Panthak News: ‘ਜਥੇਦਾਰ ਨੂੰ ਵਿਦੇਸ਼ ਜਾਣ ਦੀ ਥਾਂ ਸਿੱਖ ਪੰਥ ਦਾ ਮਸਲਾ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਰਹਿਣਾ ਚਾਹੀਦਾ ਸੀ’
Panthak News: ਸਿੱਖ ਵਿਦਵਾਨ ਤੇ ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ, ਇਹ ਬੜਾ ਗੰਭੀਰ ਮਸਲਾ ਹੈ
Panthak News: ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਕੌਮ ਵਲੋਂ ਇਲਾਹੀ ਹੁਕਮ ਮੰਨੇ ਜਾਂਦੇ ਹਨ ਪਰ ਸੌਦਾ ਸਾਧ ਦੀ ਗ਼ਲਤ ਮਾਫ਼ੀ ਨੇ ਕਈ ਸ਼ੱਕ ਉਭਾਰ ਦਿਤੇ ਹਨ ਕਿ ਸਿਆਸਤਦਾਨ ਕੁੱਝ ਵੀ ਕਰਨ ਦੇ ਸਮਰੱਥ ਹਨ। ਸਿੱਖ ਵਿਦਵਾਨ ਤੇ ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ, ਇਹ ਬੜਾ ਗੰਭੀਰ ਮਸਲਾ ਹੈ ਤੇ ਜਥੇਦਾਰ ਸਾਹਿਬ ਵਿਦੇਸ਼ ਜਾਣ ਦੀ ਥਾਂ ਅਕਾਲ ਤਖ਼ਤ ਸਾਹਿਬ ’ਤੇ ਮੌਜੂਦ ਰਹਿਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਮਿਲ ਕੇ ਸੁਝਾਅ ਦੇਣ ਵਾਲੇ ਅਪਣਾ ਪੱਖ ਰੱਖ ਸਕਦੇ।
ਪਿਛਲੇ ਦਿਨੀ ਜਥੇਦਾਰ ਸਾਹਿਬ ਅਤੇ ਸੁਖਬੀਰ ਬਾਦਲ ਆਪੋ ਅਪਣੇ ਬਣੇ ਪ੍ਰੋਗਰਾਮ ਤਹਿਤ ਵਿਦੇਸ਼ ਵਿਚ ਸਨ। ਜਥੇਦਾਰ ਦੀ ਗ਼ੈਰ ਹਾਜ਼ਰੀ ’ਚ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਅਤੇ ਕੁੱਝ ਹੋਰਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਜੇਕਰ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਨਾ ਆਇਆ ਤਾਂ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਵਾਲੀ ਨੌਬਤ ਆ ਸਕਦੀ ਹੈ। ਉੱਚ ਕੋਟੀ ਦੀ ਧਾਰਮਕ ਲੀਡਰਸ਼ਿਪ ਇਹ ਵੀ ਦੋਸ਼ ਲਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਦ ਸਪੱਸ਼ਟੀਕਰਨ ਦੇਣ ਆਏ ਸਨ ਤਾਂ ਉਹ ਨਿਮਾਣੇ ਸਿੱਖ ਵਾਂਗ ਨਹੀਂ ਆਏ ਉਹ ਤਾਂ ਜਥੇਦਾਰ ਦੇ ਬਰਾਬਰ, ਉਨ੍ਹਾਂ ਦੇ ਸਾਹਮਣੇ ਬੈਠੇ ਸਨ।
ਸੁਖਬੀਰ ਨੂੰ ਖੜੇ ਹੋ ਕੇ ਝੁਕ ਕੇ ਬੜੀ ਅਦਬ-ਸਤਿਕਾਰ ਨਾਲ ਪੱਤਰ ਸੌਂਪਣਾ ਚਾਹੀਦਾ ਸੀ। ਇਹ ਵੀ ਦੋਸ਼ ਲੱਗ ਰਹੇ ਹਨ ਕਿ 2015 ਦਾ ਗੁਪਤ ਰਖਿਆ ਗਿਆ ਵੱਡੇ ਬਾਦਲ ਦਾ ਪੱਤਰ ਮੀਡੀਆ ਤਕ ਕਿਸ ਤਰ੍ਹਾਂ ਪੁੱਜ ਗਿਆ, ਇਸ ਦੀ ਜਾਂਚ ਜਥੇਦਾਰ ਸਾਹਿਬ ਨੂੰ ਕਰਵਾਉਣੀ ਚਾਹੀਦੀ ਹੈ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੇ ਕੀਤੇ ਵਾਅਦੇ ਮੁਤਾਬਕ ਦਰਬਾਰ ਸਾਹਿਬ ਤੋਂ ਚਲ ਰਹੇ ਚੈਨਲ ਨੂੰ ਬੰਦ ਨਹੀਂ ਕੀਤਾ ਗਿਆ।