ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਤੋਂ ਸੰਤੁਸ਼ਟ ਹਾਂ: ਬਲਜਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੇ ਚੋਣਾਂ ਵਿਚ ਸਹਿਯੋਗ ਦਿਤਾ ਹੈ।

Baljinder Singh

ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਕਰਵਾਉਣ ਵਾਲੇ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਇਨ੍ਹਾਂ ਚੋਣਾਂ ਨਾਲ ਸ਼ਤੁੰਸ਼ਟ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੇ ਚੋਣਾਂ ਵਿਚ ਸਹਿਯੋਗ ਦਿਤਾ ਹੈ। ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਦੀਵਾਨ ਦੀਆਂ ਲੰਮੇ ਸਮੇਂ ਤੋਂ ਬਾਅਦ ਪਹਿਲੀਆਂ ਚੋਣਾਂ ਸਨ ਜੋ ਪੂਰੀ ਤਰ੍ਹਾਂ ਪਾਰਦਰਸ਼ੀ ਸਨ। ਉਨ੍ਹਾਂ ਇਸ ਗੱਲ 'ਤੇ ਗਿਲਾ ਕੀਤਾ ਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਚੋਣਾਂ ਬਾਰੇ ਇਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਵੇਂ ਕੋਈ ਅਣਹੋਣੀ ਘਟਨਾ ਹੋਣ ਜਾ ਰਹੀ ਹੋਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਿਯੋਗ ਦਿਤਾ। 

ਦੀਵਾਨ ਦੇ ਕੁੱਝ ਮੈਬਰਾਂ ਵਲੋਂ ਧਾਰਮਕ ਤੌਰ 'ਤੇ ਕੀਤੀਆਂ ਕੂਰਹਿਤਾਂ ਬਾਰੇ ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ ਕੋਲ ਕੋਈ ਅਜਿਹਾ ਰੀਕਾਰਡ ਨਹੀਂ ਸੀ ਜਿਸ ਤੋਂ ਪਤਾ ਲੱਗੇ ਕਿ ਕਿਹੜਾ ਮੈਂਬਰ ਕਸੂਰਵਾਰ ਹੈ। ਕੁੱਝ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀਵਾਨ ਦੇ ਦਫ਼ਤਰ ਨੂੰ ਕਿਹਾ ਸੀ ਕਿ ਜਾਂਚ ਕਰ ਕੇ ਦਸਿਆ ਜਾਵੇ ਤੇ ਦੀਵਾਨ ਦੇ ਦਫ਼ਤਰ ਨੇ ਉਨ੍ਹਾਂ ਨੂੰ ਦਸਿਆ ਕਿ ਸਾਰੇ ਮੈਂਬਰਾਂ ਨੇ ਫ਼ਾਰਮ ਉ ਅਤੇ ਉ ਉ ਭਰ ਕੇ ਦਿਤਾ ਹੋਇਆ ਹੈ।  ਦੀਵਾਨ ਦੀ ਹਾਲਤ ਸੁਧਾਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਡਾ. ਸੰਤੋਖ ਸਿੰਘ ਉਨ੍ਹਾਂ ਨਾਲ ਇਸ ਸਬੰਧੀ ਵਿਚਾਰ ਕਰਨ ਤਾਂ ਉਹ ਇਹ ਸੁਝਾਅ ਜ਼ਰੂਰ ਦੇਣਗੇ ਕਿ ਇਕ ਸਕਰੀਨਿੰਗ ਕਮੇਟੀ ਦਾ ਗਠਨ ਕਰ ਕੇ ਮੈਬਰਾਂ ਦੀ ਪੜਤਾਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤਾਕਿ ਇਸ ਸੰਸਥਾ ਦਾ ਅਕਸ ਸਿੱਖ ਸੰਸਥਾ ਵਾਲਾ ਬਣਿਆ ਰਹਿ ਸਕੇ।