ਕਦੋਂ ਮੁੱਕੇਗੀ ਸਿਆਸਤ ਤੇ ਕਦੋਂ ਮਿਲੇਗਾ ਇਨਸਾਫ਼?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਤਕ ਕਿਉਂ ਨਹੀਂ ਛੇਕਿਆ ਗਿਆ ਬੇਅਦਬੀ ਕਰਵਾਉਣ ਤੇ ਕਰਨ ਵਾਲਿਆਂ ਨੂੰ?...........

Giani Gurmukh Singh

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦੀ ਜੋਤ, ਸੱਚੇ ਪਾਤਸ਼ਾਹ, ਵਾਹਿਗੁਰੂ ਆਦਿ ਨਾਮ ਉਨ੍ਹਾਂ ਦੀ ਉਸਤਤ ਵਿਚ ਅਸੀਂ ਰੋਜ਼ਾਨਾ ਕਈ ਸ਼ਬਦ ਲੈਂਦੇ ਹਾਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ। ਪਰ ਅਫ਼ਸੋਸ ਪਿਛਲੇ 2 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਨਿਰੰਤਰ ਵੱਧ ਰਹੀਆਂ ਹਨ ਪਰ ਅਜੇ ਤਕ ਕਿਸੇ ਨੇ ਵੀ ਉਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁਕੇ। ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ, ਬਰਗਾੜੀ ਤੇ ਹੋਰ ਥਾਵਾਂ 'ਤੇ ਹਿੰਸਾ ਸਬੰਧੀ ਅੱਜ ਤਕ ਕੀ ਕਿੱਤਾ, ਕਿ ਸਿੱਟਾ ਨਿਕਲਿਆ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਪ੍ਰਧਾਨ, ਮੈਂਬਰ ਕਿਥੇ ਹਨ ਜੋ ਹਰ ਘਟਨਾ ਦਾ ਮੌਕੇ 'ਤੇ ਫ਼ੈਸਲੇ ਲੈਂਦੇ ਹਨ ਪਰ ਅੱਜ 3 ਸਾਲ ਬੀਤ ਜਾਣ 'ਤੇ ਵੀ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਲਿਆ ਗਿਆ। ਤਿੰਨ ਸਾਲ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਵਲੋਂ ਥਾਪੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਅਪ੍ਰੈਲ 2017 ਵਿਚ ਰੱਦ ਕਰਨ ਉਪਰੰਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ 14 ਮਹੀਨੇ ਮਿਹਨਤ ਕਰ ਕੇ ਤਿਆਰ ਕੀਤੀ ਰੀਪੋਰਟ ਸਦਨ ਵਿਚ ਪੇਸ਼ ਹੋਈ। ਉਸ ਰੀਪੋਰਟ ਮੁਤਾਬਕ ਹਿੰਮਤ ਸਿੰਘ ਜੋ ਕਿ ਗਵਾਹ ਨੰ. 245 ਦੇ ਰੂਪ ਵਿਚ ਅਪਣੇ ਬਿਆਨ ਕਲਮਬੰਦ ਕਰਵਾ ਚੁਕਾ ਸੀ

ਉਹ ਕਿਵੇਂ ਤੇ ਕਿਉਂ ਮੁਕਰਿਆ, ਇਸ ਪਿੱਛੇ ਇਕ ਬਹੁਤ ਵੱਡਾ ਸਵਾਲੀਆਂ ਨਿਸ਼ਾਨ ਹੈ। ਹਿੰਮਤ ਸਿੰਘ ਨੇ ਸਾਰੀ ਘਟਨਾ ਦੇ ਪਰਦਾ ਫ਼ਾਸ਼ ਕਰ ਕੇ ਝੂਠ ਦੇ ਪੁਲੰਦੇ ਨੂੰ ਜੱਗ ਜ਼ਾਹਰ ਕੀਤਾ ਇਸ ਪਿੱਛੇ ਕੀ ਕਾਰਨ ਸਨ ਕਿ ਜਿਹੜਾ ਹਿੰਮਤ ਸਿੰਘ ਪਹਿਲਾ ਨਾਲ ਸੀ ਤੇ ਅਚਾਨਕ ਗੁੱਝੇ ਭੇਦ ਜੱਗ ਜ਼ਾਹਰ ਕਰਦੇ। ਗਿਆਨੀ ਗੁਰਮੁਖ ਸਿੰਘ ਜਿਸ ਨੇ ਸ਼ਰੇਆਮ ਇਹ ਬਿਆਨ ਦਿਤੇ ਸਨ ਕਿ ਮੇਰੇ ਪਰਵਾਰ ਨੇ ਵੀ ਮੇਰੇ ਨਾਲ ਗੱਲ ਕਰਨ ਤੋਂ ਮਨਾ ਕਰ ਦਿਤਾ ਤੇ ਉਹ ਖ਼ੁਦ ਅਪਣੇ ਆਪ ਨੂੰ ਅਫ਼ਸੋਸ ਭਰਿਆ ਮੰਨਦੇ ਹਨ, ਉਨ੍ਹਾਂ ਵਲੋਂ ਮੁੜ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਬਣਨਾ ਵੱਡਾ ਸਵਾਲੀਆਂ ਨਿਸ਼ਾਨ ਹੈ।

