਨਾ, ਜਥੇਦਾਰ ਹੀਰਾ ਸਿੰਘ,ਕੁਲਦੀਪ ਸਿੰਘ, ਸ਼ਾਮਾ ਸਿੰਘ, ਰਸ਼ਪਾਲ ਸਿੰਘ ਫ਼ੌਜੀ ਮੈਂਬਰ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।