ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ 'ਤੇ ਵਿਸ਼ੇਸ਼

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਿੱਖ ਜਗਤ ਵਿਚ ਗੁਰੂ ਜੀ ਨੂੰ 'ਸੋਢੀ ਸੁਲਤਾਨ' ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ।  

Sri Darbar Sahib

ਅੰਮ੍ਰਿਤਸਰ ਸਾਹਿਬ -  ਚੌਥੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ ਤੇ ਦਿਆਲਤਾ ਦੇ ਗੁਣਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਛੋਟੀ ਉਮਰੇ ਹੀ ਮਾਤਾ-ਪਿਤਾ ਦੇ ਅਕਾਲ ਚਲਾਣੇ ਅਤੇ ਅਤਿ ਗ਼ਰੀਬੀ ਦੇ ਹਾਲਾਤਾਂ ਦੇ ਬਾਵਜੂਦ ਆਪਣੀ ਭਾਵਨਾ ਅਤੇ ਸਾਦਗੀ ਸਦਕਾ ਉਹ ਸਿੱਖ ਕੌਮ ਦੇ ਚੌਥੇ ਗੁਰੂ ਵਜੋਂ ਗੁਰਗੱਦੀ 'ਤੇ ਬਿਰਾਜਮਾਨ ਹੋਏ। ਸਿੱਖ ਜਗਤ ਵਿਚ ਉਹਨਾਂ ਨੂੰ 'ਸੋਢੀ ਸੁਲਤਾਨ' ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ।  

ਬਚਪਨ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਂਅ ਭਾਈ ਜੇਠਾ ਜੀ ਰੱਖਿਆ ਗਿਆ ਸੀ। ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਨਾਨੀ ਜੀ ਉਹਨਾਂ ਨੂੰ ਬਾਸਰਕੇ ਲੈ ਆਏ। ਘਰੇਲੂ ਹਾਲਾਤ ਚੁਣੌਤੀਪੂਰਨ ਹੋਣ ਦੇ ਬਾਵਜੂਦ ਸਤਿਗੁਰਾਂ ਨੇ ਹੌਸਲਾ ਨਹੀਂ ਹਾਰਿਆ, ਅਤੇ ਚੜ੍ਹਦੀਕਲਾ 'ਚ ਰਹਿੰਦੇ ਹੋਏ ਘੁੰਗਣੀਆਂ ਵੇਚਣ ਦਾ ਕੰਮ ਅਰੰਭਿਆ ਤੇ ਸੱਚੀ ਮਿਹਨਤ ਤੇ ਕਿਰਤ ਨੂੰ ਅਪਣਾਇਆ।  

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਲੰਮਾ ਸਮਾਂ ਗੋਇੰਦਵਾਲ ਸਾਹਿਬ ਵਿਖੇ ਬਿਤਾਇਆ ਅਤੇ ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਗੁਰੂ ਚਰਨਾਂ 'ਚ ਸਮਰਪਿਤ ਕਰ ਦਿੱਤਾ। ਤੀਜੇ ਪਾਤਸ਼ਾਹ ਜੀ ਨੇ ਉਹਨਾਂ ਦੇ ਰੂਹਾਨੀ ਗੁਣਾਂ ਨੂੰ ਪਛਾਣਿਆ ਅਤੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਸ੍ਰੀ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। 

