ਗੁਰਬਾਣੀ ਵਿਚ ਅੰਮ੍ਰਿਤ ਸਰੁ ਅਤੇ ਹਰਿ ਮੰਦਰੁ ਬਾਰੇ ਭੁਲੇਖੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਮ੍ਰਿਤਸਰ 10 ਵਾਰ ਆਉਂਦਾ ਹੈ ਅਤੇ ਹਰਿਮੰਦਰ 19 ਵਾਰ ਜਦਕਿ ਅੰਮ੍ਰਿਤ ਪਦ ਇਕੱਲਾ 365 ਵਾਰ।

Sikh

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਮ੍ਰਿਤਸਰ 10 ਵਾਰ ਆਉਂਦਾ ਹੈ ਅਤੇ ਹਰਿਮੰਦਰ 19 ਵਾਰ ਜਦਕਿ ਅੰਮ੍ਰਿਤ ਪਦ ਇਕੱਲਾ 365 ਵਾਰ। ਕਈ ਸਿੱਖਾਂ ਨੂੰ ਇਹ ਟਪਲਾ ਲਗਦਾ ਹੈ ਕਿ ਇਹ ਸ਼ਬਦ ਗੁਰੂਆਂ ਨੇ ਅੰਮ੍ਰਿਤਸਰ ਸ਼ਹਿਰ ਅਤੇ ਹਰਿਮੰਦਰ ਸਾਹਿਬ (ਗੁਰਦਵਾਰੇ) ਲਈ ਵਰਤੇ ਹਨ।

ਮੇਰੀ ਜਾਣਕਾਰੀ ਵਿਚ ਆਇਆ ਹੈ ਕਿ ਇਕ ਸੱਜਣ ਨੇ ਇਸ ਵਿਸ਼ੇ ਉਪਰ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਪੀ.ਐਚ.ਡੀ. ਵੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਸ ਨੇ ਸਿੱਧ ਕਰਨਾ ਸੀ ਕਿ ਗੁਰਬਾਣੀ ਵਿਚ ਅੰਮ੍ਰਿਤਸਰ ਸ਼ਬਦ ਇਸ ਸਮੇਂ ਦੇ ਮੌਜੂਦਾ ਸ਼ਹਿਰ ਲਈ ਵਰਤਿਆ ਗਿਆ ਹੈ। ਭੋਲੇ ਸੱਜਣ ਨੂੰ ਇਹ ਸੋਝੀ ਨਹੀਂ ਸੀ ਕਿ ਅੰਮ੍ਰਿਤ ਸਰੁ ਸ਼ਬਦ ਦੀ ਵਰਤੋਂ ਬਾਬਾ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਹੋਈ ਹੈ।

ਪਹਿਲੇ 3 ਗੁਰੂਆਂ ਦੇ ਕਾਲ ਵਿਚ ਅੰਮ੍ਰਿਤਸਰ ਸ਼ਹਿਰ ਦੀ ਹੋਂਦ ਹੀ ਨਹੀਂ ਸੀ। ਚੌਥੇ ਗੁਰੂ ਰਾਮਦਾਸ ਜੀ ਨੇ ਜੋ ਨਗਰੀ ਵਸਾਈ ਉਸ ਨੂੰ ਚੱਕ ਰਾਮਦਾਸ ਕਿਹਾ ਜਾਂਦਾ ਸੀ। ਮੁਗ਼ਲ ਕਾਲ ਦੇ ਰੈਵੀਨੀਊ ਰੀਕਾਰਡ ਵਿਚ ਕਿਧਰੇ ਵੀ ਅੰਮ੍ਰਿਤਸਰ ਦਾ ਨਾਮ ਨਹੀਂ ਮਿਲਦਾ। ਹੋ ਸਕਦਾ ਹੈ ਮਿਸਲਾਂ ਦੇ ਸਮੇਂ ਜਾਂ ਰਣਜੀਤ ਸਿੰਘ ਦੇ ਰਾਜ ਕਾਲ ਵਿਚ 'ਚੱਕ ਰਾਮਦਾਸ' ਤੋਂ ਅੰਮ੍ਰਿਤਸਰ ਨਾਮ ਪ੍ਰਚਲਿਤ ਹੋਇਆ ਹੋਵੇ।

