ਚੰਡੀਗੜ੍ਹ ਏਅਰਪੋਰਟ ਦਾ ਨਾਂ ਬਾਬੇ ਨਾਨਕ ਦੇ ਨਾਮ 'ਤੇ ਰੱਖੋ : ਗੁਰੂ ਗ੍ਰੰਥ ਸੇਵਾ ਸੁਸਾਇਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਤੋਂ 13 ਨਵੰਬਰ ਤਕ 550 ਅੱਖਾਂ ਦਾ ਅਪ੍ਰੇਸ਼ਨ ਕਰਾਂਗੇ

Guru Granth Sewa Society

ਚੰਡੀਗੜ੍ਹ  (ਜੀ.ਸੀ.ਭਾਰਦਵਾਜ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਅਨੇਕਾਂ ਸਿੱਖ ਜਥੇਬੰਦੀਆਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਨੇ ਵੱਖੋ ਵਖਰੀਆਂ ਸੇਵਾਵਾਂ ਅਤੇ ਪ੍ਰੋਗਰਾਮ ਉਲੀਕੇ ਹਨ ਜਿਨ੍ਹਾਂ ਤਹਿਤ ਸਿਹਤ, ਸਿਖਿਆ, ਧਾਰਮਕ, ਨੈਤਿਕ ਅਤੇ ਹੋਰ ਖੇਤਰਾਂ ਵਿਚ ਯੋਗਦਾਨ ਪਾਉਣ ਲਈ ਐਲਾਨ ਕੀਤੇ ਹਨ। ਅੱਜ ਇਥੇ ਪ੍ਰੈਸ ਕਲੱਬ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਸੱਭਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਲਿਖ ਕੇ ਮੰਗ ਕੀਤੀ ਹੈ

ਕਿ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ 'ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਏਅਰਪੋਰਟ 'ਤੇ ਰੱਖਿਆ ਜਾਵੇ। ਸ. ਸੱਭਰਵਾਲ ਨੇ ਸਪਸ਼ਟ ਤੌਰ 'ਤੇ ਤਾਈਦ ਕੀਤੀ ਕਿ ਜਿਵੇਂ ਕਰਤਾਰਪੁਰ ਲਾਂਘੇ ਤਕ ਰੇਲਗੱਡੀ ਦਾ ਨਾਮ 'ਸਰਬੱਤ ਦਾ ਭਲਾ ਗੱਡੀ' ਰਖਿਆ ਹੈ ਇਸੇ ਤਰ੍ਹਾਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਵੀ ਬਦਲ ਕੇ ਗੁਰੂ ਦੇ ਨਾਂ 'ਤੇ ਰੱਖ ਦਿਤਾ ਜਾਵੇ। ਇਸ ਸੁਸਾਇਟੀ ਦੇ ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਜਿਨ੍ਹਾਂ ਵਿਚ ਸ. ਐਮ.ਪੀ.ਐਸ. ਚਾਵਲਾ ਤੇ ਹੋਰ ਸ਼ਾਮਲ ਸਨ,

ਨੇ ਇਹ ਵੀ ਦਸਿਆ ਕਿ ਇਸ ਸੰਸਥਾ ਨੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਲਈ ਮਾਹਰ ਡਾਕਟਰਾਂ ਦੀ ਦੇਖ-ਰੇਖ ਹੇਠ ਹਸਪਤਾਲ ਖੋਲ੍ਹਿਆ ਹੈ ਜਿਥੇ ਪਹਿਲੀ ਨਵੰਬਰ ਤੋਂ 13 ਤਕ 550 ਅਪ੍ਰੇਸ਼ਨ ਕੀਤੇ ਜਾਣਗੇ। ਇਨ੍ਹਾਂ ਵਿਚ ਮੋਤੀਆ, ਪਰਦਾ, ਅੱਖ ਦੇ ਡੇਲੇ ਸਬੰਧੀ ਅਪ੍ਰੇਸ਼ਨ ਸ਼ਾਮਲ ਹਨ। ਚੰਡੀਗੜ੍ਹ ਦੇ ਸੈਕਟਰ-18 ਵਿਚ ਸਥਿਤ ਇਸ ਵਿਸ਼ੇਸ਼ ਹਸਪਤਾਲ ਵਿਚ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਯੂ.ਪੀ.,ਉਤਰਾਖੰਡ, ਰਿਸ਼ੀਕੇਸ਼ ਸਮੇਤ ਹਰਿਆਣਾ, ਪੰਜਾਬ ਤੋਂ ਵੀ ਮਰੀਜ਼ ਆਉਂਦੇ ਹਨ ਜਿਨ੍ਹਾਂ ਲਈ ਮੁਫ਼ਤ ਇਲਾਜ, ਦਵਾਈਆਂ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।