ਮੰਗਾਂ ਨੂੰ ਲੈ ਕੇ ਚਿਤਾਵਨੀ ਮਾਰਚ ਭਲਕੇ : ਭਾਈ ਮੋਹਕਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਯੂਨਾਈਟਡ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦੇ 35 ਸਾਲ ਪੂਰੇ ਹੋਣ 'ਤੇ 4 ਅਗੱਸਤ ਨੂੰ ਪੰਜਾਬ ਦੀਆਂ ਮੰਗਾਂ ਦੇ ਲਈ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪ੍ਰੰਤ ਘੰਟਾ...

Bhai Mohkam Singh

ਅੰਮ੍ਰਿਤਸਰ, 2 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਡ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦੇ 35 ਸਾਲ ਪੂਰੇ ਹੋਣ 'ਤੇ 4 ਅਗੱਸਤ ਨੂੰ ਪੰਜਾਬ ਦੀਆਂ ਮੰਗਾਂ ਦੇ ਲਈ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪ੍ਰੰਤ ਘੰਟਾ ਘਰ ਤੋਂ ਕੋਤਵਾਲੀ ਤਕ ਸ਼ਾਤਮਈ ਢੰਗ ਨਾਲ ਚਿਤਾਵਨੀ ਮਾਰਚ ਕੱਢਿਆ ਜਾਵੇਗਾ। ਇਸ ਵਿਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਯਾਦ ਕਰਾਇਆ ਜਾਵੇਗਾ ਕਿ ਭਾਵੇਂ ਮੋਰਚਾ ਸ਼ੁਰੂ ਕਰਨ ਵਾਲੇ ਪੰਜਾਬ ਦੀਆ ਮੰਗਾਂ ਤੋਂ ਟਾਲਾ ਵੱਟ ਗਏ ਹਨ ਪਰ ਉਨ੍ਹਾਂ ਦਾ ਦਲ ਉਸ ਵੇਲੇ ਤਕ ਸੰਘਰਸ਼ ਜਾਰੀ ਰਖੇਗਾ ਜਦ ਤਕ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆ।
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਦਸਿਆ ਕਿ 4 ਅਗੱਸਤ 1982 ਨੂੰ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ ਤੇ ਪਹਿਲੇ ਦਿਨ ਪੰਜ ਵਾਰੀ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਪਹਿਲੀ ਗ੍ਰਿਫ਼ਤਾਰੀ ਦਿਤੀ ਸੀ ਪਰ ਬਿਨਾਂ ਪ੍ਰਾਪਤੀ ਤੋਂ ਹੀ ਇਹ ਮੋਰਚਾ ਖ਼ਤਮ ਹੋ ਗਿਆ। ਮੋਰਚੇ ਦੇ ਡਿਕਟੇਟਰ ਤੱਤਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ।
ਮੋਰਚੇ ਦਾ ਏਜੰਡਾ ਆਨੰਦੁਪੁਰ ਸਾਹਿਬ ਦੀ ਪ੍ਰਾਪਤੀ ਸੀ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਦਿਤੇ ਜਾਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਤੇ ਜਾਣ, ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਨੂੰ ਦਿਤੇ ਜਾਣ, ਭਾਖੜਾ ਡੈਮ ਦਾ ਕੰਟਰੋਲ ਤੇ ਪੰਜਾਬ ਦੀ ਜ਼ਮੀਨ 'ਤੇ ਕਬਜ਼ਾ ਕਰ ਕੇ ਉਸਾਰਿਆ ਗਿਆ ਚੰਡੀਗੜ੍ਹ ਪੰਜਾਬ ਨੂੰ ਦੇਣਾ ਆਦਿ ਸ਼ਾਮਲ ਸੀ। ਧਰਮ ਯੁੱਧ ਮੋਰਚੇ ਵਿਚ ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਵੱਖ-ਵੱਖ ਸਿੱਖ ਸਟੂਡੈਂਟਸ ਫ਼ੈਡਰੇਸ਼ਨਾਂ ਤੇ ਹੋਰ ਵੀ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਸਨ ਅਤੇ ਇਸ ਮਾਰਚ ਵਿਚ ਸਮੂਹ ਜਥੇਬੰਦੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ।  
ਭਾਈ ਮੋਹਕਮ ਸਿੰਘ ਅਨੁਸਾਰ 4 ਅਗੱਸਤ ਨੂੰ ਯੂਨਾਈਟਡ ਅਕਾਲੀ ਦਲ ਦੇ ਆਗੂ ਵਰਕਰਾਂ ਤੇ ਸਮੱਰਥਕਾਂ ਨਾਲ ਸਵੇਰੇ 11 ਵਜੇ ਪਹਿਲਾਂ ਅਕਾਲ ਤਖ਼ਤ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਅੱਗੇ ਕਾਮਯਾਬੀ ਦੇ ਅਰਦਾਸ ਜੋਦੜੀ ਕਰਨਗੇ ਤੇ ਬਾਅਦ ਵਿਚ ਘੰਟਾ ਘਰ ਵਾਲੇ ਪਾਸੇ ਇਕੱਠੇ ਹੋ ਕੇ ਮਾਰਚ ਕਰਨਗੇ।