ਬਰਗਾੜੀ ਮੋਰਚੇ ਦੇ 152ਵੇਂ ਦਿਨ 6 ਬੀਬੀਆਂ ਸਮੇਤ 16 ਜਣਿਆਂ ਨੇ ਦਿੱਤੀ ਗ੍ਰਿਫ਼ਤਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਇਲਾਕਿਆਂ ਤੋਂ ਆਏ 10 ਸਿੰਘਾਂ ਅਤੇ 6 ਸਿੰੰਘਣੀਆਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ

On the 152nd day of Bargadi Morcha, 16 persons including 6 women were arrested

 

ਕੋਟਕਪੂਰਾ (ਗੁਰਿੰਦਰ ਸਿੰਘ) : ਬੀਤੇ ਕਲ ਪੰਥ, ਗ੍ਰੰਥ ਅਤੇ ਕਿਸਾਨ ਬਚਾਉ ਇਕੱਠ ਵਿਚ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਤੋਂ ਵੀ ਪੁੱਜੇ ਸੰਗਤਾਂ ਦੇ ਵਿਸ਼ਾਲ ਕਾਫ਼ਲਿਆਂ ਨੇ ਸਿੱਧ ਕਰ ਦਿਤਾ ਹੈ ਕਿ ਉਹ ਬੇਅਦਬੀ ਮਾਮਲਿਆਂ ਨੂੰ ਅਪਣੇ ਮਨਾਂ ’ਚੋਂ ਉਦੋਂ ਤਕ ਨਹੀਂ ਵਿਸਾਰਣਗੇ, ਜਦੋਂ ਤਕ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। 

ਬਰਗਾੜੀ ਮੋਰਚੇ ਦੇ 152ਵੇਂ ਦਿਨ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਇਕ ਸੰਕੇਤ ਦਿਤਾ ਹੈ ਕਿ ਜੇਕਰ ਨੇੜ ਭਵਿੱਖ ਵਿਚ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ ਹੋਵੇਗਾ।

ਉਨ੍ਹਾਂ ਦਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਇਲਾਕਿਆਂ ਤੋਂ ਆਏ 10 ਸਿੰਘਾਂ ਅਤੇ 6 ਸਿੰੰਘਣੀਆਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ ਅਤੇ ਅਰਦਾਸ ਬੇਨਤੀ ਉਪਰੰਤ 149ਵੇਂ ਜੱਥੇ ਵਿਚ ਸ਼ਾਮਲ ਰਾਜਿੰਦਰ ਕੌਰ ਖ਼ਾਲਸਾ, ਅੰਗਰੇਜ ਕੌਰ ਖ਼ਾਲਸਾ, ਸੁਖਪਾਲ ਕੌਰ ਖ਼ਾਲਸਾ, ਸੁਖਵਿੰਦਰ ਕੌਰ ਖ਼ਾਲਸਾ, ਪਰਮਜੀਤ ਕੌਰ ਖ਼ਾਲਸਾ, ਸੁਖਪਾਲ ਕੌਰ ਖ਼ਾਲਸਾ ਆਦਿ ਨੇ ਅਰਦਾਸ ਬੇਨਤੀ ਉਪਰੰਤ ਕਾਫ਼ਲੇ ਦੇ ਰੂਪ ਵਿਚ ਮੋਰਚੇ ਵਾਲੇ ਸਥਾਨ ਦੇ ਨੇੜੇ ਜਾ ਕੇ ਇਨਸਾਫ਼ ਦੀ ਮੰਗ ਕਰਦਿਆਂ ਗ੍ਰਿਫ਼ਤਾਰੀ ਦਿਤੀ।