ਪੰਜਾਬੀ ਕਿਸਾਨ ਵਿਦਰੋਹ ਦੇ ਮਹਾਨ ਨਾਇਕ ਵੀ ਹਨ ਬਾਬਾ ਬੰਦਾ ਸਿੰਘ ਬਹਾਦਰ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਪੰਜਾਬ ਦਾ ਕਿਸਾਨ ਦੇਸ਼ ਦੀ ਆਰਥਕਤਾ ਤੇ ਸਿੱਖੀ ਦੀ ਹੈ ਰੀੜ੍ਹ ਦੀ ਹੱਡੀ

Giani Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ): ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਥਾਪੇ ਪੰਥ ਦੇ ਮਹਾਨ ਜਰਨੈਲ ਤੇ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਕੇਵਲ ਨਾਨਕਸ਼ਾਹੀ ਹਲੇਮੀ ਰਾਜ ਦੇ ਹੀ ਸੰਸਥਾਪਕ ਨਹੀਂ ਸਨ, ਉਹ ਪੰਜਾਬੀ ਕਿਸਾਨ ਵਿਦਰੋਹ ਦੇ ਮਹਾਨ ਨਾਇਕ ਵੀ ਹਨ, ਕਿਉਂਕਿ ਉਨ੍ਹਾਂ ਦੇ ਰਾਜ-ਭਾਗ ਵੇਲੇ ਹੀ ਪੰਜਾਬ ਦਾ 'ਕਿਸਾਨ ਅੰਦੋਲਨ' ਉਦੋਂ ਸਿਖਰ 'ਤੇ ਪੁੱਜਾ, ਜਦੋਂ ਕਿਸਾਨੀ ਦੇ ਵੱਡੇ ਹਿੱਸੇ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲੀ। ਭਾਵੇਂ ਕਿ ਪਿੱਛੋਂ ਇਥੇ ਭਿਆਨਕ ਘੱਲ਼ੂਘਾਰੇ ਵਾਪਰੇ,

ਕਿਉਂਕਿ ਹੁਣ ਵਾਂਗ ਉਦੋਂ ਵੀ ਇਹੀ ਮੰਨਿਆ ਜਾਂਦਾ ਸੀ ਕਿ ਪੰਜਾਬ ਦਾ ਕਿਸਾਨ ਸਿੱਖੀ ਦੀ ਰੀੜ੍ਹ ਦੀ ਹੱਡੀ ਹੈ ਪਰ ਥੋੜ੍ਹੇ-ਚਿਰੇ ਤੇ ਛੋਟੇ ਜਿਹੇ ਨਾਨਕਸ਼ਾਹੀ ਸਿੱਖ ਰਾਜ ਦੀ ਬਦੌਲਤ ਅਜ਼ਾਦੀ ਦੀ ਜਿਹੜੀ ਚਿਣਗ ਸਿੱਖ ਮਾਨਸਿਕਤਾ 'ਚ ਬਲ ਚੁੱਕੀ ਸੀ, ਉਸ ਦੇ ਸਿੱਟੇ ਵਜੋਂ ਕਿਸਾਨ, ਦਲਿਤ ਤੇ ਹੋਰ ਵਰਗ ਛੇਤੀ ਹੀ ਸਿੱਖ ਮਿਸਲਾਂ ਦੇ ਰੂਪ 'ਚ ਲੋਕ-ਸ਼ਕਤੀ ਦਾ ਕੇਂਦਰ ਬਣ ਕੇ ਉਭਰੇ।

ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਯਾਦ ਕਰਵਾਇਆ ਕਿ ਇਹ ਵਰ੍ਹਾ ਬਾਬਾ ਜੀ ਦੇ 350 ਸਾਲਾ ਜਨਮ ਉਤਸ਼ਵ ਨੂੰ ਸਮਰਪਿਤ ਹੈ। ਕਿੰਨਾ ਚੰਗਾ ਹੋਵੇ ਜੇ ਪੰਜਾਬ ਦੇ ਕਿਸਾਨ ਅੰਦੋਲਨ ਦੀ ਅਗਵਾਈ ਦਾ ਆਦਰਸ਼ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨ ਕੇ ਉਨ੍ਹਾਂ ਵਾਂਗ ਹੀ ਸਾਰੇ ਨੌਕਰੀ-ਪੇਸ਼ਾ, ਦਲਿਤ ਤੇ ਹੋਰ ਕਿਰਤੀ ਵਰਗਾਂ ਨੂੰ ਨਾਲ ਲੈ ਕੇ ਘੋਲ ਕੀਤਾ ਜਾਵੇ,

