ਕਿਰਨ ਬਾਲਾ ਮਾਮਲੇ ਦੀ ਜਾਂਚ ਲਈ ਸ਼ੋਮਣੀ ਕਮੇਟੀ ਨੇ ਸਬ ਕਮੇਟੀ ਦਾ ਕੀਤਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਮੇਟੀ 15 ਦਿਨਾਂ 'ਚ ਦੇਵੇਗੀ ਰੀਪੋਰਟ

Kiran Bala

ਤਰਨਤਾਰਨ, 28 ਅਪ੍ਰੈਲ (ਚਰਨਜੀਤ ਸਿੰਘ): ਖ਼ਾਲਸਾ ਸਾਜਨਾ ਪੁਰਬ ਮਨਾਉਣ ਲਈ ਪਾਕਿਸਤਾਨ ਗਈ ਕਿਰਨ ਬਾਲਾ ਮਾਮਲੇ ਦੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਮੈਂਬਰ ਰਵਿੰਦਰ ਸਿੰਘ ਚੱਕ ਦੀ ਅਗਵਾਈ ਵਿਚ ਸਬ ਕਮੇਟੀ ਦਾ ਗਠਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਮੇਟੀ 15 ਦਿਨ ਵਿਚ ਅਪਣੀ ਰੀਪੋਰਟ ਦੇਵੇਗੀ। ਚਰਚਾ ਸੀ ਕਿ ਕਿਰਨ ਬਾਲਾ ਦੇ ਪਾਕਿਸਤਾਨ ਵੀਜ਼ੇ ਦੀ ਸਿਫ਼ਾਰਸ਼ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਕੀਤੀ ਦਸੀ ਜਾਂਦੀ ਸੀ। ਇਹ ਵੀ ਚਰਚਾ ਜ਼ੋਰਾਂ 'ਤੇ ਹੈ ਕਿ ਕਿਰਨ ਬਾਲਾ ਦੀ ਸਿਫ਼ਾਰਸ਼ ਮਾਝੇ ਦੇ ਇਕ ਅਕਾਲੀ ਆਗੂ ਦੇ ਨਿਜੀ ਸਹਾਇਕ ਦੀ ਸਿਫ਼ਾਰਸ਼ ਤੇ ਮੈਨੇਜਰ ਨੇ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਨੂੰ ਕਿਰਨ ਬਾਲਾ ਦੇ ਵੀਜ਼ੇ ਲਈ ਕਿਹਾ।

ਇਸ ਮਾਮਲੇ ਤੇ ਅਖ਼ਬਾਰਾਂ ਵਿਚ ਚਰਚਾ ਹੋਣ 'ਤੇ ਕਮੇਟੀ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਰਵਿੰਦਰ ਸਿੰਘ ਚੱਕ ਦੀ ਅਗਵਾਈ ਵਿਚ ਇਕ ਸਬ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਸਬ ਕਮੇਟੀ 15 ਦਿਨ ਵਿਚ ਅਪਣੀ ਰੀਪੋਰਟ ਦੇਵੇਗੀ। ਉਧਰ ਇਸ ਮਾਮਲੇ ਵਿਚ ਸ੍ਰੀ ਦਰਬਾਰ ਸਾਹਿਬ ਦੇ ਇਕ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਚਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਐਡੀਸ਼ਨਲ ਮੈਨੇਜਰ ਦੀ ਕਾਲ ਡਿਟੇਲ ਵੀ ਉਚ ਅਧਿਕਾਰੀਆਂ ਨੇ ਮੋਬਾਈਲ ਕੰਪਨੀ ਕੋਲੋਂ ਲੈ ਲਈ ਹੈ ਤੇ ਹੁਣ ਇਸ ਦੀ ਵੀ ਜਾਂਚ ਚਲ ਰਹੀ ਹੈ। ਕਮੇਟੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੈ ਕਿ ਕਿਰਨ ਬਾਲਾ ਜਥਾ ਜਾਣ ਤੋਂ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਆ ਗਈ ਸੀ ਤੇ ਉਸ ਨੂੰ ਐਡੀਸ਼ਨਲ ਮੈਨੇਜਰ ਦੀ ਸਿਫ਼ਾਰਸ਼ 'ਤੇ ਹੀ ਕਮਰਾ ਦਿਤਾ ਗਿਆ ਸੀ।