ਕੌਮੀ ਘੱਟਗਿਣਤੀ ਕਮਿਸ਼ਨ ਦੇ ਖ਼ਾਲੀ ਪਏ ਸਿੱਖ ਮੈਂਬਰ ਦੇ ਅਹੁਦੇ ਤੁਰਤ ਭਰੇ ਜਾਣ: ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ 'ਚ ਦਿੱਲੀ ਗੁਰਦਵਾਰਾ ਕਮੇਟੀ ਦੇ...

Chandumajra

ਨਵੀਂ ਦਿੱਲੀ, 3 ਅਗੱਸਤ (ਸੁਖਰਾਜ ਸਿੰਘ): ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ 'ਚ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਬਲਵਿੰਦਰ ਸਿੰਘ ਭੁੰਦੜ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸ਼ਾਮਲ ਸਨ।
ਵਫ਼ਦ ਵਲੋਂ ਗੁਰਦਵਾਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਹਰਿਦੁਆਰ ਵਿਖੇ ਹਰਿ ਕੀ ਪੌੜ੍ਹੀ 'ਤੇ ਕਰਨ, ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਅਧਿਕਾਰਿਕ ਭਾਸ਼ਾ ਦਾ ਦਰਜਾ ਦੇਣ 'ਤੇ ਕਰਮਚਾਰੀਆਂ ਦੀ ਨਿਯੁਕਤੀ ਪੰਜਾਬ ਅਤੇ ਹਰਿਆਣਾ ਤੋਂ 60/40 ਦੇ ਅਨੁਪਾਤ 'ਚ ਕਰਨ, ਜੰਮੂ-ਕਸ਼ਮੀਰ ਵਿਚ ਵਸਦੇ ਸਿੱਖਾਂ ਨੂੰ ਘੱਟ-ਗਿਣਤੀ ਕੌਮ ਦਾ ਦਰਜਾ ਦੇਣ, ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 'ਚ ਕਾਨੂੰਨ ਅਨੁਸਾਰ ਦੋ ਸਿੱਖ ਸੰਸਦ ਮੈਂਬਰਾਂ ਨੂੰ ਮੈਂਬਰਾਂ ਵਜੋਂ ਨਾਮਜਦ ਕਰਨ ਅਤੇ ਕੌਮੀ ਘੱਟ-ਗਿਣਤੀ ਕਮਿਸ਼ਨ 'ਚ ਖਾਲੀ ਪਏ ਸਿੱਖ ਮੈਂਬਰ ਦੇ ਅਹੁਦੇ ਨੂੰ ਤੁਰਤ ਭਰਨ ਵਰਗੀਆਂ ਮੁੱਖ ਮੰਗਾਂ ਨੂੰ ਮੰਨਣ ਦੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ।
ਸ. ਜੀ.ਕੇ. ਨੇ ਦਸਿਆ ਕਿ ਸਿੱਖ ਮਸਲਿਆਂ ਦੇ ਹੱਲ ਲਈ ਅਤੇ ਕੇਂਦਰ 'ਚ ਐਨ.ਡੀ.ਏ. ਸਰਕਾਰ ਹੋਣ ਕਰ ਕੇ ਸਿੱਖ ਮਸਲਿਆਂ ਪ੍ਰਤੀ ਗੰਭੀਰਤਾ ਨਾਲ ਕਾਰਜ ਹੋਣ ਦੀ ਉਮੀਦ ਹੈ। ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਬਾਰੇ ਵਿਚਾਰਾਂ ਹੋਈਆਂ ਹਨ। ਪ੍ਰੋ. ਚੰਦੂਮਾਜਰਾ ਨੇ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 'ਚ ਦੋ ਸਿੱਖ ਸੰਸਦ ਮੈਂਬਰਾਂ ਦੀ ਮੈਂਬਰ ਵਜੋਂ ਤੁਰਤ ਨਿਯੁਕਤੀ ਦੀ ਵਕਾਲਤ ਕੀਤੀ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅੰਗਰੇਜ਼ੀ ਭਾਸ਼ਾ ਨੂੰ ਅਧਿਕਾਰਿਕ ਭਾਸ਼ਾ ਦਾ ਦਰਜਾ ਦੇਣ ਨੂੰ ਭਾਸ਼ਾ ਵਿਗਿਆਨ ਅਧਿਕਾਰ ਦੀ ਉਲੰਘਣਾ ਦਸਿਆ।  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਅਧਿਕਾਰਿਕ ਭਾਸ਼ਾ ਬਣਾ ਦਿਤਾ ਹੈ, ਉਸ ਕਰ ਕੇ ਸ਼ਹਿਰ 'ਚ ਵਸਦੇ ਪੰਜਾਬੀ ਲੋਕ ਹਿੰਦੀ ਪੜ੍ਹਨ ਨੂੰ ਮਜਬੂਰ ਹੋ ਗਏ ਹਨ ਅਤੇ ਚੰਡੀਗੜ੍ਹ 'ਚ ਰਹਿੰਦੇ 11 ਲੱਖ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ।