SGPC ਮੈਂਬਰ ਮਿੱਠੂ ਸਿੰਘ ਕਾਹਨਕੇ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਵਾਪਸ ਲੈਣ ਦੀ ਰੱਖੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਨੂੰ ਸੌਂਪਿਆ ਮੰਗ ਪੱਤਰ

Photo

 

 

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਹੰਗਾਮਾ ਹੋਇਆ। ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਵਾਪਸ ਲੈਣ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਉਨ੍ਹਾਂ ਜਥੇਦਾਰ ਨੂੰ ਚਿੱਠੀ ਲਿਖੀ। ਚਿੱਠੀ ਵਿਚ ਉਹਨਾਂ ਲਿਖਿਆ ਜਥੇਦਾਰ ਜੀ  ਲੰਘੀ 10 ਮਾਰਚ 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਅਕਾਲੀ ਦਲ ਬਾਦਲ ਨੂੰ ਮਿਲੀ ਬੁਰੀ ਹਾਰ ਤੋਂ ਬਾਅਦ ਤੁਹਾਡਾ ਇਕ ਬਿਆਨ ਆਇਆ ਸੀ ਕਿ, ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਸਾਰੇ ਅਕਾਲੀ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਤਰ ਹੋਣ।

 

ਤੁਹਾਡੀ ਇਸ ਗੱਲ ਨਾਲ ਤਾਂ ਹਰ ਸਿੱਖ ਪੂਰਾ ਇਤਫਾਕ ਰੱਖਦਾ ਹੈ ਕਿ ਪੰਜਾਬ ਵਿਚ ਸਿੱਖਾਂ ਦੇ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤ ਹੋਂਦ ਬਹੁਤ ਜ਼ਰੂਰੀ ਹੈ ਪਰ ਜਦੋਂ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਕਰਨੀ ਹੋਵੇ ਤਾਂ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਆਗੂਆਂ ਅਤੇ ਉਹਨਾਂ ਦੀਆਂ ਨੀਤੀਆਂ ਨੂੰ ਨਜ਼ਰਅੰਦਾਜ ਕਰਕੇ ਇਹੋ ਜਿਹੇ ਬਿਆਨ ਦੇਣੇ ਕਿ ਜਿਸ ਤੋਂ ਇਹ ਜਾਪਦਾ ਹੋਵੇ ਕਿ ਤੁਸੀਂ ਸਿਰਫ਼ ਇਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਨਿੰਦਣਯੋਗ ਹੈ।

ਸੰਨ 1978 ਵਿਚ ਅੰਮ੍ਰਿਤਸਰ ਦੀ ਧਰਤੀ ਤੇ ਵਾਪਰੇ ਨਕਲੀ ਨਿਰੰਕਾਰੀ ਕਾਂਡ ਦੌਰਾਨ 13 ਸਿੱਖਾਂ ਦੇ ਕਾਤਲ ਗੁਰਬਚਨ ਸਿਹੁੰ ਨਿਰੰਕਾਰੀ ਮੁਖੀ ਨੂੰ ਸੁਰੱਖਿਅਤ ਪੰਜਾਬ ਤੋਂ ਬਾਹਰ ਕੱਢਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਥ ਨਾਲ ਧੋਖੇਬਾਜੀ ਦੀ ਕਹਾਣੀ ਬਹੁਤ ਲੰਬੀ ਹੈ ਪਰ ਅਸੀਂ ਫਿਰ ਵੀ ਤੁਹਾਡੇ ਧਿਆਨ ਵਿਚ ਸੰਖੇਪ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸਤਲੁਜ ਜਮੁਨਾ ਲਿੰਕ ਨਹਿਰ ਨੂੰ ਕਢਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੇ ਰੋਲ ਤੋਂ ਲੈ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨ੍ਹਾਂ ਮੰਗਿਆਂ ਮਾਫੀ ਦੇਣ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸੰਗਤਾਂ ਉੱਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਕਿਸੇ ਹੋਰ ਦੀ ਨਹੀਂ, ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਹੀ ਸੀ। ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮਾਫੀ ਨੂੰ ਸਹੀ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚੋਂ ਇਸ਼ਤਿਹਾਰਾਂ ਉੱਤੇ 92 ਲੱਖ ਤੋਂ ਵਧੇਰੇ ਪੈਸੇ ਦੀ ਦੁਰਵਰਤੋਂ ਕਰਨ ਲਈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਕੀ ਕਦੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਤੁਸੀਂ ਤਲਬ ਕਰਨ ਦੀ ਲੋੜ ਨਹੀਂ ਸਮਝੀ?

 

 

ਮਿੱਠੂ ਸਿੰਘ ਕਾਹਨੇਕੇ ਨੇ ਚਿੱਠੀ ਵਿਚ ਲਿਖਿਆ ਕੇ ਜਥੇਦਾਰ ਦੀ ਗੱਲ ਤੁਹਾਡੇ ਕਾਰਜਕਾਲ ਦੀ ਹੀ ਕਰ ਲਈਏ ਤਾਂ ਤੁਹਾਡੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮਸਲੇ ਤੇ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਪੜਤਾਲ ਕਮੇਟੀ ਦੀ 23-8-2020 ਨੂੰ ਜਾਰੀ ਹੋਈ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ 27-8-2020 ਨੂੰ ਹੋਈ ਮੀਟਿੰਗ ਵਿਚ ਮਤਾ ਨੰਬਰ 466 ਰਾਹੀਂ ਪੜਤਾਲ ਰਿਪੋਰਟ ਵਿਚ ਨਾਮਜ਼ਦ ਕੀਤੇ ਗਏ ਦੋਸ਼ੀ ਕਰਮਚਾਰੀਆਂ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਆਰਡਰ ਨੰਬਰ 1305 ਰਾਹੀਂ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਨ ਬਾਰੇ ਕਾਰਵਾਈ ਸ਼ੁਰੂ ਕਰਨ ਬਾਰੇ ਵੀ ਲਿਖ ਦਿੱਤਾ ਗਿਆ ਸੀ ਪਰ ਇਸ ਤੇ ਸਿਆਸੀ ਦਬਾਅ ਕਾਰਨ ਅਮਲ ਨਹੀਂ ਹੋ ਸਕਿਆ।

ਕੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਸ਼੍ਰੋਮਣੀ ਕਮੇਟੀ ਨੂੰ ਇਸ ਵਾਸਤੇ ਕਦੇ ਤਲਬ ਕੀਤਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਕਰਨ ਦੇ ਮਾਮਲੇ ਵਿਚ ਦੋਸ਼ੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਦੇ ਵਿਰੁੱਧ ਐਫ.ਆਈ, ਆਰ.ਕਿਉਂ ਦਰਜ ਨਹੀਂ ਕੀਤੀ? ਸ਼ਾਇਦ ਇਸ ਤਰ੍ਹਾਂ ਇਸ ਕਰਕੇ ਨਹੀਂ ਹੋ ਸਕਿਆ ਕਿ ਜੇਕਰ ਦੋਸ਼ੀ ਕਰਮਚਾਰੀਆਂ ਵਿਰੁੱਧ ਪੁਲਿਸ ਮੁਕੱਦਮੇ ਦਰਜ ਹੋ ਗਏ ਤਾਂ ਉਨ੍ਹਾਂ ਦੀ ਪੁੱਛ ਪੜਤਾਲ ਤੋਂ ਉਹ ਅਸਲੀ ਦੋਸ਼ੀ ਸਿਆਸੀ ਆਗੂ ਸਾਹਮਣੇ ਆ ਜਾਣਗੇ, ਜਿਨ੍ਹਾਂ ਦੇ ਇਸ਼ਾਰਿਆਂ ਤੇ ਕਰਮਚਾਰੀਆਂ ਨੇ ਬਿਨਾਂ ਰਿਕਾਰਡ ਦਰਜ ਕੀਤਿਆਂ ਪਾਵਨ ਸਰੂਪ ਅਣਪਛਾਤੇ ਲੋਕਾਂ ਨੂੰ ਦੇ ਦਿੱਤੇ ਸਨ।

ਇਸ ਤੋਂ ਵੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ 1997 ਤੋਂ 2002 ਅਤੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਿਰਫ ਆਪਣੀ ਕੁਰਸੀ ਬਚਾਉਣ ਲਈ ਪੰਥ ਨੂੰ ਬਿਲਕੁਲ ਹੀ ਵਿਸਾਰ ਦੇਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਕੌਣ ਦੇਵੇਗਾ? ਜਥੇਦਾਰ ਸਾਹਿਬ, ਬਾਦਲ ਪਰਿਵਾਰ ਤੇ ਇਸ ਦੀ ਜੀ ਹਜ਼ੂਰੀ ਵਾਲੀ ਲੀਡਰਸ਼ਿਪ ਦੀ ਪੰਥ ਤੇ ਪੰਜਾਬ ਨਾਲ ਧੋਖੇਬਾਜੀ ਦੀ ਦਾਸਤਾਨ ਬਹੁਤ ਲੰਬੀ ਹੈ ਜਿਸ ਤੋਂ ਹਰੇਕ ਸਿੱਖ ਭਲੀਭਾਂਤ ਜਾਣੂ ਵੀ ਹੈ ਪਰ ਤੁਹਾਨੂੰ ਵੀ ਉਸ ਨਕਾਰੀ ਜਾ ਚੁੱਕੀ ਲੀਡਰਸ਼ਿਪ ਦੀ ਢਾਲ ਬਣਨ ਦੀ ਬਜਾਇ ਅੱਜ ਜਿਸ ਸਥਿਤੀ ਵਿਚ ਅਕਾਲੀ ਦਲ ਪੁੱਜ ਚੁੱਕਾ ਹੈ, ਇਸ ਥਾਂ ਤੱਕ ਪਹੁੰਚਾਉਣ ਦੇ ਜ਼ਿਮੇਵਾਰ ਕਾਰਨਾਂ ਅਤੇ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਪੰਥ ਦੇ ਸਾਹਮਣੇ ਰੱਖਣਾ ਚਾਹੀਦਾ ਹੈ।

ਜਿਸ ਅਕਾਲੀ ਲੀਡਰਸ਼ਿਪ ਨੂੰ ਪੰਥ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਉਸ 'ਤੇ ਪੰਥਕ ਪਾਰਟੀ ਦੇ ਨਿਸ਼ਾਨ 'ਤੇ ਚੋਣ ਲੜਣ 'ਤੇ ਪੂਰਨ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਅਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਆਪ ਜੀ ਕੋਲੋਂ ਇਹ ਆਸ ਵੀ ਰੱਖਦੇ ਹਾਂ ਕਿ ਜੇਕਰ ਤੁਸੀਂ ਸਚਮੁਚ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫ਼ਖਰ-ਏ-ਕੌਮ ਦਾ ਖ਼ਿਤਾਬ ਤੁਰੰਤ ਵਾਪਸ ਲਵੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਵਨ ਤੇ ਸਰਵਉੱਚ ਅਹੁਦੇ ਤੇ ਕੋਈ ਯੋਗ ਤੇ ਜਰਨੈਲ ਸ਼ਖ਼ਸੀਅਤ ਬੈਠ ਸਕੇ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੀ ਹੋਵੇ।