ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2018-19 ਦਾ ਸਲਾਨਾ ਬਜਟ ਕੀਤਾ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਾਰਾ ਸਿੰਘ ਸਮੁੰਦਰੀ ਹਾਲ ਤੋਂ ਸਾਲ 2018-19 ਲਈ ਬਜਟ ਪੇਸ਼ ਕੀਤਾ ਹੈ

SGPC

ਅੰਮ੍ਰਿਤਸਰ : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਾਲ 2018-19 ਲਈ ਅਪਣਾ 11 ਅਰਬ 59 ਕਰੋੜ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਜਟ ਵਿਚ ਐਸ.ਜੀ.ਪੀ.ਸੀ ਨੇ ਕੈਂਸਰ ਪੀੜਤਾਂ, ਸਿੱਖਿਆ, ਖਿਡਾਰੀਆਂ, ਧਰਮ ਪ੍ਰਚਾਰ, ਕੁਦਰਤੀ ਆਫ਼ਤਾਂ ਸਮੇਤ ਹੋਰ ਕਈ ਤਰ੍ਹਾਂ ਦੇ ਫੰਡ ਸ਼ਾਮਲ ਕੀਤੇ ਹਨ। ਇਸ ਤੋਂ ਇਲਾਵਾ ਐਸ.ਜੀ.ਪੀ.ਸੀ ਵੱਲੋਂ ਵਿਦੇਸ਼ਾਂ ਤੋਂ ਆਉਂਦੇ ਸੈਲਾਨੀਆਂ ਲਈ ਵਿਸ਼ੇਸ਼ ਟੂਰਿਸਟ ਗਾਈਡ ਦਾ ਪ੍ਰਬੰਧ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਹੈ। 

 

ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵਲੋਂ 2017-18 ਲਈ 1106 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ ਸੀ, ਜੋ ਕਿ ਉਸ ਤੋਂ ਪਿਛਲੇ ਸਾਲ 2016-17 ਨਾਲੋਂ 8.6 ਫੀਸਦੀ ਵਾਧੇ ਦਾ ਬਜਟ ਸੀ। ਇਸ ਸਾਲ ਵੀ ਬਜਟ 'ਚ ਪਹਿਲਾਂ ਨਾਲੋਂ ਵਾਧਾ ਕੀਤਾ ਗਿਆ ਹੈ। ਦਸ ਦਈਏ ਕਿ ਤੇਜ਼ਾ ਸਿੰਘ ਸਮੁੰਦਰੀ ਹਾਲ 'ਚ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਸੀਚੇਵਾਲ ਵਲੋਂ ਪੇਸ਼ ਕੀਤਾ ਗਿਆ ਇਹ ਬਜਟ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਕਾਰਜਕਾਲ ਦਾ ਪਹਿਲਾ ਬਜਟ ਹੈ। 

ਪਿਛਲੇ ਸਮੇਂ ਦੌਰਾਨ ਵਿਰੋਧੀਆਂ ਵਲੋਂ ਸ਼੍ਰੋਮਣੀ ਕਮੇਟੀ 'ਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਢਿੱਲਮੱਠ ਦਿਖਾਉਣ ਵਰਗੇ ਵੱਡੇ ਸਵਾਲ ਉਠਾਏ ਜਾਂਦੇ ਰਹੇ ਹਨ, ਜਿਨ੍ਹਾਂ ਵਿਚ ਸਿਕਲੀਗਰ ਸਿੱਖਾਂ ਦਾ ਮਸਲਾ ਵੀ ਅਹਿਮ ਹੈ, ਪਰ ਇਸ ਵਾਰ ਦੇਖਣਾ ਹੋਵੇਗਾ ਕਿ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਬਜਟ ਵਿਚ ਕੀਤੇ ਗਏ ਐਲਾਨਾਂ 'ਤੇ ਕਿੰਨਾ ਕੁ ਖ਼ਰੀ ਉਤਰਦੀ ਹੈ?