ਬਾਦਲ, ਸੁਖਬੀਰ, ਮਨਤਾਰ ਅਤੇ ਸੌਦਾ ਸਾਧ ਦਾ ਪੁਤਲਾ ਫੂਕ ਕੇ ਕੀਤੀ ਨਾਹਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਪਾਸੇ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਬੇਅਦਬੀ ਕਾਂਡ ਦੇ ਸਬੰਧ 'ਚ ਵੱਖ-ਵੱਖ ਟੀਵੀ ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਹੋ ਰਹੀ.........

People protesting against the Badals And Sauda Sadh

ਕੋਟਕਪੂਰਾ : ਇਕ ਪਾਸੇ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਬੇਅਦਬੀ ਕਾਂਡ ਦੇ ਸਬੰਧ 'ਚ ਵੱਖ-ਵੱਖ ਟੀਵੀ ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਹੋ ਰਹੀ ਬਹਿਸ ਨੂੰ ਲੋਕ ਦੇਖ ਰਹੇ ਸਨ ਤੇ ਦੂਜੇ ਪਾਸੇ ਆਮ ਸਿੱਖ ਸੰਗਤਾਂ 'ਚ ਬਾਦਲ ਪਰਵਾਰ, ਅਕਾਲੀ ਦਲ ਅਤੇ ਸੌਦਾ ਸਾਧ ਵਿਰੁਧ ਸਖ਼ਤ ਰੋਸ ਦੇਖਣ ਨੂੰ ਮਿਲ ਰਿਹਾ ਸੀ। ਸਥਾਨਕ ਬੱਤੀਆਂ ਵਾਲੇ ਚੌਕ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਤਾਰ ਸਿੰਘ ਬਰਾੜ ਅਤੇ ਸੌਦਾ ਸਾਧ ਦਾ ਪੁਤਲਾ ਫੂਕਦਿਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਕ ਜਥੇਬੰਦੀਆਂ ਸਮੇਤ ਰਾਜਨੀਤਕ ਆਗੂਆਂ ਨੇ ਦਸਿਆ ਕਿ 14 ਅਕਤੂਬਰ 2015 ਨੂੰ

ਇਸੇ ਥਾਂ 'ਤੇ ਬਾਦਲਾਂ ਦੇ ਕਹਿਣ 'ਤੇ ਪੁਲਿਸ ਨੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਅਤਿਆਚਾਰ ਕਰਦਿਆਂ ਪਲਾਂ 'ਚ ਹੀ ਇਸ ਨੂੰ ਜਲਿਆਂ ਵਾਲਾ ਬਾਗ਼ ਬਣਾ ਦਿਤਾ ਸੀ। ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਸਭਨਾਂ ਦੇ ਸਾਂਝੇ ਹਨ ਪਰ ਜਿਸ ਵੀ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਹੁਰਮਤੀ ਕੀਤੀ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਹ ਭਾਵੇਂ ਕਿੰਨੇ ਵੀ ਉਚੇ ਅਹੁਦੇ 'ਤੇ ਬਿਰਾਜਮਾਨ ਕਿਉਂ ਨਾ ਹੋਵੇ। ਗੁਰਸੇਵਕ ਸਿੰਘ ਭਾਣਾ ਤੇ ਕੌਰ ਸਿੰਘ ਸੰਧੂ ਨੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਵਸਦੇ ਬਸ਼ਿੰਦਿਆਂ ਨੂੰ ਅਪੀਲ ਕੀਤੀ

ਕਿ ਉਹ ਹਰ ਥਾਂ ਬਾਦਲਾਂ, ਅਕਾਲੀਆਂ ਅਤੇ ਸੌਦਾ ਸਾਧ ਦੇ ਪੁਤਲੇ ਫੂਕ ਕੇ ਰੋਸ ਜ਼ਾਹਰ ਕਰਨ ਤੇ ਅਕਾਲੀਆਂ ਨੂੰ ਪਿੰਡਾਂ 'ਚ ਦਾਖ਼ਲ ਨਾ ਹੋਣ ਦੇਣ। ਧਰਮਜੀਤ ਸਿੰਘ ਰਾਮੇਆਣਾ ਅਤੇ ਅਮੋਲਕ ਸਿੰਘ ਮਰਾੜ ਨੇ ਮੰਗ ਕੀਤੀ ਕਿ ਪਿਛਲੇ ਸਮੇਂ 'ਚ ਬਾਦਲਾਂ ਦੀ ਸ਼ਹਿ 'ਤੇ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਨਿਰਦੋਸ਼ ਸਿੱਖਾਂ ਵਿਰੁਧ ਦਰਜ ਕਰਵਾਏ ਝੂਠੇ ਪੁਲਿਸ ਮਾਮਲਿਆਂ ਦੀ ਜਾਂਚ ਕੀਤੀ ਜਾਵੇ।

ਬੱਤੀਆਂ ਵਾਲੇ ਚੌਕ 'ਚ ਬਾਦਲ, ਸੁਖਬੀਰ, ਮਨਤਾਰ ਅਤੇ ਸੌਦਾ ਸਾਧ ਦਾ ਪੁਤਲਾ ਫੂਕਣ ਮੌਕੇ ਉਕਤਾਨ ਨੂੰ ਸਿੱਖ ਪੰਥ ਦੇ ਦੋਸ਼ੀ ਐਲਾਨਦਿਆਂ ਸਖ਼ਤ ਅਤੇ ਰੋਹਭਰੀ ਨਾਹਰੇਬਾਜ਼ੀ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਖਾਲਸਾ, ਚਰਨਜੀਤ ਸਿੰਘ ਪੱਕਾ, ਦਰਸ਼ਨ ਸਿੰਘ, ਸੁਖਮੰਦਰ ਸਿੰਘ ਵੜਿੰਗ, ਸੁਖਵੰਤ ਸਿੰਘ ਪੱਕਾ, ਸੇਵਕ ਸਿੰਘ ਸਿੱਖਾਂਵਾਲਾ, ਇੰਜੀ. ਸੁਖਜੀਤ ਸਿੰਘ ਢਿੱਲਵਾਂ, ਮਨਦੀਪ ਮੋਂਗਾ ਆਦਿ ਹਾਜ਼ਰ ਸਨ।