ਅਜਿਹੀਆਂ ਅਨੇਕਾਂ ਪ੍ਰੀਖਿਆਵਾਂ 'ਚੋਂ ਚੌਥੇ ਪਾਤਸ਼ਾਹ ਜੀ ਲੰਘੇ ਜਿਹਨਾਂ ਤੋਂ ਉਹਨਾਂ ਦੀ ਅਥਾਹ ਨਿਮਰਤਾ ਪ੍ਰਤੱਖ ਸਾਹਮਣੇ ਆਈ। ਇਤਿਹਾਸ 'ਚ ਦਰਜ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨਾਲ ਭੇਟ ਸਮੇਂ ਉਹਨਾਂ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਆਪ ਜੀ ਨੇ ਇਹ ਲੰਮਾ ਦਾੜ੍ਹਾ ਕਿਉਂ ਰੱਖਿਆ ਹੈ? ਦਿਆਲਤਾ ਦੀ ਮੂਰਤ ਸ੍ਰੀ ਗੁਰੂ ਰਾਮਦਾਸ ਜੀ ਨਿਮਰਤਾ ਨਾਲ ਬੋਲੇ ਕਿ ਆਪ ਜੀ ਵਰਗੇ ਗੁਰਮੁਖਾਂ ਦੇ ਚਰਨ ਝਾੜਨ ਵਾਸਤੇ। ਇਹ ਬਚਨ ਸੁਣ ਕੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਸਤਿਕਾਰ ਨਾਲ ਕਿਹਾ ਕਿ ਹੁਣ ਤਕ ਆਪ ਜੀ ਦੀ ਮਹਿਮਾ ਸੁਣੀ ਹੀ ਸੀ, ਪਰ ਅੱਜ ਆਪਣੇ ਅੱਖੀਂ ਪ੍ਰਤੱਖ ਦੇਖ ਵੀ ਲਿਆ। 

ਪਹਿਲਾਂ ਗੁਰੂ ਕਾ ਚੱਕ ਅਤੇ ਬਾਅਦ ਵਿੱਚ ਰਾਮਦਾਸਪੁਰ ਵਜੋਂ ਜਾਣੀ ਜਾਂਦੀ ਨਗਰੀ ਵਸਾਉਣ ਵਾਲੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਹੀ ਹਨ, ਜਿਸ ਨੂੰ ਅੱਜ ਸਾਰਾ ਸੰਸਾਰ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਦਾ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਖੁਦਾਈ ਸਤਿਗੁਰਾਂ ਦੀ ਦੇਖ-ਰੇਖ ਹੇਠ ਹੀ ਹੋਈ। ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਦੀ ਸਥਾਪਨਾ ਉਪਰੰਤ ਇੱਥੇ 52 ਕਿੱਤਾਕਾਰਾਂ ਨੂੰ ਲਿਆਂਦਾ ਗਿਆ ਅਤੇ ਇਸ ਸ਼ਹਿਰ ਅੰਦਰ ਧਾਰਮਿਕ ਦੇ ਨਾਲ-ਨਾਲ ਵਪਾਰਕ ਸਰਗਰਮੀਆਂ 'ਚ ਵੀ ਵਾਧਾ ਹੋਇਆ।  

ਚੌਥੇ ਪਾਤਸ਼ਾਹ ਜੀ ਦੇ ਸਾਹਿਤ ਅਤੇ ਸੰਗੀਤ ਗਿਆਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੁੱਲ 31 ਰਾਗਾਂ ਵਿੱਚ ਹੈ, ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇਹਨਾਂ ਵਿਚੋਂ 30 ਰਾਗਾਂ ਵਿੱਚ ਉਚਾਰੀ ਗਈ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ, ਹਉਮੈ ਦੇ ਤਿਆਗ, ਪਰਮਾਤਮਾ ਦੀ ਵਡਿਆਈ, ਸਿਮਰਨ, ਸਦਾਚਾਰ ਵਰਗੇ ਗੁਣਾਂ ਦਾ ਜ਼ਿਕਰ ਹੈ।   

ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਕਦਮ ਚੁੱਕੇ, ਜਿਹਨਾਂ ਸਦਕਾ ਸਿੱਖੀ ਦਾ ਪ੍ਰਚਾਰ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ ਲੱਗਾ। ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੀ ਸਥਾਪਨਾ ਨੇ ਵੀ ਸਿੱਖੀ ਦੇ ਪ੍ਰਚਾਰ 'ਚ ਅਹਿਮ ਭੂਮਿਕਾ ਨਿਭਾਈ, ਅਤੇ ਸਿੱਖਾਂ ਦੇ ਨਾਲ-ਨਾਲ ਸਮੂਹ ਸ਼ਰਧਾਲੂਆਂ ਨੂੰ ਇੱਕ ਪ੍ਰਮੁੱਖ ਅਗਵਾਈ ਤੇ ਸ਼ਰਧਾ ਅਸਥਾਨ ਦੀ ਪ੍ਰਾਪਤੀ ਹੋਈ।