ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਫਿਰ ਬਣਿਆ ਸਬਜ਼ੀ ਘਪਲੇ ਦਾ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਰਮ ਨੂੰ ਧੰਦਾ ਸਮਝਣ ਵਾਲਿਆਂ ਕੋਲੋਂ ਮੁਕਤ ਕਰਵਾਏ ਜਾਣ ਗੁਰੂ ਘਰ : ਪੰਥ ਹਿਤੈਸ਼ੀ

takht Sri Keshgarh Sahib

ਸ੍ਰੀ ਅਨੰਦਪੁਰਸਾਹਿਬ, 28 ਜੂਨ (ਜੰਗ ਸਿੰਘ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਜਦੋਂ ਤੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਦਾ ਕਬਜ਼ਾ ਹੋਇਆ ਇਸ ਨੇ ਪੰਜਾਬ ਤੇ ਸਿੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਜਿਥੇ ਸਿੱਖ ਕੌਮ, ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਕੀਤਾ ਹੈ ਉਸ ਨਾਲ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਕੇ ਇਸ ਦੇ ਪ੍ਰਬੰਧਾਂ ਦਾ ਵੀ ਇਕ ਤਰ੍ਹਾਂ ਦਾ ਨਾਸ਼ ਕਰ ਦਿਤਾ ਹੈ। ਸਿੱਖ ਪੰਥ ਦੇ ਹਿਤੈਸ਼ੀਆਂ ਵਿਚ ਇਹ ਗੱਲਾਂ ਆਮ ਪ੍ਰਚਲਤ ਹਨ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਭਰਤੀ ਕੀਤੇ ਗਏ ਕਈ ਮੈਨੇਜਰਾਂ ਸਮੇਤ ਕਈ ਕਰਮਚਾਰੀ ਇੰਨੇ ਭ੍ਰਿਸ਼ਟ ਹਨ, ਜਿਹੜੇ ਸਮੇਂ-ਸਮੇਂ ਜਦੋਂ ਵੀ ਇਨ੍ਹਾਂ ਦਾ ਦਾਅ ਲਗਦਾ ਹੈ ਇਹ ਗੁਰਦਵਾਰਿਆਂ ਵਿਚ ਘਪਲੇ ਕਰਦੇ ਰਹਿੰਦੇ ਹਨ, ਜਿਹੋ ਜਿਹਾ ਹੁਣ ਸਬਜ਼ੀ ਦਾ ਲੱਖਾਂ ਰੁਪਏ ਦਾ ਘਪਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਜੱਗ ਜ਼ਾਹਰ ਹੋ ਰਿਹਾ ਹੈ। ਲਗਭਗ ਦੋ ਦਹਾਕੇ ਪਹਿਲਾਂ ਵੀ ਇਸ ਤੋਂ ਵੀ ਵੱਡਾ ਸਬਜ਼ੀ ਦਾ ਘਪਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਸੀ। ਉਦੋਂ ਵੀ ਇਸ ਘਪਲੇ ਦੀਆਂ ਖ਼ਬਰਾਂ ਕਈ ਅਖ਼ਬਾਰਾਂ ਵਿਚ ਛਪੀਆਂ ਸਨ।

ਉਸ ਘਪਲੇ ਵਿਚ ਵੀ ਸਥਾਨਕ ਇਕ ਸਬਜ਼ੀ ਦੀ ਦੁਕਾਨ ਤੋਂ ਜਿਥੇ ਆਲੂਆਂ ਦੀ ਥਾਂ 'ਤੇ ਆਂਡੇ ਵਗ਼ੈਰਾ ਵਗ਼ੈਰਾ ਕਈ ਹੋਰ ਚੀਜ਼ਾਂ ਇਸ ਪਵਿੱਤਰ ਅਸਥਾਨ ਦੇ ਪ੍ਰਬੰਧਕਾਂ ਵਲੋਂ ਮੰਗਵਾਈਆਂ ਜਾਂਦੀਆਂ ਸਨ, ਉਥੇ ਬਿਲਾਂ ਵਿਚ ਵੀ ਸਨਖਨੀਖੇਜ ਘਪਲਾ ਹੁੰਦਾ ਰਿਹਾ। ਇਕੋ ਨੰਬਰ ਦੇ ਬਿਲਾਂ ਵਿਚ ਦੋ ਰਕਮਾਂ ਫੜੀਆਂ ਗਈਆਂ ਸਨ। ਉਦਾਹਰਣ ਵਜੋਂ ਇਕੋ ਨੰਬਰ ਦੇ ਬਿਲ ਵਿਚ ਇਕ ਬਿਲ ਵਿਚ ਜੇਕਰ ਦੋ ਹਜ਼ਾਰ ਦੀ ਰਕਮ ਸੀ ਤਾਂ ਉਸੇ ਨੰਬਰ ਦੇ ਬਿਲ ਵਿਚ ਵੀਹ ਹਜ਼ਾਰ ਰੁਪਏ ਦੀ ਰਕਮ ਗੁਰਦਵਾਰੇ ਦੇ ਬਿਲਾਂ ਵਿਚ ਦਿਖਾਈ ਗਈ ਸੀ ।

