Punjabi University ਵਲੋਂ ਕੀਤੀ ਮਹਾਨਕੋਸ਼ ਦੀ ਬੇਅਦਬੀ ਦੀ Jathedar Gargajj ਨੇ ਕੀਤੀ ਨਿੰਦਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਜਥੇਦਾਰ ਗੜਗੱਜ

Jathedar Gargajj Condemns Punjabi University's Desecration of Mahankosh Latest News in Punjabi 

Jathedar Gargajj Condemns Punjabi University's Desecration of Mahankosh Latest News in Punjabi ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਸਿੱਖਾਂ ਦੀ ਅਤਿ ਅਹਿਮ ਵਿਰਾਸਤ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਹਵਾਲੇ ਵੀ ਦਿਤੇ ਗਏ ਹਨ ਅਤੇ ਇਸ ਤੋਂ ਪੁਰਾਤਨ ਇਤਿਹਾਸ ਤੇ ਸਰੋਤਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਸਾਹਿਤ ਦਾ ਇਕ ਅਨਮੋਲ ਖਜਾਨਾ ਹੈ ਜੋ ਕਿ ਸਿੱਖ ਇਤਿਹਾਸ ਦੀ ਖੋਜ ਵਿਚ ਦਿਲਚਲਪੀ ਰੱਖਣ ਵਾਲੇ ਖੋਜਾਰਥੀਆਂ ਨੂੰ ਅੱਜ ਵੀ ਸੇਧ ਦਿੰਦਾ ਹੈ।

ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਬੀਤੇ ਸਮੇਂ ਤਰੁੱਟੀਆਂ ਸਮੇਤ ਮਹਾਨਕੋਸ਼ ਪ੍ਰਕਾਸ਼ਤ ਕੀਤੇ ਗਏ ਸਨ ਜਿਸ ਦਾ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਮਾਮਲਾ ਪੰਜਾਬ ਹਰਿਆਣਾ ਉੱਚ ਅਦਾਲਤ ਵਿਚ ਪਹੁੰਚਣ ਤੋਂ ਬਾਅਦ ਇਸ ਉੱਤੇ ਰੋਕ ਲੱਗੀ ਸੀ। ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਰੁੱਟੀਆਂ ਨਾਲ ਪ੍ਰਕਾਸ਼ਤ ਕੀਤੇ ਸਿੱਖ ਸਾਹਿਤ ਦੀ ਸਸਕਾਰ ਸੇਵਾ ਕਰਨੀ ਸੀ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰ ਕੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ, ਨਾ ਕਿ ਸਿੱਖ ਰਵਾਇਤ ਤੇ ਮਰਿਆਦਾ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਸੀ। 

ਗੜਗੱਜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਸਿੱਖ ਸਾਹਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਨੂੰ ਸਿੱਖ ਵਿਦਵਾਨਾਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਤਰੁੱਟੀਆਂ ਸਮੇਤ ਪ੍ਰਕਾਸ਼ਤ ਕੀਤਾ ਅਤੇ ਹੁਣ ਅਪਣੀ ਕੀਤੀਆਂ ਗਲਤੀਆਂ ਉੱਤੇ ਪਰਦਾ ਪਾਉਣ ਲਈ ਬਹੁਤ ਹੀ ਇਤਰਾਜ਼ਯੋਗ ਤਰੀਕਾ ਵਰਤਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯੂਨੀਵਰਸਿਟੀ ਅਧਿਕਾਰੀਆਂ ਦੀ ਬੌਧਿਕ ਸਮਝ ਅਤੇ ਉਨ੍ਹਾਂ ਦੀ ਸਿੱਖ ਵਿਰਾਸਤ ਤੇ ਸਾਹਿਤ ਪ੍ਰਤੀ ਘੱਟ ਸੂਝ ਨੂੰ ਦਰਸਾਉਂਸੀ ਹੈ।

ਜਥੇਦਾਰ ਗੜਗੱਜ ਨੇ ਕਿ ਕਿਹਾ ਕਿ ਮਹਾਨਕੋਸ਼ ਦੀ ਬੇਅਦਬੀ ਦੇ ਮਾਮਲੇ ਵਿਚ ਸਿੱਖ ਵਿਦਿਆਰਥੀਆਂ ਅਤੇ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ ਤੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਪੰਜਾਬ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਯਕੀਨੀ ਬਣਾਵੇ। ਉਨ੍ਹਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੁੱਖ ਗ੍ਰੰਥੀ ਨੂੰ ਆਦੇਸ਼ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਜਿੱਥੇ ਇਹ ਗਲਤ ਕਾਰਵਾਈ ਕੀਤੀ ਗਈ ਹੈ, ਉੱਥੇ ਮੌਜੂਦ ਮਹਾਨਕੋਸ਼ ਦੀਆਂ ਸਾਰੀਆਂ ਕਾਪੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈ ਕੇ ਢੁਕਵੀਂ ਥਾਂ ਉੱਤੇ ਸਸਕਾਰ ਸੇਵਾ ਅਪਣੀ ਨਿਗਰਾਨੀ ਵਿੱਚ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਸਕਾਰ ਸੇਵਾ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਸ ਦੀ ਸਮੁੱਚੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਹੀ ਭੇਜੀ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਯੂਨੀਵਰਸਿਟੀ ਕੈਂਪਸ ਵਿੱਚ ਮੌਜੂਦ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਘਟਨਾ ਦੇ ਨਤੀਜੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰ ਕੇ ਗੁਰੂ ਸਾਹਿਬ ਜੀ ਤੋਂ ਖਿਮਾ ਜਾਚਨਾ ਅਤੇ ਅਰਦਾਸ ਬੇਨਤੀ ਕਰਨ ਦੀ ਤਾਕੀਦ ਕੀਤੀ। ਜਥੇਦਾਰ ਗੜਗੱਜ ਨੇ ਸਮੂਹ ਸਿੱਖ ਜਥੇਬੰਦੀਆਂ ਤੇ ਵਿਦਿਆਰਥੀਆਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਕੀਤੀ।

(For more news apart from stay tuned to Rozana Spokesman.)