ਗੁਰਦੁਆਰਾ ਬੰਗਲਾ ਸਾਹਿਬ ਦੀ ਆਧੁਨਿਕ ਰਸੋਈ, ਹੁਣ ਇਕ ਘੰਟੇ ’ਚ ਬਣਦਾ ਹੈ 3 ਲੱਖ ਸੰਗਤ ਲਈ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

45 ਮਿੰਟ ’ਚ 400 ਲੀਟਰ ਦਾਲ ਹੁੰਦੀ ਹੈ ਤਿਆਰ

Now langar is made in one hour for 3 lakh sangat in gurudwara Bangla Sahib

 

ਨਵੀਂ ਦਿੱਲੀ : ਅਪਣੀ ਨਿਸ਼ਕਾਮ ਸੇਵਾ ਲਈ ਦੁਨੀਆ ਭਰ ਵਿਚ ਪ੍ਰਸਿੱਧ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਇਨ੍ਹੀਂ ਦਿਨੀਂ ਅਪਣੇ ਲੰਗਰ ਬਣਾਉਣ ਦੇ ਤਰੀਕੇ ਨੂੰ ਲੈ ਕੇ ਪ੍ਰਸ਼ੰਸਾ ਬਟੋਰ ਰਿਹਾ ਹੈ। ਗੁਰਦੁਆਰਾ ਸਾਹਿਬ ਨੂੰ ਮਿਲ ਰਹੀ ਇਸ ਪ੍ਰਸ਼ੰਸਾ ਦੀ ਵਜ੍ਹਾ ਉਸ ਦੀ ਆਧੁਨਿਕ ਰਸੋਈ ਹੈ, ਜਿਥੇ 2 ਤੋਂ 3 ਲੱਖ ਸੰਗਤ ਲਈ ਲੰਗਰ ਇਕ ਘੰਟੇ ਵਿਚ ਤਿਆਰ ਹੁੰਦਾ ਹੈ, ਜਦਕਿ ਪਹਿਲਾਂ ਇਸ ਵਿਚ 3 ਤੋਂ 4 ਘੰਟੇ ਲੱਗਦੇ ਸਨ।

ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਪ੍ਰਬੰਧਕ ਹਰਪੇਜ ਸਿੰਘ ਗਿੱਲ ਨੇ ਦਸਿਆ ਕਿ ਬੰਗਲਾ ਸਾਹਿਬ ਦੀ ਰਸੋਈ ’ਚ ਲੰਗਰ ਬਣਾਉਣ ਲਈ ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਹਨ, ਜੋ ਵਿਦੇਸ਼ਾਂ ਤੋਂ ਲਿਆਂਦੀਆਂ ਗਈਆਂ ਹਨ। ਦਾਲ ਅਤੇ ਸਬਜ਼ੀ ਬਣਾਉਣ ਲਈ ਤਿੰਨ ਫ਼ਰਾਇਰ ਅਤੇ 5 ਆਧੁਨਿਕ ਕੁੱਕਰ ਇਥੇ ਲਿਆਂਦੇ ਗਏ ਹਨ। ਰੋਟੀਆਂ ਪਕਾਉਣ ਵਾਲੀ ਵੀ ਮਸ਼ੀਨ ਲਾਈ ਗਈ ਹੈ।

ਇਕ ਕੁੱਕਰ ਵਿਚ ਇਕ ਵਾਰ ’ਚ 60 ਕਿਲੋਗ੍ਰਾਮ ਕੱਚੀ ਦਾਲ ਪਕਾਈ ਜਾਂਦੀ ਹੈ ਅਤੇ 45 ਮਿੰਟ ’ਚ 400 ਲੀਟਰ ਦਾਲ ਤਿਆਰ ਹੋ ਜਾਂਦੀ ਹੈ। ਫ਼ਰਾਇਰ ’ਚ ਸੁੱਕੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਇਸ ’ਚ 1 ਘੰਟੇ ਵਿਚ 300 ਕਿਲੋਗ੍ਰਾਮ ਸਬਜ਼ੀ ਅਤੇ ਖੀਰ ਤਿਆਰ ਹੁੰਦੀ ਹੈ। ਹਰਪੇਜ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਕੋਰੋਨਾ ਕਾਲ ਵਿਚ ਗੁਰਦੁਆਰਾ ਸਾਹਿਬ ਵਿਚ ਸੇਵਾਦਾਰਾਂ ਦੀ ਘਾਟ ਹੋ ਗਈ ਸੀ। ਕੋਰੋਨਾ ਵਾਇਰਸ ਦੇ ਡਰ ਨਾਲ ਬਹੁਤ ਘੱਟ ਲੋਕ ਸੇਵਾ ਕਰਨ ਆਉਂਦੇ ਸਨ।

ਅਜਿਹੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) ਨੇ ਰਸੋਈ ਨੂੰ ਆਧੁਨਿਕ ਬਣਾਉਣ ’ਤੇ ਵਿਚਾਰ ਕੀਤਾ ਅਤੇ 31 ਦਸੰਬਰ 2020 ਨੂੰ ਆਧੁਨਿਕ ਰਸੋਈ ਬਣ ਕੇ ਤਿਆਰ ਹੋਈ। ਹਰਪੇਜ ਨੇ ਦਸਿਆ ਕਿ ਰਸੋਈ ’ਚ ਲੱਗੀਆਂ ਆਧੁਨਿਕ ਮਸ਼ੀਨਾਂ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੁੰਦੀ ਹੈ, ਸਗੋਂ ਜ਼ਿਆਦਾ ਸੇਵਾਦਾਰਾਂ ਦੀ ਵੀ ਲੋੜ ਨਹੀਂ ਪੈਂਦੀ ਹੈ। 

ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲੜਾ ਨੇ ਕਿਹਾ ਕਿ ਲੋਕ ਗੁਰੂ ਘਰ ਵਿਚ ਆਸਥਾ ਨਾਲ ਆਉਂਦੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਥੇ ਲੰਗਰ ਮਿਲੇਗਾ। ਕੋਰੋਨਾ ਕਾਲ ਦੌਰਾਨ ਜਦੋਂ ਲੋਕਾਂ ਤਕ ਲੰਗਰ ਪਹੁੰਚਾਇਆ ਜਾ ਰਿਹਾ ਸੀ ਤਾਂ ਸਾਨੂੰ ਲੱਗਾ ਕਿ ਘੱਟ ਸਮੇਂ ’ਚ ਵੱਧ ਲੰਗਰ ਬਣਾਉਣਾ ਚਾਹੀਦਾ ਹੈ, ਇਸ ਲਈ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ਨੂੰ ਆਧੁਨਿਕ ਕਰਨ ਦਾ ਮਨ ਬਣਾਇਆ। ਲੱਗਭਗ 6 ਮਹੀਨਿਆਂ ਤੋਂ ਲੰਗਰ ਹਾਲ ਸਮੇਤ ਰਸੋਈ ਨੂੰ ਆਧੁਨਿਕ ਮਸ਼ੀਨਾਂ ਨਾਲ ਲੈੱਸ ਕੀਤਾ ਗਿਆ।