ਗੁਰੂ ਹਰਗੋਬਿੰਦ ਜੀ ਤੇ ਅਕਾਲ ਪੁਰਖ ਦੀ ਇਕਪੂਰਤਾ
ਗੁਰੂ ਸਾਹਿਬਾਨ ਦਾ ਸੁਨੇਹਾ ਪ੍ਰੀਤ, ਭਾਵਨਾ, ਸਹਿਜ, ਸੰਜਮ ਤੇ ਸੰਤੋਖ ਦਾ ਸੀ।
ਗਿਆਰਾਂ ਵਰਿ੍ਹਆਂ ਦੀ ਉਮਰ ਵਿਚ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਦੀ ਰਸਮ ਹੀ ਬਦਲ ਦਿਤੀ ਸੀ ਤੇ ਬਹੁਤ ਸਾਰੇ ਸਵਾਲ ਖੜੇ ਹੋ ਗਏ ਸਨ। ਸੱਭ ਤੋਂ ਵੱਡੀ ਸ਼ੰਕਾ ਸੀ ਕਿ ਕੀ ਬਾਬਾ ਨਾਨਕ ਸਾਹਿਬ ਦਾ ਚਲਾਇਆ ਸਿੱਖ ਪੰਥ ਅਪਣੇ ਸਿਧਾਂਤਾਂ ਤੋਂ ਡਗਮਗਾ ਤਾਂ ਨਹੀਂ ਰਿਹਾ? ਗੁਰੂ ਸਾਹਿਬਾਨ ਦਾ ਸੁਨੇਹਾ ਤਾਂ ਪ੍ਰੀਤ, ਭਾਵਨਾ, ਸਹਿਜ, ਸੰਜਮ ਤੇ ਸੰਤੋਖ ਦਾ ਸੀ। ਉਸ ਨਾਨਕ ਜੋਤ ਦਾ ਛੇਵਾਂ ਵਾਰਸ ਦੋ ਤਲਵਾਰਾਂ ਧਾਰਨ ਕਰ, ਸਿਰ ਤੇ ਕਲਗੀ ਲੱਗੀ ਦਸਤਾਰ ਸਜਾ ਕੇ ਸਿੱਖ ਪੰਥ ਨੂੰ ਕਿਸੇ ਨਵੀਂ ਦਿਸ਼ਾ ਵਲ ਤਾਂ ਨਹੀਂ ਲਿਜਾਣ ਵਾਲਾ?
ਪ੍ਰੀਤ ਤੇ ਸਹਿਜ ਦੀ ਅਵਸਥਾ ਵਿਚ ਸ਼ਸਤਰਾਂ ਦੀ ਕੀ ਭੂਮਿਕਾ ਹੋ ਸਕਦੀ ਹੈ? ਕੀ ਗੁਰਸਿੱਖ ਅਕਾਲ ਪੁਰਖ ਤੇ ਭਰੋਸਾ ਛੱਡ, ਸ਼ਸਤਰਾਂ ਦਾ ਬਲ ਧਾਰਨ ਕਰਨਗੇ? ਇਹ ਮਾਤਰ ਅੰਦੇਸ਼ੇ ਹੀ ਸਨ ਤੇ ਅੰਦੇਸ਼ੇ ਹੀ ਸਾਬਤ ਹੋਏ। ਗੁਰੂ ਹਰਿਗੋਬਿੰਦ ਸਾਹਿਬ ਦਾ ਤਾਂ ਪੂਰਾ ਜੀਵਨ ਹੀ ਰੱਬੀ ਭਰੋਸੇ ਦੀ ਮਹਾਨ ਗਾਥਾ ਹੈ। ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਹੀ ਪ੍ਰਮਾਤਮਾ ਦੀ ਦਾਤ ਦੇ ਰੂਪ ਵਿਚ ਵੇਖਿਆ ਗਿਆ। ਗੁਰੂ ਅਰਜਨ ਸਾਹਿਬ ਨੇ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਨੂੰ ਪ੍ਰਮਾਤਮਾ ਦੇ ਭਗਤ ਦਾ ਸੰਸਾਰ ਅੰਦਰ ਆਗਮਨ ਦਸਿਆ ਸੀ।
ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ 1॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ (ਪੰਨਾ 396)
ਗੁਰੂ ਅਰਜਨ ਸਾਹਿਬ ਦੇ ਬਚਨ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਪਰਮਾਤਮਾ ਦੇ ਹੁਕਮ ਅਨੁਸਾਰ ਸੰਸਾਰ ਵਿਚ ਆਏ ਸਨ। ਪਰਮਾਤਮਾ ਨੇ ਉਨ੍ਹਾਂ ਨੂੰ ਧਰਮ ਹਿਤ ਸੰਸਾਰਕ ਜੀਵਨ ਦਾ ਭਰਪੂਰ ਸਮਾਂ ਬਖ਼ਸ਼ਿਆ। ਆਪ ਦਾ ਗੁਰੂ ਕਾਲ 38 ਵਰਿ੍ਹਆਂ ਦਾ ਸੀ। ਆਪ ਨੇ ਸੰਸਾਰ ਅੰਦਰ ਜੋ ਸੰਕਲਪ ਪੂਰੇ ਕੀਤੇ, ਉਹ ਪ੍ਰਮਾਤਮਾ ਦੀ ਦਰਗਾਹ ਤੋਂ ਹੀ ਲਿਖਵਾ ਕੇ ਆਏ ਸਨ। ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪ੍ਰਮਾਤਮਾ ਦੇ ਭਗਤ ਦੇ ਰੂਪ ਵਿਚ ਹੋਇਆ ਤੇ ਸਾਰਾ ਜੀਵਨ ਭਗਤੀ ਵਿਚ ਹੀ ਲੱਗਾ।
ਉਨ੍ਹਾਂ ਦੇ ਸ਼ਸਤਰ, ਫ਼ੌਜ, ਜੰਗਾਂ ਸੱਭ ਭਗਤੀ ਦਾ ਹੀ ਪੱਖ ਸਨ। ਸੰਸਾਰ ਅੰਦਰ ਜਿਨ੍ਹਾਂ ਵੀ ਸ਼ਸਤਰ ਧਾਰਨ ਕੀਤੇ, ਅਪਣੇ ਨਿਜੀ ਰੁਤਬੇ, ਰਾਜ ਤੇ ਦੁਨਿਆਵੀਂ ਪਦਾਰਥਾਂ ਲਈ। ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਸਤਰ ਗ਼ਰੀਬ ਦੀ ਰਖਿਆ ਤੇ ਜਰਵਾਣੇ ਦੀ ਭਖਿਆ ਲਈ ਸਨ। ਗੁਰੂ ਸਾਹਿਬ ਕੋਲ ਕਈ ਮੌਕੇ ਆਏ ਜਦੋਂ ਉਹ ਅਪਣਾ ਰਾਜ ਕਾਇਮ ਕਰ ਸਕਦੇ ਸਨ ਪਰ ਉਨ੍ਹਾਂ ਇਸ ਵਿਚ ਕੋਈ ਦਿਲਚਸਪੀ ਨਾ ਵਿਖਾਈ ਤੇ ਫ਼ੌਜ ਸਮੇਤ ਜੰਗ ਖ਼ਤਮ ਹੁੰਦਿਆਂ ਹੀ ਪਰਤ ਆਏ। ਗੁਰੂ ਸਾਹਿਬ ਨੇ ਚਾਰ ਵੱਡੀਆਂ ਜੰਗਾਂ ਲੜੀਆਂ ਤੇ ਚਾਰੋ ਜਿੱਤੀਆਂ।
ਉਨ੍ਹਾਂ ਦੇ ਬਲ ਕਾਰਨ ਕੋਈ ਵੀ ਜੰਗ ਤਿੰਨ ਚਾਰ ਦਿਨਾਂ ਤੋਂ ਜ਼ਿਆਦਾ ਨਾ ਚੱਲੀ। ਪਰ ਗੁਰੂ ਸਾਹਿਬ ਇਸ ਨੂੰ ਪ੍ਰਮਾਤਮਾ ਦੀ ਰਖਿਆ ਤੇ ਕ੍ਰਿਪਾ ਮੰਨਦੇ ਸਨ। ਬਚਪਨ ਵਿਚ ਜਦੋਂ ਗੁਰੂ ਸਾਹਿਬ ਚੇਚਕ ਦੀ ਗੰਭੀਰ ਬੀਮਾਰੀ ਤੋਂ ਬਾਅਦ ਸਿਹਤਮੰਦ ਹੋਏ ਤਾਂ ਗੁਰੂ ਅਰਜਨ ਸਾਹਿਬ ਨੇ ਜੋ ਵਚਨ ਕੀਤੇ ਸਨ, ਉਹ ਬੜੇ ਹੀ ਗੂੜ੍ਹ ਅਰਥਾਂ ਵਾਲੇ ਸਨ।
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥
(ਪੰਨਾ 500)
ਪਿਤਾ ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਸ਼ਹੀਦੀ ਹੋਣ ਤੋਂ ਬਾਅਦ ਸ਼ਸਤਰ ਧਾਰਨ ਕਰਨਾ ਗੁਰੂ ਹਰਿਗੋਬਿੰਦ ਸਾਹਿਬ ਦੇ ਪਰਮਾਤਮਾ ਤੇ ਧਰਮ ਲਈ ਸਮਰਪਣ ਤੇ ਦ੍ਰਿੜ੍ਹ ਸੰਕਲਪ ਹੋਣ ਦਾ ਪ੍ਰਤੀਕ ਸੀ। ਅਧਰਮੀ ਸ਼ਕਤੀਆਂ ਜਦੋਂ ਵੀ ਅਜਿਹੇ ਜ਼ੁਲਮ ਕਰਦੀਆਂ ਹਨ ਤਾਂ ਉਨ੍ਹਾਂ ਦਾ ਮਕਸਦ ਧਰਮੀ ਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਲੋਕਾਂ ਦਾ ਆਤਮ ਵਿਸ਼ਵਾਸ ਤੋੜਨਾ ਹੁੰਦਾ ਹੈ। ਆਮ ਲੋਕਾਂ ਦੇ ਡਰ ਵਿਚ ਹੀ ਉਨ੍ਹਾਂ ਦੀ ਜਿੱਤ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਸਤਰ ਧਾਰਨ ਕਰਨ ਤੇ ਫ਼ੌਜ ਤਿਆਰ ਕਰਨ ਨਾਲ ਆਤਮ ਬਲ ਤੇ ਘਾਤ ਕਰਨ ਦੇ ਅਧਰਮੀਆਂ ਦੇ ਮਨਸੂਬੇ ਕਾਮਯਾਬ ਨਾ ਹੋਏ। ਸਿੱਖ ਦਾ ਆਤਮ ਬਲ ਗੁਰੂ ਸਾਹਿਬ ਦੇ ਸ਼ਸਤਰ ਧਾਰਨ ਕਰਨ ਨਾਲ ਕਾਇਮ ਹੋਇਆ ਸੀ।
