'ਸਪੋਕਸਮੈਨ' ਵਿਚ ਲੱਗੀ ਖ਼ਬਰ ਕਾਰਨ ਗਿਆਨੀ ਠਾਕਰ ਸਿੰਘ ਮੁਆਫ਼ੀ ਮੰਗਣ ਲਈ ਹੋਇਆ ਮਜਬੂਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗੋਬਿੰਦ ਸਿੰਘ ਤੇ ਸੰਤ ਜਰਨੈਲ ਸਿੰਘ ਦੀਆਂ 6 ਮਹੀਨੇ ਚੱਲੀਆਂ ਬੈਠਕਾਂ ਤੋਂ ਬਾਅਦ ਅਕਾਲ ਤਖਤ ਢਵਾਉਣ ਦਾ ਫੈਸਲਾ ਹੋਇਆ...........

Thakur Singh

ਸ੍ਰੀ ਮੁਕਤਸਰ ਸਾਹਿਬ : ਗੁਰੂ ਗੋਬਿੰਦ ਸਿੰਘ ਤੇ ਸੰਤ ਜਰਨੈਲ ਸਿੰਘ ਦੀਆਂ 6 ਮਹੀਨੇ ਚੱਲੀਆਂ ਬੈਠਕਾਂ ਤੋਂ ਬਾਅਦ ਅਕਾਲ ਤਖਤ ਢਵਾਉਣ ਦਾ ਫੈਸਲਾ ਹੋਇਆ। ਦਮਦਮੀ ਟਕਸਾਲ ਨਾਲ ਸਬੰਧਤ ਕਥਾਕਾਰ ਗਿਆਨੀ ਠਾਕਰ ਸਿੰਘ ਦੇ ਕਲਿਪ ਰਾਹੀਂ ਇਹ ਸ਼ਬਦ ਸੰਗਤਾਂ ਨੇ ਸੁਣੇ ਤਾਂ ਹਰੇਕ ਸਿੱਖ ਦੇ ਦਿਲ ਵਿਚੋਂ ਇਹ ਹੀ ਅਵਾਜ਼ ਆਈ ਕਿਹੜਾ ਮੂਰਖ ਹੈ ਜੋ ਇਹ ਗੱਲਾਂ ਕਰ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਵਿਚ ਖਬਰ ਲੱਗਣ ਉਪਰੰਤ ਸੋਸ਼ਲ ਮੀਡੀਆ 'ਤੇ ਸਭ ਪਾਸਿਓਂ ਕਥਿਤ ਗਿਆਨੀ ਠਾਕਰ ਸਿੰਘ ਨੂੰ ਵੱਡੇ ਪੱਧਰ 'ਤੇ ਲਾਹਨਤਾਂ ਪਾਈਆਂ ਗਈਆਂ।

ਸੰਗਤਾਂ ਦੇ ਇਸ ਰੋਹ ਅੱਗੇ ਉਕਤ ਗਿਆਨੀ ਜ਼ਿਆਦਾ ਦੇਰ ਠਹਿਰ ਨਾ ਸਕਿਆ ਤੇ ਸੁਪਰ-ਗੱਪ ਮਾਰਨ ਦੀ ਮੁਆਫੀ ਮੰਗ ਲਈ। ਪੰਥਕ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਨੇ ਗਿਆਨੀ ਠਾਕਰ ਸਿੰਘ ਦੇ ਬਿਆਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਸ 'ਤੇ ਤਰਸ ਹੀ ਆਉਂਦਾ ਹੈ, ਕਿ ਇਹ ਅੱਜ 21ਵੀਂ ਸਦੀ ਵਿਚ 12ਵੀਂ ਸਦੀ ਦੀਆਂ ਗੱਲਾਂ ਕਰਦਾ ਹੈ। ਅਜਿਹੇ ਝੂਠ ਬੋਲਣ ਤੇ ਫਿਰ ਮਾਫੀਆਂ ਤਾਂ ਮੰਗਣੀਆਂ ਹੀ ਪੈਣੀਆਂ ਹਨ।