ਇਹ ਵੀ ਮੁਮਕਿਨ ਹੈ ਕਿ ਅੰਮ੍ਰਿਤ ਸਰੋਵਰ ਦੀ ਮੌਜੂਦਗੀ ਕਰ ਕੇ ਇਸ ਨੂੰ ਅੰਮ੍ਰਿਤਸਰ ਕਹਿਣ ਲੱਗ ਪਏ ਹੋਣ। ਇਹ ਇਕ ਵਖਰੀ ਖੋਜ ਦਾ ਵਿਸ਼ਾ ਹੈ। ਗੁਰਬਾਣੀ ਵਿਚ ਆਏ 'ਅੰਮ੍ਰਿਤ' ਅਤੇ 'ਸਰੁ' ਜੁੜਵੇਂ ਰੂਪ ਵਿਚ ਨਹੀਂ ਮਿਲਦੇ ਬਲਕਿ ਅਲਹਿਦਾ ਪ੍ਰੰਤੂ ਇਕੱਠੇ ਹੀ ਆਉਂਦੇ ਹਨ ਜਿਸ ਦਾ ਸ਼ਾਬਦਿਕ ਅਰਥ ਹੈ ਅੰਮ੍ਰਿਤ ਦਾ ਸਰੋਵਰ। ਗੁਰੂ ਅਮਰਦਾਸ ਅਤੇ ਰਾਮਦਾਸ ਦੀ ਬਾਣੀ ਵਿਚ ਅੰਮ੍ਰਿਤਸਰ ਦੀ ਜੋ ਵਰਤੋਂ ਹੋਈ ਹੈ, ਉਸ ਤੋਂ ਭਾਵ ਅਰਥ ਸਪੱਸ਼ਟ ਹੋ ਜਾਂਦੇ ਹਨ :

ਸਤਿਗੁਰ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ।
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮ ਦ੍ਰਿੜਾਇ।
(ਸਿਰੀ ਰਾਗ ਮ: 4, ਪੰਨਾ 40 )
ਸਤਿਗੁਰ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ।
(ਮਾਝ ਮ: 3, ਪੰਨਾ 113)

ਪਹਿਲੇ ਸ਼ਬਦ ਵਿਚ 'ਸਤਿਗੁਰੁ ਪੁਰਖੁ' ਭਾਵ ਅਕਾਲ ਪੁਰਖ ਨੂੰ ਅੰਮ੍ਰਿਤ ਦਾ ਸਰੋਵਰ ਦਸਿਆ ਗਿਆ ਹੈ ਜਿਸ ਵਿਚ ਵੱਡੇ ਭਾਗਾਂ ਵਾਲੇ ਇਸ਼ਨਾਨ ਕਰਦੇ ਹਨ। ਇਸ਼ਨਾਨ ਤੋਂ ਭਾਵ ਗੁਰਬਾਣੀ ਵਿਚ ਚੁੱਭੀ ਲਾਉਣ ਤੋਂ ਹੈ ਜਿਸ ਵਿਚ ਪਵਿੱਤਰ ਨਾਮ ਦੀ ਹੋਂਦ ਜਨਮ ਜਨਮਾਂਤਰਾਂ ਦੀ ਮਨ ਨੂੰ ਲੱਗੀ ਮੈਲ ਲਾਹ ਦਿੰਦੀ ਹੈ। ਦੂਜੇ ਸ਼ਬਦ ਵਿਚ ਗੁਰੂ ਅਮਰ ਦਾਸ ਵੀ ਸੱਚੇ ਸਤਿਗੁਰੁ ਦੇ ਅੰਮ੍ਰਿਤ ਸਰੋਵਰ ਵਿਚ ਮਨ ਦੇ ਇਸ਼ਨਾਨ ਦੀ ਗੱਲ ਕਰਦੇ ਹਨ।

ਸ੍ਰੀਰ ਦੇ ਇਸ਼ਨਾਨ ਦੀ ਗੱਲ ਨਹੀਂ ਹੋ ਰਹੀ। ਦੋਹਾਂ ਸ਼ਬਦਾਂ ਵਿਚ ਭਾਵ-ਅਰਥ ਦੀ ਸਮਾਨਤਾ ਹੈ। ਦੋ ਹੋਰ ਸ਼ਬਦ ਜੋ ਸਿੱਖ ਸੰਗਤ ਵਿਚ ਭੁਲੇਖੇ ਦਾ ਕਾਰਨ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਦੀ ਵਿਆਖਿਆ ਗ਼ਲਤ ਤਰੀਕੇ ਨਾਲ ਹੋ ਰਹੀ ਹੈ :

