'ਪਟਨਾ ਸਾਹਿਬ ਤੇ ਬਿਹਾਰ ਦੇ ਗੁਰਦਵਾਰਿਆਂ ਲਈ ਬਣੇ ਵਖਰੀ ਕਮੇਟੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਵਾਂਗ ਹੀ ਆਜ਼ਾਦ ਹੋਵੇ ਇਹ ਕਮੇਟੀ

Sardar Kang During Meeting With Others

ਤਰਨਤਾਰਨ,  ਬਿਹਾਰ ਦੀ ਸੰਗਤ ਨੇ ਇਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬਿਹਾਰ ਦੇ ਗੁਰਦਵਾਰਿਆਂ ਦਾ ਪ੍ਰਬੰਧ ਚਲਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਰਜ਼ 'ਤੇ ਇਕ ਕਮੇਟੀ ਦੀ ਮੰਗ ਕੀਤੀ ਹੈ। ਸੰਗਤ ਵਲੋਂ ਮੰਗ ਕੀਤੀ ਗਈ ਇਹ ਸੰਸਥਾ ਵੀ ਸ਼੍ਰੋਮਣੀ ਕਮੇਟੀ ਵਾਂਗ ਆਜ਼ਾਦ ਅਤੇ ਖ਼ੁਦਮੁਖ਼ਤਿਆਰ ਸੰਸਥਾ ਹੋਵੇ। ਬਿਹਾਰ ਸਰਕਾਰ ਨੇ ਸੰਗਤ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਤੇ ਕਾਰਵਾਈ ਕਰਦਿਆਂ ਸਾਬਕਾ ਮੁੱਖ ਸਕੱਤਰ ਬਿਹਾਰ ਜੀ ਐਸ ਕੰਗ ਦੀ ਅਗਵਾਈ ਵਿਚ ਕੰਮ ਸ਼ੁਰੂ ਕਰਵਾ ਦਿਤਾ ਹੈ। 

ਸਰਕਾਰੀ ਤੌਰ ਤੇ ਕਿਹਾ ਗਿਆ ਹੈ ਕਿ ਕੰਗ ਸਤੰਬਰ ਵਿਚ ਬਣਨ ਜਾ ਰਹੀ ਨਵੀਂ ਕਮੇਟੀ ਨਾਲ ਸਲਾਹ ਕਰ ਕੇ ਗੁਰਦਵਾਰਾ ਐਕਟ ਦਾ ਖਰੜਾ ਤਿਆਰ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਹਾਰ ਬੋਰਡ ਦੇ ਸਾਬਕਾ ਮੈਂਬਰ ਸਰਜਿੰਦਰ ਸਿੰਘ ਨੇ ਦਸਿਆ ਕਿ ਬਿਹਾਰ ਦੇ ਸਿੱਖ ਮੰਗ ਕਰ ਰਹੇ ਸਨ ਕਿ ਬਿਹਾਰ ਵਿਚ ਇਕ ਗੁਰਦਵਾਰਾ ਪ੍ਰੰਬਧ ਲਈ ਇਕ ਖ਼ੁਦਮੁਖ਼ਤਿਆਰ ਬੋਰਡ ਦਾ ਗਠਨ ਕੀਤਾ ਜਾਵੇ ਜਿਸ ਵਿਚ ਸਰਕਾਰੀ ਦਖ਼ਲਅੰਦਾਜ਼ੀ ਨਾ ਹੋਵੇ।

ਇਸ ਮੰਗ ਨੂੰ ਲੈ ਕੇ ਪਹਿਲਾਂ ਬਿਹਾਰ ਹਾਈ ਕੋਰਟ ਵਿਚ ਸੁਰਜੀਤ ਸਿੰਘ ਨੇ 2009 ਵਿਚ ਇਕ ਅਪੀਲ ਦਾਖ਼ਲ ਕੀਤੀ ਸੀ ਜਿਸ ਦਾ 2010 ਵਿਚ ਫ਼ੈਸਲਾ ਆਇਆ ਸੀ ਕਿ ਬਿਹਾਰ ਗੁਰਦਵਾਰਾ ਐਕਟ ਤਿਆਰ ਕੀਤਾ ਜਾਵੇ ਪਰ ਇਸ 'ਤੇ ਅਮਲ ਨਹੀਂ ਹੋ ਸਕਿਆ। ਸਾਲ 2010 ਵਿਚ ਮੁੱਖ ਸਕੱਤਰ ਬਿਹਾਰ ਨੇ ਚੋਣ ਕਮਿਸ਼ਨ ਬਿਹਾਰ ਨੂੰ ਕਿਹਾ ਸੀ ਕਿ ਗੁਰਦਵਾਰਾ ਚੋਣ ਕਰਵਾਈ ਜਾਵੇ ਪਰ ਐਕਟ ਬਾਰੇ ਕੋਈ ਗੱਲ ਨਹੀਂ ਹੋ ਸਕੀ।

ਸਾਲ 2012 ਵਿਚ ਸਿੱਖ ਵੈਲਫ਼ੇਅਰ ਸੁਸਾਇਟੀ ਦੇ ਸੇਵਾ ਸਿੰਘ ਨੇ ਇਹ ਮਾਮਲਾ ਸੁਪਰੀਮ ਕੋਰਟ ਵਿਚ ਮੁੜ ਦਾਖ਼ਲ ਕੀਤਾ ਜਿਸ ਦੇ ਫ਼ੈਸਲੇ ਵਿਚ ਕੋਰਟ ਨੇ ਕਿਹਾ ਸੀ ਕਿ ਬਿਹਾਰ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਵਾਏ। ਸਰਜਿੰਦਰ ਸਿੰਘ ਨੇ ਦਸਿਆ ਕਿ ਉਸੇ ਫ਼ੈਸਲੇ 'ਤੇ ਅਮਲ ਕਰਦਿਆਂ ਅੱਜ ਕੰਗ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸਤੰਬਰ ਵਿਚ ਹੋਂਦ ਵਿਚ ਆਉਣ ਵਾਲੀ ਕਮੇਟੀ ਨਵੇਂ ਐਕਟ ਦਾ ਖਰੜਾ ਤਿਆਰ ਕਰੇਗੀ।