ਉਨ੍ਹਾਂ ਕਿਹਾ ਕਿ ਉਕਤ ਗਿਆਨੀ ਨੇ ਕਿਹੜਾ ਅੱਜ ਪਹਿਲੀ ਵਾਰ ਗੱਪ ਮਾਰਿਆ, ਪਰ ਇਸ ਵਾਰ ਗੱਪ ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ ਤੇ ਸੰਤ ਜਰਨੈਲ ਸਿੰਘ ਬਾਰੇ ਮਾਰ ਬੈਠਾ ਜਿਥੇ ਉਹ ਫਸ ਗਿਆ ਨਹੀਂ ਤਾਂ ਬਿਨਾਂ ਸੋਚੇ ਸਮਝੇ ਬਿਨਾਂ ਬੱਚੇਦਾਨੀ ਦੇ ਜੌੜੇ ਬੱਚੇ ਹੋਣ, ਬਾਬਿਆਂ ਦੇ ਕਹਿਣ ਤੇ ਪੁਲ ਚੌੜਾ ਹੋ ਗਿਆ, ਸਸ਼ਤਰ ਮਾਲਾ ਦਾ ਪਾਠ ਕਰਨ ਤੇ ਕੁੱਤਾ ਮਾਰ ਦੇਣ ਵਰਗੇ ਗੱਪ ਤਾਂ ਉਸ ਦੇ ਚੱਲ ਹੀ ਰਹੇ ਸਨ।  ਹੈਰਾਨੀ ਦੀ ਗੱਲ ਹੈ ਕਿ ਸਿੱਖ ਸੰਗਤਾਂ ਨੇ ਉਕਤ ਗੱਪ ਹਜਮ ਵੀ ਕਰ ਲਏ ਸਨ।

ਇਸ ਗਿਆਨੀ ਵੱਲੋਂ ਮਾਰੇ ਜਾਂਦੇ ਗੱਪਾਂ ਬਾਰੇ ਦਮਦਮੀ ਟਕਸਾਲ ਦੇ ਮੁਖੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਠਾਕਰ ਸਿੰਘ ਨੂੰ ਪਹਿਲਾਂ ਹੀ ਰੋਕਿਆ ਹੁੰਦਾ ਤਾਂ ਅੱਜ ਇਥੋਂ ਤੱਕ ਨੌਬਤ ਨਾ ਆਉਂਦੀ। ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਮੁਆਫੀ ਮੰਗਣ ਵਾਲੀ ਵੀਡੀਓ ਵਿਚ ਇੰਜ ਲਗਦਾ ਹੈ ਕਿ ਗਿਆਨੀ ਠਾਕਰ ਸਿੰਘ ਨੂੰ ਕਿਸੇ ਪਾਸਿਓਂ ਚੰਗੀ ਝਾੜਝੰਬ ਕਰਨ ਉਪਰੰਤ ਮੁਆਫੀ ਮੰਗਣ ਵਾਸਤੇ ਬੈਠਾਇਆ ਗਿਆ ਹੋਵੇ।

ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਥਿਤ ਬਿਨ੍ਹਾਂ ਸਿਰ ਪੈਰ ਦੀਆਂ ਕਹਾਣੀਆਂ ਸਨਾਉਣ ਵਾਲੇ ਪ੍ਰਚਾਰਕਾਂ ਦੀ ਬਣਦੀ ਝਾੜ-ਝੰਬ ਕੀਤੀ ਜਾਵੇ ਤਾਂ ਕਿ ਦੂਸਰੇ ਅਜਿਹੀ ਸੋਚ ਦੇ ਮਾਲਕ ਵੀ ਸਿੱਧੇ ਰਾਹ 'ਤੇ ਆਉਣ ਲਈ ਮਜਬੂਰ ਹੋਣ। ਪੰਥਕ ਸਖਸ਼ੀਅਤ ਸੁਰਜੀਤ ਸਿੰਘ ਅਰਾਈਆਂ ਵਾਲੇ ਦਾ ਕਹਿਣਾ ਹੈ ਕਿ ਅਜਿਹੇ ਅਖੌਤੀ ਪ੍ਰਚਾਰਕਾਂ ਨੇ ਹੀ ਸਿੱਖ ਕੌਮ ਦਾ ਇਹ ਹਾਲ ਕੀਤਾ ਹੈ। ਅਜਿਹੇ ਪ੍ਰਚਾਰਕਾਂ ਤੋਂ ਸਿੱਖ ਪੰਥ ਨੂੰ ਜਿੰਨੀ ਜਲਦੀ ਹੋ ਸਕੇ ਖਹਿੜਾ ਛਡਾ ਲੈਣਾ ਚਾਹੀਦਾ ਹੈ ਤੇ ਆਪਣੀਆਂ ਸਟੇਜਾਂ ਤੋਂ ਪਾਸੇ ਕਰ ਦੇਣਾ ਚਾਹੀਦਾ ਹੈ।