ਅੰਮ੍ਰਿਤ ਸਰੁ ਸਤਿਗੁਰੁ ਸਤਵਾਦੀ ਜਿਤੁ ਨਾਤੈ ਕਊਆ ਹੰਸ ਹੋਹੈ।
(ਗੂਜਰੀ ਮ: 4, ਪੰਨਾ 493)
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ।
(ਸਲੋਕ ਵਾਰਾਂ ਤੇ ਵਧੀਕ, ਮ: 3, ਪੰਨਾ 1412)

ਪਹਿਲੀ ਤੁਕ ਵਿਚ 'ਸਤਿਗੁਰੂ' ਨੂੰ ਹੀ ਅੰਮ੍ਰਿਤ ਸਰੋਵਰ ਦਸਿਆ ਗਿਆ ਹੈ ਜਦਕਿ ਆਮ ਸਿੱਖ ਇਸ ਨੂੰ ਹਰੀ ਮੰਦਰ ਸਾਹਿਬ ਦੇ ਸਰੋਵਰ ਨਾਲ ਜੋੜ ਲੈਂਦੇ ਹਨ ਅਤੇ ਸਮਝਦੇ ਹਨ ਕਿ ਪੁਰਾਤਨ ਗਾਥਾ ਅਨੁਸਾਰ ਕਊਆ ਇਸ ਵਿਚ ਚੁੱਭੀ ਲਾ ਕੇ ਹੰਸ ਬਣ ਗਿਆ ਸੀ। ਦੂਜੀ ਤੁਕ ਦਾ ਪ੍ਰਚਾਰ ਤਾਂ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਅਤੇ ਹਰ ਘਰ ਵਿਚ ਮਾਟੋ ਵਾਂਗ ਵਰਤਿਆ ਜਾ ਰਿਹਾ ਹੈ ਜਿਸ ਵਿਚ 'ਅੰਮ੍ਰਿਤਸਰ ਸਿਫਤੀ ਦਾ ਘਰ' ਰੱਖ ਕੇ 'ਲਾਹੌਰ ਸਹਰੁ' ਗਾਇਬ ਕਰ ਦਿਤਾ ਗਿਆ ਹੈ।

ਦਰਅਸਲ ਇਹ ਵਡਿਆਈ ਲਾਹੌਰ ਸ਼ਹਿਰ ਦੀ ਹੋ ਰਹੀ ਹੈ ਨਾ ਕਿ ਅੰਮ੍ਰਿਤਸਰ ਸ਼ਹਿਰ ਦੀ? ਪ੍ਰੋ. ਸਾਹਿਬ ਸਿੰਘ ਹੋਰਾਂ ਇਸ ਦੀ ਸਹੀ ਵਿਆਖਿਆ ਕੀਤੀ ਹੈ। ਬਾਕੀ ਦੇ 6 ਸ਼ਬਦਾਂ ਵਿਚ ਵੀ 'ਅੰਮ੍ਰਿਤ ਸਰੁ' ਦੀ ਵਰਤੋਂ ਹੁਣ ਵਾਲੇ ਅੰਮ੍ਰਿਤਸਰ ਸ਼ਹਿਰ ਲਈ ਨਹੀਂ ਹੋਈ। ਗੁਰੂ ਅਮਰਦਾਸ ਜੀ ਤਾਂ ਉਪਦੇਸ਼ ਕਰਦੇ ਹਨ ਕਿ ਇਹ ਅੰਮ੍ਰਿਤ ਸਰੋਵਰ ਮਨੁੱਖ ਦੇ ਸ੍ਰੀਰ ਅੰਦਰ ਹੀ ਮੌਜੂਦ ਹੈ :

ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ।
(ਮਾਰੂ ਸੋਲਹੇ, ਮ: 3, ਪੰਨਾ 1046)

ਹਰਿ ਮੰਦਰੁ ਬਾਰੇ ਭੁਲੇਖਾ 'ਹਰਿ ਮੰਦਰੁ' ਨੂੰ ਆਮ ਸਿੱਖ ਗੋਲਡਨ ਟੈਂਪਲ ਵਾਲੇ ਹਰਿਮੰਦਰ ਨਾਲ ਜੋੜ ਕੇ ਵੇਖਦਾ ਹੈ। ਦਰਅਸਲ ਗੁਰਬਾਣੀ ਵਿਚ 'ਹਰਿ ਮੰਦਰੁ' ਉਸ ਅਸਥਾਨ ਲਈ ਵਰਤਿਆ ਗਿਆ ਹੈ ਜਿਥੋਂ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਗੁਰੂ ਅਮਰਦਾਸ ਦੀ ਬਾਣੀ ਵਿਚ ਇਸ ਦੀ ਸਰਲ ਵਿਆਖਿਆ ਮਿਲ ਜਾਂਦੀ ਹੈ। 'ਹਰਿਮੰਦਰੁ' ਕੀ ਹੈ ਅਤੇ ਕਿਥੇ ਹੈ? ਹੇਠਲੇ ਸ਼ਬਦਾਂ ਵਿਚੋਂ ਟੋਹ ਪੈ ਜਾਂਦੀ ਹੈ :

ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ।
ਮਾਨਸ ਦੇਹ ਗੁਰਬਾਣੀ ਪਾਇਆ ਸਭੁ ਆਤਮ ਰਾਮੁ ਪਛਾਤਾ।
ਬਾਹਰਿ ਮੂਲ ਨ ਖੋਜੀਐ ਘਰ ਮਾਹਿ ਬਿਧਾਤਾ।
ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮ ਗਵਾਤਾ।
(ਰਾਮਕਲੀ ਮ: 3, ਪੰਨਾ 953)

ਗੁਰੂ ਅਮਰਦਾਸ ਜੀ ਦਾ ਪ੍ਰਭਾਤੀ ਰਾਗ ਵਿਚ ਇਕ ਪੂਰਾ ਸ਼ਬਦ 'ਹਰਿ ਮੰਦਰੁ' ਦੀ ਵਿਆਖਿਆ ਕਰਦਾ ਹੈ। ਇਸ ਸ਼ਬਦ ਦਵਾਰਾ ਉਪਦੇਸ਼ ਹੈ ਕਿ 'ਹਰਿ ਮੰਦਰੁ' ਮਨੁੱਖ ਦਾ ਸਰੀਰ ਹੈ। ਸ਼ਬਦ ਦੀ ਖੋਜ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਨਮੁੱਖਾਂ ਨੂੰ ਭ੍ਰਮ ਭੁਲੇਖਾ ਰਹਿੰਦਾ ਹੈ ਕਿ ਇਹ ਸ੍ਰੀਰ ਕਿਵੇਂ 'ਹਰਿ ਮੰਦਰੁ' ਹੋ ਸਕਦਾ ਹੈ?

ਦਰਅਸਲ ਇਹ ਸਾਰਾ ਜਗਤ ਹੀ ਹਰੀ ਦਾ ਮੰਦਰ (ਹਰਿ ਮੰਦਰੁ) ਹੈ ਕਿਉਂਕਿ ਹਰੀ (ਪ੍ਰਭੂ) ਇਸ ਵਿਚ ਵਿਦਮਾਨ ਹੈ ਅਤੇ ਜ਼ੱਰੇ-ਜ਼ੱਰੇ ਵਿਚ ਮੌਜੂਦ ਹੈ। ਪੂਰੇ ਸ਼ਬਦ ਦੀ ਬਜਾਏ ਕੁੱਝ ਢੁਕਵੀਆਂ ਤੁਕਾਂ ਹੇਠ ਦਰਜ ਹਨ ਜੋ ਇਸ ਪਦ ਦੀ ਪੂਰਨ ਵਿਆਖਿਆ ਕਰਦੀਆਂ ਹਨ

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ।
ਹਰਿ ਮੰਦਰ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ।
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟ ਹੋਇ।

ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ।
ਹਰਿ ਮੰਦਰੁ ਮਾਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ।
ਹਰਿ ਮੰਦਰੁ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ।
(ਪ੍ਰਭਾਤੀ ਬਿਭਾਸ ਮ: 3, ਪੰਨਾ 1346)

'ਹਰਿ ਮੰਦਰੁ' ਹਰੀ ਦਾ ਸਾਜਿਆ ਹੋਇਆ ਹੈ ਅਤੇ ਇਸ ਵਿਚ ਹਰੀ ਦਾ ਵਾਸਾ ਹੈ। ਲੋੜ ਹੈ ਕਿ ਇਸ ਸ੍ਰੀਰ ਦੀ ਸੇਵਾ ਸੰਭਾਲ ਕਰੀਏ ਕਿਉਂਕਿ ਇਸ ਵਿਚ 'ਹਰਿ ਮੰਦਰੁ' ਮੌਜੂਦ ਹੈ ਜਿਸ ਵਿਚੋਂ 'ਨਾਮ' ਦੀ ਪ੍ਰਾਪਤੀ ਹੋਣੀ ਹੈ।

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ।
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ।
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ।
(ਸਲੋਕ ਵਾਰਾਂ ਤੇ ਵਧੀਕ ਮ: 3, ਪੰਨਾ 1418)

ਪ੍ਰੋ. ਹਰਦੇਵ ਸਿੰਘ ਵਿਰਕ