ਅੱਜ ਤਕ ਧਰਮ ਧਿਆਨ, ਸਿਮਰਨ, ਤੀਰਥ ਇਸ਼ਨਾਨ ਤੇ ਪੂਜਾ ਅਸਥਾਨਾਂ ਤਕ ਸਿਮਟਿਆ ਹੋਇਆ ਸੀ। ਸਿੱਖ ਗੁਰੂ ਸਾਹਿਬਾਨ ਨੇ ਪਹਿਲੀ ਵਾਰ ਧਰਮ ਨੂੰ ਸਮਾਜਕ ਸਰੋਕਾਰਾਂ ਤੇ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਜੋੜਿਆ ਸੀ। ਜਹਾਂਗੀਰ ਨੇ ਜਦੋਂ ਗੁਰੂ ਸਾਹਿਬ ਨੂੰ ਧੋਖੇ ਨਾਲ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ ਸੀ ਤਾਂ ਗੁਰੂ ਸਾਹਿਬ ਨੇ ਜੋ ਸੰਜਮ ਤੇ ਸਹਿਜ ਵਰਤਿਆ, ਉਹ ਅਪਣੇ ਆਪ ਵਿਚ ਇਕ ਅਦੁੱਤੀ ਮਿਸਾਲ ਸੀ। ਜੋ ਗੁਰੂ ਸਾਹਿਬ ਤਲਵਾਰ ਦੇ ਇਕ ਵਾਰ ਨਾਲ ਸ਼ੇਰ ਦੇ ਦੋ ਟੁਕੜੇ ਕਰ ਕੇ ਜਹਾਂਗੀਰ ਦੀ ਜਾਨ ਬਚਾ ਸਕਦੇ ਸਨ, ਉਨ੍ਹਾਂ ਨੂੰ ਬੰਦੀ ਬਣਾਉਣਾ ਸੌਖਾ ਨਹੀਂ ਸੀ।
ਸਿੱਖ ਬਜ਼ਿੱਦ ਹੋ ਗਏ ਕਿ ਕਿਲ੍ਹੇ ਤੇ ਹਮਲਾ ਕਰ ਗੁਰੂ ਸਾਹਿਬ ਨੂੰ ਕਿਲ੍ਹੇ ਤੋਂ ਬਾਹਰ ਲੈ ਆਉਣਾ ਹੈ। ਗੁਰੂ ਹਰਿਗੋਬਿੰਦ ਸਾਹਿਬ ਸਿਰਫ਼ ਭਵਿੱਖ ਵਲ ਵੇਖ ਰਹੇ ਸਨ। ਗੁਰੂ ਸਾਹਿਬ ਨੂੰ 52 ਕੈਦੀ ਰਾਜਿਆਂ ਦੀ ਵੀ ਚਿੰਤਾ ਸੀ। ਇਸੇ ਕਾਰਨ ਉਹ ਗਵਾਲੀਅਰ ਵਿਚ ਸਹਿਜ ਭਾਵ ਨਾਲ ਰਹੇ। ਜਹਾਂਗੀਰ ਨੂੰ ਸ਼ਰਮਸਾਰ ਹੋ ਕੇ ਗੁਰੂ ਸਾਹਿਬ ਨੂੰ ਹੀ ਨਹੀਂ, ਉਨ੍ਹਾਂ ਦੇ ਕਹਿਣ ਤੇ 52 ਕੈਦੀ ਰਾਜਿਆਂ ਨੂੰ ਵੀ ਰਿਹਾਅ ਕਰਨਾ ਪਿਆ। ਉਧਰ ਗੁਰੂ ਸਾਹਿਬ ਦੀ ਗ਼ੈਰ-ਮੌਜੂਦਗੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਵੀ ਲਗਾਤਾਰ ਚਲਦੀ ਰਹੀ। ਇਹ ਘਟਨਾ ਸਿੱਖਾਂ ਅੰਦਰ ਪ੍ਰਮਾਤਮਾ ਤੇ ਭਰੋਸਾ ਰੱਖਣ ਦੀ ਸਦੀਵੀ ਵੱਡੀ ਪ੍ਰੇਰਨਾ ਬਣ ਗਈ।
ਭਾਈ ਗੁਰਦਾਸ ਜੀ ਵੱਡੇ ਸਿੱਖ ਵਿਦਵਾਨ ਸਨ, ਜਿਨ੍ਹਾਂ ਦਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਬਹੁਤ ਸਨਮਾਨ ਸੀ। ਗੁਰੂ ਹਰਿਗੋਬਿੰਦ ਸਾਹਿਬ ਵੀ ਭਾਈ ਜੀ ਨੂੰ ਪੂਰਾ ਸਨਮਾਨ ਦਿੰਦੇ ਸਨ। ਭਾਈ ਜੀ ਨੂੰ ਲੰਮੇ ਸਮੇਂ ਤਕ ਗੁਰੂ ਸਾਹਿਬ ਦੀ ਨੇੜਤਾ ਪ੍ਰਾਪਤ ਹੋਈ। ਭਾਈ ਜੀ ਨੇ ਗੁਰੂ ਸਾਹਿਬ ਵਿਚ ਪ੍ਰਮਾਤਮਾ ਦੇ ਦਰਸ਼ਨ ਕੀਤੇ।