ਕਿਉਂਕਿ ਮਸਲਾ ਕੇਵਲ ਕਿਸਾਨੀ ਦਾ ਨਹੀਂ, ਉਸ ਨਾਲ ਸਬੰਧਤ ਮੰਡੀ ਬੋਰਡ, ਮੰਡੀਆਂ ਤੇ ਖੇਤਾਂ ਆਦਿਕ 'ਚ ਨੌਕਰੀਆਂ ਕਰਨ ਵਾਲੇ ਮਜ਼ਦੂਰ ਵਰਗ ਨਾਲ ਵੀ ਜੁੜਿਆ ਹੋਇਆ ਹੈ। ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਸਥਾਨਕ ਗੁਰਦਵਾਰਾ ਕਮੇਟੀਆਂ ਤੇ ਸਿੱਖ ਡੇਰੇਦਾਰ ਅਜਿਹੀ ਸੇਵਾ ਸਹਿਜੇ ਹੀ ਨਿਭਾਅ ਸਕਦੇ ਹਨ। ਉਨ੍ਹਾਂ ਦਸਿਆ ਕਿ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ 'ਸਹੀ-ਉਲ ਅਖ਼ਬਾਰ' ਦੇ ਹਵਾਲੇ ਨਾਲ ਲਿਖਦੇ ਹਨ ਕਿ ਬਾਬਾ ਬੰਦਾ ਬਹਾਦਰ ਵੇਲੇ ਸਾਰੇ ਹੀ ਸੂਬਿਆਂ 'ਚ ਹਾਲਤ ਬੜੇ ਵਿਗੜੇ ਹੋਏ ਸਨ, ਸਰਕਾਰੀ ਅਫ਼ਸਰਾਂ ਤੇ ਜਿਮੀਦਾਰਾਂ 'ਤੇ ਕੋਈ ਕੁੰਡਾ ਨਹੀਂ ਸੀ, ਜਿਹੜੇ ਕਈ ਕਈ ਪ੍ਰਗਣਿਆਂ ਦੇ ਚੌਧਰੀ ਬਣੇ ਬੈਠੇ ਸਨ।

ਹਲਵਾਹਕ ਲੋਕਾਂ ਦੀ ਦਿਸ਼ਾ ਪ੍ਰਾਧੀਨ ਦਾਸਾਂ ਵਰਗੀ ਸੀ। ਸਿੱਖ ਚੂੰਕਿ ਬਹੁਤੇ ਕਿਸਾਨਾਂ 'ਚੋਂ ਬਣੇ ਹੋਏ ਸਨ। ਇਸ ਕਾਰਨ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੀੜ ਕਿਥੇ ਤੇ ਕਿਥੋਂ ਹੋ ਰਹੀ ਹੈ। ਇਸ ਲਈ ਹੱਥ 'ਚ ਤਾਕਤ ਆ ਜਾਣ 'ਤੇ ਸਿੱਖਾਂ ਨੇ ਜਿਹੜਾ ਕੰਮ ਸੱਭ ਤੋਂ ਪਹਿਲਾਂ ਕੀਤਾ, ਉਹ ਸੀ ਜਿਮੀਦਾਰਾਂ ਸਿਸਟਮ ਦਾ ਫਸਤਾ ਵੱਢਣਾ, ਜਿਹੜਾ ਕਿ ਮੋਦੀ ਸਰਕਾਰ ਸੱਤਾ ਬਦਲੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਵਿਕ ਕੇ ਮੁੜ ਸਥਾਪਤ ਕਰਨਾ ਚਾਹੁੰਦੀ ਹੈ

ਕਿਉਂਕਿ ਤਤਕਾਲੀ ਕਾਨੂੰਨਾਂ ਮੁਤਾਬਕ ਠੇਕੇਦਾਰ ਕੰਪਨੀਆਂ ਕਿਸਾਨਾਂ ਦੀ ਜ਼ਮੀਨ 'ਤੇ ਬੈਂਕ ਪਾਸੋਂ ਕਰਜ਼ਾ ਵੀ ਚੁਕ ਸਕਦੀਆਂ ਹਨ ਤੇ ਉਨ੍ਹਾਂ ਲਈ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਕੋਈ ਗ਼ੈਰ-ਕਾਨੂੰਨੀ ਗੁਨਾਹ ਨਹੀਂ ਹੋਵੇਗਾ। ਕਿਸਾਨਾਂ ਨਾਲ ਵੱਡਾ ਧੋਖਾ ਇਹ ਹੈ ਕਿ ਉਨ੍ਹਾਂ ਨੂੰ ਉਪਰੋਕਤ ਪੱਖੋਂ ਕਿਸੇ ਇਤਰਾਜ਼ ਸਬੰਧੀ ਅਦਾਲਤ ਜਾਣ ਦਾ ਵੀ ਅਧਿਕਾਰ ਨਹੀਂ ਹੋਵੇਗਾ। ਇਸ ਲਈ ਆਸ ਹੈ ਕਿ ਸਮੁੱਚੇ ਪੰਜਾਬੀ ਲੋਕ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਆਪੋ-ਅਪਣਾ ਯੋਗਦਾਨ ਜ਼ਰੂਰ ਪਾਉਣਗੇ।