ਕੈਪਟਨ ਸਰਕਾਰ ਵਲੋਂ ਜੋਧਪੁਰ ਨਜ਼ਰਬੰਦਾਂ ਨੂੰ ਰਾਹਤ, ਬਾਦਲ ਦਲ ਲਈ ਖ਼ਤਰੇ ਦਾ ਸੰਕੇਤ
ਪੰਥ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਆਗੂ ਹੁਣ ਸ਼ਸ਼ੋਪੰਜ 'ਚ!
ਕੋਟਕਪੂਰਾ, ਜੋਧਪੁਰ ਜੇਲ 'ਚ ਬੰਦ ਸਿੱਖਾਂ ਨੂੰ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਨੇ ਰਾਹਤ ਦੇਣ ਦੀ ਹਦਾਇਤ ਕੀਤੀ ਜਿਸ ਦਾ ਵਿਰੋਧ ਕਰਦਿਆਂ ਬਾਦਲ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੇ ਅਦਾਲਤ 'ਚ ਚੁਨੌਤੀ ਦੇ ਦਿਤੀ ਪਰ ਖਬਰਾਂ ਮੁਤਾਬਕ ਕੈਪਟਨ ਸਰਕਾਰ ਨੇ ਉਨ੍ਹਾਂ 40 ਨਿਰਦੋਸ਼ ਸਿੱਖਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਉਂਦਿਆਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪਣ ਦੇ ਨਾਲ-ਨਾਲ ਐਲਾਨ ਕੀਤਾ ਕਿ ਉਹ 325 ਜੋਧਪੁਰ ਦੇ ਉਨ੍ਹਾਂ ਨਜ਼ਰਬੰਦ ਸਿੱਖਾਂ ਨੂੰ ਵੀ ਮੁਆਵਜ਼ਾ ਦੇਣ ਲਈ ਵਚਨਬੱਧ ਹਨ ਜਿਨ੍ਹਾਂ ਨੇ ਭਾਵੇਂ ਅਦਾਲਤ ਦਾ ਸਹਾਰਾ ਨਾ ਵੀ ਲਿਆ ਹੋਵੇ।
ਇਹ ਬਾਦਲ ਦਲ ਲਈ ਖ਼ਤਰੇ ਦਾ ਸੰਕੇਤ ਹੈ। ਬਲਿਊ ਸਟਾਰ ਅਪ੍ਰੇਸ਼ਨ, ਨਵੰਬਰ 84 ਦਾ ਸਿੱਖ ਕਤਲੇਆਮ, ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਸਮੇਤ ਅਨੇਕਾਂ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਦੇ ਨਾਂਅ 'ਤੇ ਬਾਦਲ ਦਲ ਜਾਂ ਬਾਦਲ ਪਰਵਾਰ ਨੇ ਸਿਰਫ਼ ਸਿਆਸੀ ਰੋਟੀਆਂ ਹੀ ਸੇਕੀਆਂ।
ਕਈ ਦਹਾਕਿਆਂ ਤੋਂ ਬਾਦਲ ਪਰਵਾਰ ਵਲੋਂ ਕਾਂਗਰਸ ਨੂੰ ਸਿੱਖ ਵਿਰੋਧੀ, ਪੰਥ ਵਿਰੋਧੀ, ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ ਗਰਦਾਨ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਸਨ।
ਪੰਥ ਨੂੰ ਖ਼ਤਰਾ ਦਰਸ਼ਾ ਕੇ ਖ਼ੁਦ ਪੰਥ ਰਤਨ ਅਤੇ ਫਫ਼ਰ-ਏ-ਕੌਮ ਦੇ ਐਵਾਰਡ ਲੈਣ ਵਾਲੇ ਪਰਕਾਸ਼ ਸਿੰਘ ਬਾਦਲ ਨੇ ਅੱਜ ਤਕ ਪੰਥ ਦਾ ਭਲਾ ਕਰਨ ਵਾਲਾ ਇਕ ਵੀ ਕੰਮ ਨਹੀਂ ਕੀਤਾ ਜਿਸ ਉਤੇ ਪੰਥਦਰਦੀ ਫ਼ਖਰ ਕਰ ਸਕਦੇ ਹੋਣ। ਹੋਰਨਾ ਰਾਜਾਂ ਦੀਆਂ ਸਿਆਸੀ ਪਾਰਟੀਆਂ ਵਲੋਂ ਕਾਂਗਰਸ ਜਾਂ ਭਾਜਪਾ ਨਾਲ ਗਠਜੋੜ ਕਰਨ ਜਾਂ ਕਿਸੇ ਮੁੱਦੇ 'ਤੇ ਹਮਾਇਤ ਦੇਣ ਤੋਂ ਪਹਿਲਾਂ ਅਪਣੀਆਂ ਸ਼ਰਤਾਂ ਮੂਹਰੇ ਰੱਖ ਕੇ ਮੰਗਾਂ ਮਨਵਾਈਆਂ ਜਾਂਦੀਆਂ ਹਨ ਪਰ ਅਕਾਲੀ ਦਲ ਬਾਦਲ ਨੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਤਾਂ ਕੀ ਕਰਨਾ ਸੀ,
ਸਗੋਂ ਪੰਜਾਬ ਦੀਆਂ ਮੁਢਲੀਆਂ ਮੰਗਾਂ ਨੂੰ ਵੀ ਦਰਕਿਨਾਰ ਕਰ ਕੇ ਹਮੇਸ਼ਾ ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਕਰਨ ਦੇ ਕੀਤੇ ਐਲਾਨ ਦਾ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲ ਦੇ ਕਿਸੇ ਅਹੁਦੇਦਾਰ ਨੇ ਵਿਰੋਧ ਕਰਨ ਦੀ ਕਦੇ ਜੁਰਅੱਤ ਨਾ ਵਿਖਾਈ। ਦੇਸ਼ ਵਿਦੇਸ਼ ਦੇ ਵਿਦਵਾਨਾਂ ਨੇ ਮੋਦੀ ਸਰਕਾਰ ਦੀ ਲੰਗਰਾਂ ਤੋਂ ਜੀਐਸਟੀ ਮਾਫ ਕਰਨ ਦੀ ਕੌਝੀ ਚਾਲ ਅਤੇ ਡੂੰਘੀ ਸਾਜਿਸ਼ ਦਾ ਖੁਲਾਸਾ
ਕਰਨ ਦੇ ਬਾਵਜੂਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਮੇਤ ਮੂਹਰਲੀ ਕਤਾਰ ਦੇ ਆਗੂਆਂ ਨੇ ਖੁਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਨਾ ਦਾ ਜੀਐਸਟੀ ਦੇ ਮਾਮਲੇ 'ਚ ਪਤਾ ਨਹੀਂ ਕਿਉਂ ਧੰਨਵਾਦ ਕਰ ਦਿੱਤਾ। ਉਂਗਲਾਂ 'ਤੇ ਗਿਣੀਆਂ ਜਾਣ ਵਾਲੀਆਂ ਉਕਤ ਗੱਲਾਂ ਲਈ ਬਾਦਲ ਪਰਿਵਾਰ ਨੂੰ ਲੋਕ ਕਚਹਿਰੀ 'ਚ ਜਵਾਬਦੇਹ ਹੋਣਾ ਪਵੇਗਾ।