ਏਕੰਕਾਰ ਅਕਾਰੁ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ॥
ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ॥
(ਭਾਈ ਗੁਰਦਾਸ ਜੀ, ਵਾਰ 25, ਪਉੜੀ 1)
ਬੇਸ਼ਕ ਗੁਰੂ ਹਰਿਗੋਬਿੰਦ ਸਾਹਿਬ ਦਾ ਬਾਣਾ ਰਾਜਸੀ ਸੀ ਪਰ ਭਗਤੀ ਦੀਆਂ ਕਿਰਨਾਂ ਉਸ ਬਾਣੇ ਤੋਂ ਇੰਜ ਨਿਕਲਦੀਆਂ ਸਨ ਜਿਵੇਂ ਸੂਰਜ ਸਾਰੀ ਧਰਤੀ ਤੇ ਚਾਨਣ ਕਰਦਾ ਹੈ। ਭਾਈ ਗੁਰਦਾਸ ਜੀ ਨੇ ਉਹ ਚਾਨਣ ਵੇਖ ਕੇ ਹੀ ਲਿਖਿਆ ਕਿ ਪ੍ਰਮਾਤਮਾ ਨਿਰੰਕਾਰ ਹੈ ਪਰ ਉਹ ਗੁਰੂ ਹਰਿਗੋਬਿੰਦ ਸਾਹਿਬ ਦਾ ਆਕਾਰ ਲੈ ਕੇ ਧਰਤੀ ਤੇ ਆਇਆ ਹੈ। ਪ੍ਰਮਾਤਮਾ ਨਿਰਗੁਣ ਰੂਪ ਹੈ ਪਰ ਸਰਗੁਣ ਰੂਪ ਵਿਚ ਦਰਸ਼ਨ ਦੇ ਰਿਹਾ ਹੈ। ਗੁਰੂ ਸਾਹਿਬ ਸਾਧ ਸੰਗਤ ਵਿਚ ਸ਼ਸਤਰਾਂ ਤੇ ਫ਼ੌਜਾਂ ਦੀ ਨਹੀਂ, ਗੁਰਬਾਣੀ ਤੇ ਧਰਮ ਦੀ ਚਰਚਾ ਤੇ ਵਿਆਖਿਆ ਕਰਦੇ ਸਨ।
ਇਕ ਵਾਰ ਆਪ ਸੰਗਤ ਨੂੰ ਜਪੁ ਜੀ ਸਾਹਿਬ ਦੀ ਬਾਣੀ ਦੀ ਮਹੱਤਤਾ ਦੱਸ ਰਹੇ ਸਨ ਤਾਂ ਇਕ ਸ਼ਰਧਾਲੂ ਸਿੱਖ ਭਾਈ ਗੋਪਾਲ ਜੀ ਜਪੁ ਜੀ ਸਾਹਿਬ ਦਾ ਪਾਠ ਸੁਣਾਉਣ ਲਈ ਤਿਆਰ ਹੋ ਗਏ। ਗੁਰੂ ਸਾਹਿਬ ਨੇ ਭਾਈ ਗੋਪਾਲ ਜੀ ਨੂੰ ਆਸਨ ਦੇ ਕੇ ਠੀਕ ਅਪਣੇ ਸਾਹਮਣੇ ਬਿਠਾਇਆ। ਗੁਰੂ ਸਾਹਿਬ ਬੜੀ ਇਕਾਗਰਤਾ ਨਾਲ ਭਾਈ ਗੋਪਾਲ ਜੀ ਦਾ ਪਾਠ ਸੁਣ ਰਹੇ ਸਨ। ਭਾਈ ਗੋਪਾਲ ਜੀ ਦਾ ਸ਼ੁੱਧ ਤੇ ਚਿੱਤ ਲਗਾ ਕੇ ਕੀਤਾ ਜਾ ਰਿਹਾ ਪਾਠ ਸੁਣ ਕੇ ਗੁਰੂ ਸਾਹਿਬ ਬਹੁਤ ਪ੍ਰਸ਼ੰਨ ਹੋ ਰਹੇ ਸਨ। ਗੁਰੂ ਸਾਹਿਬ ਨੇ ਸੋਚਿਆ ਕਿ ਭਾਈ ਗੋਪਾਲ ਜੀ ਤਾਂ ਉੱਚੀ ਵਡਿਆਈ ਦੇ ਹੱਕਦਾਰ ਹਨ।
