ਸੁਖਬਿੰਦਰ ਸਿੰਘ ਸਰਕਾਰੀਆ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੇ ਸੁਨਿਹਰੀ ਭਵਿੱਖ ਲਈ ਸੇਵਾ ਕਰਨ ਦੀ ਤਾਕਤ ਦੇਣ ਲਈ ਕੀਤੀ ਅਰਦਾਸ

sukhwinder singh sarkaria at Darbar Sahib

ਅੰਮ੍ਰਿਤਸਰ,  28 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਮਾਲ ਤੇ ਸਿੰਚਾਈ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਜੋ ਕਿ ਬੀਤੇ ਦਿਨੀਂ ਅਹੁਦਾ ਸੰਭਾਲਣ ਮਗਰੋਂ ਅਪਣੇ ਸ਼ਹਿਰ ਆਏ ਸਨ, ਨੇ ਪਰਵਾਰ ਸਮੇਤ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਕੁੱਝ ਸਮਾਂ ਕੀਰਤਨ ਸਰਵਣ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਜਲ੍ਹਿਆਂ ਵਾਲੇ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗਏ। ਉਨ੍ਹਾਂ ਇਸ ਦੌਰੇ ਨੂੰ ਬਿਲਕੁਲ ਨਿਜੀ ਰਖਿਆ ਅਤੇ ਕਿਸੇ ਨੂੰ ਵੀ ਭਿਣਕ ਨਹੀਂ ਪੈਣ ਦਿਤੀ।  ਸ. ਸਰਕਾਰੀਆ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਿਥੇ ਪ੍ਰਮਾਤਮਾ ਦਾ ਕੋਟਿਨ-ਕੋਟ ਧਨਵਾਦ ਇਸ ਅਹੁਦੇ ਦੀ ਪ੍ਰਾਪਤੀ ਲਈ ਕੀਤਾ, ਉਥੇ ਪੰਜਾਬ ਦੇ ਸੁਨਿਹਰੀ ਭਵਿੱਖ ਲਈ ਅਰਦਾਸ ਕਰਦੇ ਬੇਨਤੀ ਵੀ ਕੀਤੀ ਕਿ ਵਾਹਿਗੁਰੂ ਉਨ੍ਹਾਂ ਨੂੰ ਸਮਰੱਥਾ ਬਖ਼ਸ਼ੇ ਅਤੇ ਉਹ ਅਪਣੇ ਰਾਜ ਵਾਸਤੇ ਕੰਮ ਕਰ ਸਕਣ।

ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਉਪਰੰਤ ਸ. ਸਰਕਾਰੀਆ ਸ਼ਹੀਦਾਂ ਨੂੰ ਪ੍ਰਮਾਣ ਕਰਨ ਲਈ ਜਲਿਆਂ ਵਾਲਾ ਬਾਗ਼, ਸ੍ਰੀ ਦਰਗਿਆਨਾ ਮੰਦਰ, ਭਗਵਾਨ ਵਾਲਮੀਕਿ ਦੇ ਤੀਰਥ ਸਥਾਨ ਰਾਮਤੀਰਥ ਅਤੇ ਗੁਰਦੁਆਰਾ ਜਾਗੋ ਸ਼ਹੀਦ ਕੋਹਾਲੀ ਵਿਖੇ ਵੀ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਧਰਮਪਤਨੀ ਸ੍ਰੀਮਤੀ ਨਿਰਮਲਜੀਤ ਕੌਰ ਸਰਕਾਰੀਆ, ਪੁੱਤਰ ਸ. ਅਜੈਪ੍ਰਤਾਪ ਸਿੰਘ, ਦਿਲਰਾਜ ਸਿੰਘ, ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਸੁਖਬੀਰ ਸਿੰਘ ਸੁੱਖ ਧਾਲੀਵਾਲ, ਰਾਜਵਿੰਦਰ ਸਿੰਘ ਰਾਜੂ, ਸੁਖਪਾਲ ਸਿੰਘ ਗਿੱਲ ਅਤੇ ਹੋਰ ਅਹੁਦੇਦਾਰ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।