 ਅਪਣੇ ਅਹੁਦੇ ਤੇ ਤਰੱਕੀਆਂ ਦੇ ਚੱਕਰ ਵਿਚ ਸਿੱਖ ਪੰਥ ਤੇ ਸਿੱਖੀ ਦਾ ਘਾਣ ਕਰਨ ਲਈ ਕੋਈ ਕਸਰ ਨਹੀਂ ਛੱਡੀ। ਵਾਕਿਆ ਨਹੀਂ ਲੱਭਣੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਰਗੇ ਜਥੇਦਾਰ ਜੋ ਕਹਿੰਦੇ ਸੀ ਉਹ ਕਰਦੇ ਸੀ। ਦਰਸ਼ਨ ਸਿੰਘ ਫੇਰੂਮਾਨ ਨੇ ਸੰਨ 1969 ਵਿਚ 74 ਦਿਨਾਂ ਦੀ ਭੁੱਖ ਹੜਤਾਲ ਰੱਖੀ ਸੀ ਜਿਸ ਦੀ ਮੌਤ ਤੋਂ ਉਪਰੰਤ ਅਕਾਲੀ ਦਲ ਨੂੰ ਨਵੀਂ ਤਰਜੀਹ ਮਿਲੀ ਸੀ ਪਰ ਅਜੋਕੇ ਅਖੌਤੀ ਬਾਬਿਆਂ ਨੇ ਸਿੱਖ ਪੰਥ ਨੂੰ ਖੋਖਲਾ ਕਰ ਦਿਤਾ। ਅਜੇ ਤਕ ਕਿਉਂ ਨਹੀਂ ਸਿੱਖ ਪੰਥ ਵਿਚੋਂ ਛੇਕੇ ਗਏ ਬੇਅਦਬੀ ਕਰਨ ਤੇ ਕਰਵਾਉਣ ਵਾਲੇ।

ਜਿਥੇ ਛੋਟੀ ਤੋਂ ਛੋਟੀ ਗ਼ਲਤੀ ਕਰਨ ਵਾਲੇ ਸਿੰਘ ਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ ਅੱਜ ਇੰਨੀਂ ਵੱਡੀ ਗ਼ਲਤੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਛੇਕਿਆ ਗਿਆ ਸਿੱਖ ਪੰਥ ਵਿਚੋਂ। ਜ਼ਿਕਰਯੋਗ ਹੈ ਕਿ ਸਜ਼ਾ ਦੇ ਰੂਪ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੌੜੇ ਮਾਰੇ ਗਏ, ਸੁਰਜੀਤ ਸਿੰਘ ਬਰਨਾਲਾ ਦੇ ਗੱਲ ਵਿਚ ਤਖ਼ਤੀ ਪਾ ਕੇ ਉਸ ਨੂੰ ਜ਼ਲੀਲ ਕੀਤਾ ਗਿਆ ਤੇ ਤਨਖ਼ਾਹੀਆਂ ਕਰਾਰ ਦਿਤਾ।

ਭਾਰਤ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਭਾਂਡੇ ਮਾਂਜਣ ਦੀ ਸਜ਼ਾ ਦਿਤੀ ਗਈ, ਇਨ੍ਹਾਂ ਸੱਭ ਨੂੰ ਆਪੋ ਅਪਣੀ ਗ਼ਲਤੀ ਲਈ ਸਜ਼ਾ ਦਿਤੀ ਗਈ। ਪਰ ਇੰਨੇ ਵੱਡੇ ਬੇਅਦਬੀ ਮਾਮਲੇ 'ਚ ਅੱਜ ਤਕ ਕੁੱਝ ਵੀ ਨਹੀਂ ਮਿਲਿਆ ਨਾ ਸਾਨੂੰ ਕੋਈ ਗੁਣਾਹਗਾਰ, ਨਾ ਸਾਨੂੰ ਬੇਅਦਬੀ ਕਰਵਾਉਣ ਵਾਲਾ, ਨਾ ਸਾਨੂੰ ਹੁਕਮ ਦੇਣ ਵਾਲਾ। ਆਖ਼ਰ ਕਦੋਂ ਮੁੱਕੇਗੀ ਸਿਆਸਤ ਤੇ ਕਦੋਂ ਮਿਲੇਗਾ ਇਨਸਾਫ਼?