ਉਨ੍ਹਾਂ ਇਥੋਂ ਤਕ ਸੋਚ ਲਿਆ ਕਿ ਭਾਈ ਗੋਪਾਲ ਜੀ ਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ। ਪਰ ਪਾਠ ਪੂਰਨ ਹੋਣ ਹੀ ਵਾਲਾ ਸੀ ਕਿ ਭਾਈ ਗੋਪਾਲ ਜੀ ਦੇ ਮਨ ਵਿਚ ਸੰਸਾਰਿਕ ਕਾਮਨਾ ਜਾਗ ਪਈ ਤਾਂ ਅੰਤਰਯਾਮੀ ਗੁਰੂ ਸਾਹਿਬ ਨੂੰ ਅਪਣਾ ਫ਼ੈਸਲਾ ਬਦਲਣਾ ਪਿਆ। ਗੁਰਬਾਣੀ ਲਈ ਏਨਾ ਪਿਆਰ ਤੇ ਭਾਵਨਾ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਵਿਚ ਨਿੱਤ ਹੀ ਪ੍ਰਗਟ ਹੁੰਦੇ ਰਹੇ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਗੁਰੂ ਹਰਿਰਾਇ ਜੀ ਨੇ ਪੁਛਿਆ ਸੀ ਕਿ ਮੁਗ਼ਲ ਬਹੁਤ ਤਾਕਤਵਰ ਹਨ।
ਜੇ ਉਹ ਚੜ੍ਹਾਈ ਕਰ ਦੇਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਦਾ ਖ਼ਦਸ਼ਾ ਨਿਵਿ੍ਰਤੀ ਕਰਦਿਆਂ ਕਿਹਾ ਸੀ ਕਿ ਜੋ ਤੁਹਾਡੇ ਵਿਰੁਧ ਦੁਸ਼ਮਣੀ ਦੀ ਭਾਵਨਾ ਮਨ ਵਿਚ ਰੱਖ ਕੇ ਆਵੇਗਾ ਉਹ ਕਦੇ ਵੀ ਤੁਹਾਨੂੰ ਜਿੱਤ ਨਹੀਂ ਸਕੇਗਾ। ਪ੍ਰਮਾਤਮਾ ਤੁਹਾਡੇ ਨਾਲ ਹੋਵੇਗਾ ਤੇ ਸਹਾਇਤਾ ਕਰੇਗਾ। ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਮਾਤਮਾ ਤੇ ਅਡੋਲ ਭਰੋਸਾ ਤੇ ਧਰਮ ਲਈ ਦ੍ਰਿੜ੍ਹ ਭਾਵਨਾ ਹੀ ਉਨ੍ਹਾਂ ਦੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦਾ ਤੇਜ ਸੀ।
ਸੰਪਰਕ : 9415960533
ਡਾ. ਸਤਿੰਦਰ ਪਾਲ ਸਿੰਘ