ਬੰਗਲੌਰ 'ਚ ਸਿੱਖ ਪਰਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ
ਦਖਣੀ ਭਾਰਤ ਦੇ ਸੂਬੇ ਕਰਨਾਟਕਾ ਦੇ ਪ੍ਰਸਿੱਧ ਸ਼ਹਿਰ ਬੰਗਲੌਰ ਵਿਚ ਕੁੱਝ ਗੁੰਡਿਆਂ ਨੇ ਭਾਰਤੀ ਫੌਜ ਦੇ ਇਕ ਕਰਨਲ ਦੇ ਦੋ ਪੁੱਤਰਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੇ...
ਅੰਮ੍ਰਿਤਸਰ, 24 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਦਖਣੀ ਭਾਰਤ ਦੇ ਸੂਬੇ ਕਰਨਾਟਕਾ ਦੇ ਪ੍ਰਸਿੱਧ ਸ਼ਹਿਰ ਬੰਗਲੌਰ ਵਿਚ ਕੁੱਝ ਗੁੰਡਿਆਂ ਨੇ ਭਾਰਤੀ ਫੌਜ ਦੇ ਇਕ ਕਰਨਲ ਦੇ ਦੋ ਪੁੱਤਰਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇੰਨੀ ਕੁੱਟਮਾਰ ਕੀਤੀ ਕਿ ਇਕ ਪੁੱਤਰ ਦੇ ਮੂੰਹ ਦੀ ਹੱਡੀ ਟੁੱਟ ਗਈ ਤੇ ਡਾਕਟਰਾਂ ਨੂੰ ਪਲੇਟਾਂ ਪਾ ਕੇ ਉਸ ਨੂੰ ਠੀਕ ਕਰਨਾ ਪਿਆ ਪਰ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਕੀਤੀ ਤੇ ਉਲਟਾ ਪੀੜਤ ਪਰਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿਤਾ।
ਇਸ ਵਿਰੁਧ ਪੀੜਤ ਪਰਵਾਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਤਕ ਪਹੁੰਚ ਕੀਤੀ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਗਲੀ ਕਾਰਵਾਈ ਲਈ ਆਦੇਸ਼ ਦਿਤੇ। ਜਥੇਦਾਰ ਗਿ. ਗੁਰਬਚਨ ਸਿੰਘ ਦੇ ਨਿਜੀ ਸਹਾਇਕ ਜਸਵਿੰਦਰ ਸਿੰਘ ਨੇ ਜਾਣਕਾਰੀ ਦਿਤੀ ਕਿ ਬੰਗਲੌਰ ਵਿਖੇ ਸੇਵਾ ਮੁਕਤੀ ਤੇ ਬਾਅਦ ਭਾਰਤੀ ਫ਼ੌਜ ਦੇ ਕਰਨਲ ਨੇ ਫ਼ਲੈਟ ਖਰੀਦਿਆ। ਕੁੱਝ ਸਮਾਂ ਸੱਭ ਠੀਕ ਰਿਹਾ ਪਰ ਲਾਗਲੇ ਫ਼ਲੈਟ ਦੀ ਵਿਕਰੀ ਹੋਣ ਤੋ ਬਾਅਦ ਗੁਆਂਢੀ ਨੇ ਸਿੱਖ ਕਰਨਲ ਦੇ ਪਰਵਾਰ ਨਾਲ ਹਮੇਸ਼ਾ ਹੀ ਲੜਾਈ ਝਗੜਾ ਜਾਰੀ ਰਖਿਆ। ਇਕ ਦਿਨ ਗਮਲਿਆਂ ਨੂੰ ਲੈ ਕੇ ਅਜਿਹਾ ਤਤਕਾਰ ਹੋਇਆ ਕਿ ਗੁਆਂਢੀ ਨੇ ਲੱਠਮਾਰ ਮੰਗਵਾਏ ਅਤੇ ਕਰਨਲ ਪਰਵਾਰ ਤੇ ਜਾਨਲੇਵਾ ਹਮਲਾ ਕਰਵਾ ਦਿਤਾ। ਇਸ ਹਮਲੇ ਵਿਚ ਕਰਨਲ ਦੇ ਬੇਟੇ ਸੁਰਿੰਦਰ ਸਿੰਘ ਉਪਲ ਤੇ ਹਰਮੀਤ ਸਿੰਘ ਉਪਲ ਗੰਭੀਰ ਰੂਪ ਵਿਚ ਫੱਟੜ ਹੋ ਗਏ। ਕਰਨਲ ਜਦ ਇਨਸਾਫ਼ ਲੈਣ ਲਈ ਥਾਣੇ ਗਿਆ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਪਾਕਿਸਤਾਨੀ ਕਹਿ ਕੇ ਜਿਥੇ ਉਨ੍ਹਾਂ ਦੀ ਤੌਹੀਨ ਕੀਤੀ ਉਥੇ ਫ਼ਲੈਟ ਛੱਡ ਕੇ ਚਲੇ ਜਾਣ ਦਾ ਫ਼ੁਰਮਾਨ ਵੀ ਜਾਰੀ ਕਰ ਦਿਤਾ। ਹੁਣ ਸਿੱਖ ਕਰਨਲ ਨੇ ਇਸ ਦੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਤੇ ਸ਼੍ਰੋਮਣੀ ਕਮੇਟੀ ਵਲੋਂ ਉਥੋਂ ਦੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੱਤਰ ਲਿਖਣ ਤੋਂ ਬਾਅਦ ਕਰੀਬ 50 ਦਿਨਾਂ ਪਿੱਛੋ ਮਾਮੂਲੀ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਤੇ ਦੋਸ਼ੀਆ ਨੂੰ ਥਾਣੇ ਵਿਚ ਹੀ ਜ਼ਮਾਨਤਾਂ ਲੈ ਕੇ ਛੱਡ ਦਿਤਾ ਗਿਆ।
ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਅਕਾਲ ਤਖ਼ਤ ਵਲੋਂ ਆਦੇਸ਼ ਜਾਰੀ ਕਰ ਦਿਤੇ ਗਏ ਹਨ ਕਿ ਦੋਸ਼ੀਆ ਵਿਰੁਧ ਲੋੜੀਂਦੀ ਕਾਰਵਾਈ ਕਰਨ ਲਈ ਕਰਨਾਟਕਾ ਸਰਕਾਰ, ਪ੍ਰਸ਼ਾਸਨ ਤੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਕਿ ਸਿੱਖ ਪਰਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਰਾਂ ਕਿਹਾ ਕਿ ਕਰਨਲ ਪਰਵਾਰ ਨੂੰ ਹਰ ਹਾਲਤ ਵਿਚ ਇਨਸਾਫ਼ ਦਿਵਾਇਆ ਜਾਵੇਗਾ।