ਉਸ ਸਮੇਂ ਵੀ ਇਸ ਸਾਰੇ ਘਪਲੇ ਦੀ ਉੱਚ ਪਧਰੀ ਹੋਈ ਜਾਂਚ ਪੜਤਾਲ ਉਪਰੰਤ ਇਸ ਅਸਥਾਨ 'ਤੇ ਸੇਵਾ ਨਿਭਾ ਰਹੇ ਅਤੇ ਕੁੱਝ ਸਾਲ ਪਹਿਲਾਂ ਨਿਭਾਅ ਚੁਕੇ ਕਈ ਮੈਨੇਜਰਾਂ ਨੂੰ ਹਜ਼ਾਰਾਂ ਰੁਪਏ ਜੁਰਮਾਨੇ ਵੀ ਕੀਤੇ ਗਏ ਦਸੇ ਜਾਂਦੇ ਹਨਨ ਅਤੇ ਕੁੱਝ ਮੈਨੇਜਰਾਂ ਦੇ ਇਹ ਵੀ ਹੁਕਮ ਕੀਤੇ ਗਏੇ ਸਨ ਕਿ ਉਹ ਸੇਵਾ ਮੁਕਤੀ ਹੋਣ ਤਕ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਵਿਖੇ ਦੁਬਾਰਾ ਨਿਯੁਕਤ ਨਹੀਂ ਕੀਤੇ ਜਾਣਗੇ। ਇਹ ਵੀ ਲੋਕਾਂ ਵਿਚ ਚਰਚਾ ਹੈ ਕਿ ਇਸ ਅਸਥਾਨ  ਵਿਚ ਸੇਵਾ ਨਿਭਾਅ ਰਹੇ ਕਈ ਕਰਮਚਾਰੀ ਜਿਥੇ ਕਈ ਪ੍ਰਕਾਰ ਦੇ ਨਸ਼ਿਆਂ ਦੇ ਆਦੀ ਦਸੇ ਜਾਂਦੇ ਹਨ ਉਥੇ ਇਸ ਅਸਥਾਨ 'ਤੇ ਬੈਠ ਕੇ ਉਹ ਐਨੀਆਂ ਗੰਦੀਆਂ ਗਾਲਾਂ ਕਢਦੇ ਹਨ

ਕਿ ਪੁਲਿਸ ਕਰਮਚਾਰੀ ਵੀ ਸ਼ਰਮਸਾਰ ਹੋ ਜਾਣ। ਇਸ ਸੱਭ ਕੁੱਝ ਦੀ ਜੇਕਰ ਗੁਪਤ ਪੜਤਾਲ ਕੀਤੀ ਜਾਵੇ ਤਾਂ ਸਪਸ਼ਟ ਸਬੂਤ  ਵੀ ਮਿਲ ਜਾਣਗੇ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਅਸਥਾਨ 'ਤੇ ਸੇਵਾ ਨਿਭਾਅ ਰਹੇ ਕਰਮਚਾਰੀਆਂ ਦਾ ਨਸ਼ਾ ਟੈਸਟ ਕਰਵਾਇਆ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਸਿੱਖ ਬੁੱਧੀਜੀਵੀਆਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਇੱਕਠਿਆਂ ਹੋ ਕੇ ਗੁਰਦਵਾਰਾ ਪ੍ਰਬੰਧਾਂ ਵਿਚ ਆਏ ਨਿਘਾਰਾਂ ਨੂੰ ਠੀਕ ਕਰਨ ਲਈ ਅਪਣੀ ਜ਼ਿੰਮੇਵਾਰੀ ਨਿਭਾਈ ਜਾਵੇ, ਬਾਦਲਾਂ ਕੋਲੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਇਆ ਜਾਵੇ ਤਾਕਿ ਗੁਰੂ ਘਰਾਂ ਦੇ ਪ੍ਰਬੰਧਕੀ ਨਿਘਾਰ ਠੀਕ ਹੋ ਸਕਣ ।

ਅਨੰਦਪੁਰ ਸਾਹਿਬ ਦੀਆਂ ਸਮਾਜਕ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਗੁਰੂਘਰ, ਧਰਮ ਨੂੰ ਧੰਦਾ ਸਮਝਣ ਵਾਲਿਆਂ ਕੋਲੋਂ ਮੁਕਤ ਕਰਵਾਏ ਜਾਣ, ਇਸ ਘਪਲੇ ਦੀ ਨਿਰੱਪਖ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਘਪਲੇ ਵਿਚ ਦੋਸ਼ੀ ਪਾਏ ਜਾਂਦੇ ਹਨ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ।