ਚੰਡੀਗੜ੍ਹ 'ਚ ਸਮਾਗਮ ਦੌਰਾਨ ਭਾਈ ਖੇੜਾ ਨੇ ਭਾਈ ਹਵਾਰਾ ਨੂੰ ਕੀਤਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਸਲਝਾਉਣ.....

Jagtar Singh Hawara

ਰਈਆ : ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਸਲਝਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਅਗਵਾਈ ਹੇਠ ਬੀਤੇ ਦਿਨ ਚੰਡੀਗੜ੍ਹ ਵਿਖੇ ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਦਾ ਇਕ ਇਕੱਠ ਬੁਲਾਇਆ ਗਿਆ ਸੀ ਜਿਸ ਵਿਚ ਸਿੱਖ ਕੌਮ ਦੇ ਭਖਦੇ ਮਸਲਿਆਂ ਨੂੰ ਲੈ ਕੇ ਖੁਲ੍ਹੀ ਵਿਚਾਰ ਚਰਚਾ ਕੀਤੀ ਗਈ। ਉਧਰ ਦੂਜੇ ਪਾਸੇ ਇਸ ਕਮੇਟੀ ਦੇ ਗਠਨ ਨੂੰ ਲੈ ਕੇ ਭਾਈ ਗੁਰਦੀਪ ਸਿੰਘ ਖੇੜਾ ਜਿਨ੍ਹਾਂ ਨੇ ਸਿੱਖ ਸੰਘਰਸ਼ ਵਿਚ ਅਹਿਮ ਯੋਗਦਾਨ ਪਾਇਆ

ਅਤੇ ਇਸ ਸਮੇਂ ਸੈਂਟਰਲ ਜੇਲ ਅੰਮ੍ਰਿਤਸਰ ਤੋਂ ਪੈਰੋਲ ਉਪਰ ਛੁੱਟੀ 'ਤੇ ਆਏ ਹੋਏ ਹਨ,  ਨੇ ਅੱਜ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਸ ਕਮੇਟੀ ਦੇ ਗਠਨ ਅਤੇ ਕਲ ਦੇ ਹੋਏ ਇਸ ਇਕੱਠ ਉਪਰ ਸਵਾਲ ਕਰਦੇ ਹੋਏ ਜਥੇਦਾਰ ਭਾਈ ਹਵਾਰਾ ਨੂੰ ਸਵਾਲ ਕੀਤਾ ਕਿ ਜੇਕਰ ਸਰਬੱਤ ਖ਼ਾਲਸਾ ਵਲੋਂ ਆਪ ਜੀ ਦੀ ਥਾਂ ਥਾਪੇ ਗਏ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਿੱਖ ਕੌਮ ਦੀਆਂ ਆਸਾਂ ਉਮੀਦਾਂ ਉਪਰ ਖਰਾ ਨਹੀਂ ਉਤਰੇ ਅਤੇ ਬਾਕੀ ਜਥੇਦਾਰ ਵੀ ਕੌਮ ਨੂੰ ਸਹੀ ਦਿਸ਼ਾ ਦੇਣ ਤੋਂ ਅਸਮੱਰਥ ਹਨ ਤਾਂ ਕੌਮ ਦੀ ਅਗਵਾਈ ਕਰਨ ਲਈ ਪੰਚ ਪ੍ਰਧਾਨੀ ਦੇ ਅਸੂਲ ਮੁਤਾਬਕ ਪੰਜ ਪਿਆਰਿਆਂ ਨੂੰ ਇਹ ਸੇਵਾ ਸੌਂਪਣੀ ਚਾਹੀਦੀ ਸੀ

ਪਰ ਜਿਹੜੀ ਕਮੇਟੀ ਦਾ ਆਪ ਵਲੋਂ ਗਠਨ ਕੀਤਾ ਗਿਆ ਇਸ ਕਮੇਟੀ ਦਾ ਗਠਨ ਕਰਨ ਸਮੇਂ ਕਿਹੜੀਆਂ ਸਿੱਖ ਜਥੇਬੰਦੀਆਂ ਦੀ ਰਾਏ ਲਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿਚ ਸ਼ਾਮਲ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਪ੍ਰੋਫ਼ੈਸਰ ਭਾਈ ਬਲਜਿੰਦਰ ਸਿੰਘ ਤੋਂ ਇਲਾਵਾ ਬਾਕੀ ਮੈਂਬਰਾਂ ਦੀ ਸਿੱਖ ਕੌਮ ਨੂੰ ਕੀ ਦੇਣ ਹੈ। ਭਾਈ ਖੇੜਾ ਨੇ ਕਿਹਾ ਕਿ ਇਨ੍ਹਾਂ ਮੈਂਬਰਾਂ ਵਿਚੋਂ ਇਕ ਮੈਂਬਰ ਜੋ ਕਿ ਸਟੇਜ ਸੈਕਟਰੀ ਦੀ ਵੀ ਭੂਮਿਕਾ ਨਿਭਾ ਰਿਹਾ ਸੀ ਉਸ ਵਲੋਂ ਪੱਖਪਾਤ ਕੀਤਾ ਗਿਆ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਦਿਤਾ

ਜਿਨ੍ਹਾਂ ਦਾ ਸਮਾਗਮ ਵਿਚ ਹਾਜ਼ਰ ਸੰਗਤਾਂ ਵਿਰੋਧ ਕਰ ਰਹੀਆਂ ਸਨ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਵਿਚ ਸਿੱਖ ਬੰਦੀਆਂ ਦੀ ਜੇਲਾਂ ਵਿਚ ਹਰ ਪ੍ਰਕਾਰ ਦੀ ਮਦਦ ਕਰਨ ਵਾਲੇ ਕੁਰਬਾਨੀ ਵਾਲੇ ਸਿੱਖ ਸਨ ਉਨ੍ਹਾਂ ਦਾ ਨਾਮ ਤਕ ਵੀ ਲੈਣਾ ਮੁਨਾਸਬ ਨਹੀਂ ਸਮਝਿਆ ਗਿਆ। ਭਾਈ ਖੈੜਾ ਨੇ ਜਥੇਦਾਰ ਹਵਾਰਾ ਨੂੰ ਕਿਹਾ ਕਿ ਪਹਿਲਾਂ ਅਪਣੇ ਸਾਥੀ 'ਜਥੇਦਾਰਾਂ' ਵਿਚ ਏਕਤਾ ਕਰਵਾ ਲਉ ਬਾਕੀ ਪੂਰੀ ਕੌਮ ਦੀ ਏਕਤਾ ਤਾਂ ਬੜੀ ਦੂਰ ਦੀ ਗੱਲ ਹੈ।