ਖਾਲਸਾ ਪੰਥ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਰਦਾਸ ਕਰੇ-  ਕਰਨੈਲ ਸਿੰਘ ਪੀਰਮੁਹੰਮਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆ ਉਹਨਾਂ ਕਿਹਾ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਚੰਗੇ ਇਲਾਜ ਲਈ ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ

Jagtar Singh Hawara and Karnail Singh Peer Mohammad

ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਬੱਤ ਖਾਲਸਾ ਵਲੋਂ ਨਿਯੁਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ ਕਰਵਾਉਣ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹਨਾਂ ਦਾ ਇਲਾਜ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਕੀਤਾ ਜਾਵੇ।

ਇਹਨਾਂ ਵਿਚਾਰਾ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਕੀਤਾ।

ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆ ਉਹਨਾਂ ਕਿਹਾ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਚੰਗੇ ਇਲਾਜ ਲਈ ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਅਤੇ ਉਹਨਾਂ ਦਾ ਇਲਾਜ ਦੀਨ ਦਿਆਲ ਹਸਪਤਾਲ ਤੋਂ ਬਦਲ ਕੇ ਕਿਸੇ ਚੰਗੇ ਅਤੇ ਸਾਫ਼ ਸੁਥਰੇ ਹਸਪਤਾਲ ਵਿਚ ਕਰਵਾਇਆ ਜਾਵੇ, ਜਿੱਥੇ ਉਨ੍ਹਾਂ ਦੀ ਦੇਖ-ਰੇਖ, ਸੇਵਾ-ਸੰਭਾਲ ਅਤੇ ਚੰਗੀ ਖੁਰਾਕ ਦਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਉਹਨਾਂ ਵਲੋਂ ਮੰਗ ਕੀਤੀ ਗਈ ਕਿ ਭਾਈ ਹਵਾਰਾ ਕੋਲ ਕਿਸੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਕਿਸੇ ਨਜ਼ਦੀਕੀ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ।

ਮਿਲੀ ਜਾਣਕਾਰੀ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ਦੇ ਖੂਨ ਵਿਚ ਸੈੱਲ ਕਾਫੀ ਮਾਤਰਾ ਵਿਚ ਘੱਟ ਚੁੱਕੇ ਹਨ। ਉਹਨਾਂ ਸੈੱਲਾਂ ਦੀ ਪੂਰਤੀ ਲਈ ਚੰਗੀ ਖੁਰਾਕ ਸੇਵਾ-ਸੰਭਾਲ ਦੀ ਸਖ਼ਤ ਜ਼ਰੂਰਤ ਹੈ। ਭਾਈ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਅਤੇ ਦਿੱਲੀ ਵਾਲੇ ਸਿੰਘ ਵੀ ਹਸਪਤਾਲ ਵਿਚ ਮੌਜੂਦ ਹਨ ਪਰ ਉਹਨਾਂ ਨੂੰ ਭਾਈ ਹਵਾਰਾ ਦੇ ਕੋਲ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਕਰਨੈਲ ਸਿੰਘ ਪੀਰਮੁਹੰਮਦ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਰਦਾਸ ਕਰਨ।